ਅਨੁਭਵ ਦੂਬੇ ,ਚੰਡੀਗੜ੍ਹ 23 ਸਤੰਬਰ 2023
ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਅੱਜ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਭਾਰਤ ਦੇ 653 ਮੈਂਬਰੀ ਖੇਡ ਦਲ ਵਿੱਚ 58 ਖਿਡਾਰੀ ਪੰਜਾਬ ਦੇ ਹਨ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ। ਪ੍ਰਤੀ ਖਿਡਾਰੀ 8-8 ਲੱਖ ਰੁਪਏ ਦੀ ਰਾਸ਼ੀ ਵੰਡੀ ਹੈ। ਇਸ ਤਰਾਂ ਪੰਜਾਬ ਖੇਡਾਂ ਦੀ ਤਿਆਰੀ ਕਰਨ ਲਈ ਇਨਾਮ ਰਾਸ਼ੀ ਦੇਣ ਵਾਲਾ ਪਹਿਲਾ ਸੂਬਾ ਬਣਿਆ ਹੈ। ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡੀਆ ਨਾਲ ਸਾਂਝੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਖੇਡ ਮੰਤਰੀ ਮੀਤ ਹੇਅਰ ਨੇ ਏਸ਼ਿਆਈ ਖੇਡਾਂ ਲਈ ਭਾਰਤੀ ਖੇਡ ਦਲ ਨੂੰ ਸ਼ੁਭਇੱਛਾਵਾਂ ਵੀ ਦਿੱਤੀਆਂ ਹਨ । ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਾਸ਼ੀ ਵਜੋਂ ਕ੍ਰਮਵਾਰ ਇਕ ਕਰੋੜ ਰੁਪਏ, 75 ਲੱਖ ਤੇ 50 ਲੱਖ ਰੁਪਏ ਮਿਲਣਗੇ । ਸੂਬੇ ਦੇ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਸੂਬਾ ਸਰਕਾਰ ਨੇ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਵੀ ਪ੍ਰਤੀ ਖਿਡਾਰੀ 8/8 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਹੈ। ਇਸ ਨਾਲ ਖਿਡਾਰੀਆਂ ਨੂੰ ਵੱਡਾ ਫਾਇਦਾ ਮਿਲਿਆ ਹੈ,ਹੁਣ ਖਿਡਾਰੀ ਵੀ ਨਿਸਚਿੰਤ ਹੋ ਕੇ ਸੂਬੇ ਅਤੇ ਦੇਸ਼ ਦਾ ਨਾਂ ਚਮਕਾਉਣ ਲਈ ਸਿਰਤੋੜ ਯਤਨ ਕਰਨਗੇ। ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬਣਿਆ ਹੈ ਭਾਰਤੀ ਖੇਡ ਦਲ ਦਾ ਝੰਡਾਬਰਦਾਰ
ਭਾਰਤੀ ਖੇਡ ਦਲ ਵਿੱਚ ਪੰਜਾਬ ਤੋਂ ਹਾਕੀ ਦੇ 10 ਖਿਡਾਰੀ, ਨਿਸ਼ਾਨੇਬਾਜ਼ੀ ਵਿੱਚ 9 ਖਿਡਾਰੀ, ਰੋਇੰਗ ਕ੍ਰਿਕਟ ਤੇ ਬਾਸਕਟਬਾਲ ਵਿੱਚ 5-5 ਖਿਡਾਰੀ, ਅਥਲੈਟਿਕਸ ਵਿੱਚ 4 ਖਿਡਾਰੀ, ਤੀਰਅੰਦਾਜ਼ੀ ਵਿੱਚ 3 ਖਿਡਾਰੀ, ਤਲਵਾਰਬਾਜ਼ੀ ਤੇ ਸਾਈਕਲਿੰਗ ਵਿੱਚ 2-2 ਖਿਡਾਰੀ, ਬੈਡਮਿੰਟਨ, ਜੂਡੋ ਤੇ ਕੁਸ਼ਤੀ ਵਿੱਚ 1-1 ਖਿਡਾਰੀ। ਪੰਜਾਬ ਦੇ 10 ਪੈਰਾ ਖਿਡਾਰੀ ਵੀ ਹਿੱਸਾ ਲੈ ਰਹੇ ਹਨ।ਪੈਰਾ ਪਾਵਰ ਲਿਫਟਿੰਗ ਵਿੱਚ 4 ਖਿਡਾਰੀ, ਪੈਰਾ ਅਥਲੈਟਿਕਸ ਵਿੱਚ 3 ਖਿਡਾਰੀ ਪੈਰਾ ਬੈਡਮਿੰਟਨ ਵਿੱਚ 2 ਖਿਡਾਰੀ ਅਤੇ ਪੈਰਾ ਤਾਇਕਵਾਂਡੋ ਵਿੱਚ 1 ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰੇਗਾ।