ਰਘਵੀਰ ਹੈਪੀ , ਬਰਨਾਲਾ 23 ਸਤੰਬਰ 2023
ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਗੀਤਾ ਭਵਨ ਇਲਾਕੇ ਵਿੱਚ ਦਿਨ ਦਿਹਾੜੇ ਸ਼ਰੇਆਮ ਇੱਕ ਲੁਟੇਰਾ ਪਿਸਤੌਲ ਦੀ ਨੋਕ ਤੇ ਮਹਿਲਾ ਦੁਕਾਨਦਾਰ ਤੋਂ ਹੋਰ ਨੌਕਰਾਂ ਦੀ ਹਾਜ਼ਰੀ ਵਿੱਚ ਹੀ ਹਜ਼ਾਰਾਂ ਰੁਪਏ ਲੁੱਟ ਕੇ ਫਰਾਰ ਹੋ ਗਿਆ। ਖੌਫ ਇਨ੍ਹਾਂ ਕਿ ਦੁਕਾਨਦਾਰ ਔਰਤ ਜਾਂ ਉਸ ਦਾ ਕੋਈ ਹੋਰ ਮੁਲਾਜਮ ਵੀ ਚੀਖ ਚਿਹਾੜਾ ਪਾਉਣ ਦੀ ਹਿੰਮਤ ਨਹੀਂ ਜੁਟਾ ਸਕੇ। ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜਦੋਂ ਤੱਕ ਪੁਲਿਸ ਪਹੁੰਚੀ, ਉਦੋਂ ਤੱਕ ਮੋਟਰਸਾਈਕਲ ਸਵਾਰ ਲੁਟੇਰਾ ਰਫੂ ਚੱਕਰ ਹੋ ਚੁੱਕਿਆ ਸੀ। ਪੁਲਿਸ ਨੇ ਦੁਕਾਨਦਾਰ ਦੇ ਬਿਆਨਾਂ ਪਰ,ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰੀਆਂ ਅੰਦਰ ਕਾਫੀ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਸ਼ਾਮ ਕਰੀਬ 4 ਕੁ ਵਜੇ ਦੀ ਹੈ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਚਾਰ ਸਵਾ ਚਾਰ ਵਜੇ ਗੀਤਾ ਭਵਨ ਮੰਦਰ ਵਾਲੀ ਗਲੀ ਵਿੱਚ ਮਹਿਲਾ ਡਿੰਪਲ ਗੋਇਲ ਆਪਣੀ ਦੁਕਾਨ ਪਰ ਬੈਠੀ ਸੀ ਤਾਂ ਇੱਕ ਨਕਾਬਪੋਸ਼ ਵਿਅਕਤੀ ਦੁਕਾਨ ਅੰਦਰ ਆਇਆ । ਜਿਸ ਨੇ ਡਿੰਪਲ ਨੂੰ ਪਿਸਤੌਲ ਦਿਖਾਉਂਦਿਆਂ ਕਿਹਾ ਕਿ ਜੋ ਕੁੱਝ ਵੀ ਦੁਕਾਨ ਵਿੱਚ ਨਗਦੀ ਹੈ, ਉਹ ਚੁੱਪ ਚਾਪ ਉਸ ਨੂੰ ਫੜ੍ਹਾ ਦੇਵੇ। ਡਿੰਪਲ ਨੇ ਉਸ ਨੂੰ ਟਾਲਣ ਲਈ ਕਿਹਾ ਕਿ ਨਗਦੀ ਘਰ ਪਈ ਹੈ, ਮੈਂ ਹੁਣੇ ਲਿਆ ਕੇ ਦੇ ਦਿੰਦੀ ਹਾਂ, ਪਰ ਲੁਟੇਰੇ ਦੀ ਜਾਨ ਤੋਂ ਮਾਰ ਦੇਣ ਦੀ ਘੁਰਕੀ ਅੱਗੇ ਉਸ ਨੇ ਦੁਕਾਨ ਵਿੱਚ ਪਈ ਕਰੀਬ 10 ਕੁ ਹਜ਼ਾਰ ਰੁਪਏ ਦੀ ਨਗਦੀ ਲੁਟੇਰੇ ਲੂੰ ਸੌਂਪ ਦਿੱਤੀ। ਨਗਦੀ ਲੈ ਕੇ ਨਕਾਬਪੋਸ਼ ਲੁਟੇਰਾ ਮੋਟਰਸਾਇਕਲ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਿਆ | ਜਿਸਦੀ ਸੂਚਨਾ ਮਹਿਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਸੀਸੀਟੀਵੀ ਫ਼ੁਟੇਜ਼ ਕਬਜੇ ਵਿੱਚ ਲਈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਫ਼ੁਟੇਜ਼ ਨੂੰ ਖੰਗਾਲ ਰਹੀ ਹੈ ਅਤੇ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਜਾਵੇਗਾ | ਸ੍ਰੀ ਅਨਿਲ ਨਾਣਾ ਨੇ ਕਿਹਾ ਕਿ ਹਾਲੇ ਲੰਘੀ ਕੱਲ੍ਹ ਰਾਤ ਵੀ 40 ਫੁੱਟੀ ਗਲੀ ਵਿੱਚੋਂ 4 ਲੁਟੇਰਿਆਂ ਨੇ ,ਇੱਕ ਔਰਤ ਦੇ ਗਲੇ ਦੀ ਚੈਨੀ ਖੋਹ ਲਈ। ਲੋਕਾਂ ਨੇ ਇੱਕ ਲੁਟੇਰੇ ਨੂੰ ਮੌਕਾ ਤੋਂ ਫੜ੍ਹ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਸੀ,ਜਦੋਂਕਿ ਤਿੰਨ ਲੁਟੇਰੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੀ ਹੈ।