ਮਿਸ਼ਨ ਫਤਿਹ ਨਾਲ ਜੁੜਨ ਦਾ ਸੱਦਾ- ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਮਿਲ ਕੇ ਸੁਣੀਆਂ ਮੁਸਕਿਲਾਂ
ਅਸ਼ੋਕ ਵਰਮਾ ਬਠਿੰਡਾ, 5 ਜੂਨ 2020
ਭਗਤ ਕਬੀਰ ਜੀ ਦੇ 622ਵੇਂ ਜਨਮ ਦਿਹਾੜੇ ਮੌਕੇ ਉਨਾਂ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਉਨਾਂ ਦੀ ਬਾਣੀ ਅੱਜ ਵੀ ਸਾਡੀਆਂ ਜੀਵਨ ਰਾਹਾਂ ਰੌਸਨਾ ਰਹੀ ਹੈ।
ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਭਗਤ ਕਬੀਰ ਜੀ ਵੱਲੋਂ ਮਨੁੱਖਤਾ ਦੀ ਸੇਵਾ, ਸਾਂਤੀ ਅਤੇ ਭਾਈਚਾਰੇ ਦੇ ਦਿੱਤੇ ਸੰਦੇਸ਼ ਨੂੰ ਮੰਨਣ ਦਾ ਅੱਜ ਪ੍ਰਣ ਕਰਾਂਗੇ ਤਾਂ ਇਹੀ ਉਨਾਂ ਪ੍ਰਤੀ ਸਾਡਾ ਸੱਚਾ ਸਤਿਕਾਰ ਹੋਵੇਗਾ। ਉਨਾਂ ‘ਭਗਤੀ ਲਹਿਰ’ ਦੇ ਮਹਾਨ ਸੰਤ ਭਗਤ ਕਬੀਰ ਜੀ ਨੂੰ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਤਗੁਰੂ ਕਬੀਰ ਜੀ ਨੇ ਸਾਨੂੰ ਵਿਸਵ ਸਾਂਤੀ ਤੇ ਭਾਈਚਾਰੇ ਦਾ ਜੋ ਸੰਦੇਸ਼ ਦਿੱਤਾ ਸੀ ਉਸਦੀ ਸਦੀਆਂ ਬੀਤ ਜਾਣ ਬਾਅਦ ਵੀ ਸਾਰਥਕਤਾ ਘਟੀ ਨਹੀਂ ਹੈ ਸਗੋਂ ਅੱਜ ਉਨਾਂ ਦਾ ਸੰਦੇਸ਼ ਹੋਰ ਵਧੇਰੇ ਸਾਰਥਕ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ, ਉਨਾਂ ਦਾ ਜੀਵਨ ਅਤੇ ਫਿਲਾਸਫੀ ਸਾਡੇ ਜੀਵਨ ਦੀਆਂ ਰਾਹਾਂ ਵਿਚ ਚਾਣਨ ਕਰਨ ਵਾਲੀ ਮਸ਼ਾਲ ਵਾਂਗ ਹੈ। ਉਨਾਂ ਨੇ ਇਸ ਸੁਭ ਦਿਹਾੜੇ ਤੇ ਲੋਕਾਂ ਨੂੰ ਸੁਭਕਾਮਨਾਵਾਂ ਕਰਦਿਆਂ ਕਿਹਾ ਕਿ ਸਾਨੂੰ ਇਸ ਸਮੇਂ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਕੋਵਿਡ ਸੰਕਟ ਦੇ ਟਾਕਰੇ ਲਈ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ।
ਇਸ ਮੌਕੇ ਉਨਾਂ ਨੇ ਕਿਹਾ ਕਿ ਇਹ ਕਿੰਨੀ ਖੂਬਸੂਰਤ ਗੱਲ ਹੈ ਕਿ ਭਗਤ ਕਬੀਰ ਜੀ ਦਾ ਆਗਮਨ ਦਿਨ ਅਤੇ ਆਲਮੀ ਵਾਤਾਵਰਨ ਦਿਹਾੜਾ ਇਕੋ ਦਿਨ ਮਨਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕੌਮਾਂਤਰੀ ਵਾਤਾਵਰਨ ਦਿਵਸ ਦਾ ਜਿਕਰ ਕਰਦਿਆਂ ਕਿਹਾ ਕਿ ਸਾਡੀ ਹੌਂਦ ਸਾਡੇ ਚੌਗਿਰਦੇ ਤੇ ਨਿਰਭਰ ਕਰਦੀ ਹੈ ਅਤੇ ਇਸ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਚੌਗਿਰਦੇ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੁੰਦੇ ਹੋਏ ਆਪਣੇ ਰੋਜਮਰਾਂ ਦੇ ਜੀਵਨ ਵਿਚ ਝਾਤ ਮਾਰੀਏ ਅਤੇ ਯਕੀਨੀ ਬਣਾਈਏ ਕਿ ਸਾਡੀਆਂ ਗਤੀਵਿਧੀਆਂ ਨਾਲ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪੁੱਜੇ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਦੇ ਬਜਾਰਾਂ ਦਾ ਦੌਰਾ ਕਰਕੇ ਦੁਕਾਨਦਾਰਾਂ ਨਾਲ ਕੋਵਿਡ 19 ਸੰਕਟ ਦੇ ਮੱਦੇਨਜਰ ਪੈਦਾ ਹੋਏ ਹਲਾਤਾਂ ਦੌਰਾਨ ਉਨਾਂ ਨਾਲ ਸਰਕਾਰ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸਕਿਲ ਦੌਰ ਵਿਚ ਸਰਕਾਰ ਉਨਾਂ ਦੇ ਨਾਲ ਹੈ। ਉਨਾਂ ਨੇ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਮਿਸ਼ਨ ਫਤਿਹ ਲਾਂਚ ਕੀਤਾ ਗਿਆ ਹੈ ਜਿਸ ਦਾ ਉਦੇਸ਼ ਲੋਕਾਂ ਵਿਚ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਹਿੰਮਤ ਪੈਦਾ ਕਰਨਾ ਹੈ ਤਾਂ ਜੋ ਅਸੀਂ ਆਪਣੇ ਕਾਰੋਬਾਰ ਵੀ ਚਲਦੇ ਰੱਖ ਸਕੀਏ ਅਤੇ ਜਰੂਰੀ ਸਾਵਧਾਨੀਆਂ ਰੱਖਦੇ ਹੋਏ ਇਸ ਬਿਮਾਰੀ ਤੋਂ ਆਪਣੇ ਆਪ ਤੇ ਦੂਜਿਆਂ ਨੂੰ ਬਚਾ ਕੇ ਵੀ ਰੱਖ ਸਕੀਏ। ਉਨਾਂ ਨੇ ਕਿਹਾ ਕਿ ਕਰੋਨਾ ਖਿਲਾਫ ਲੜਾਈ ਵਿਚ ਫਤਿਹ ਮਨੁੱਖਤਾ ਦੀ ਹੀ ਹੋਵੇਗੀ। ਉਨਾਂ ਨੇ ਸਮੂਹ ਸ਼ਹਿਰੀਆਂ ਨੂੰ ਮਿਸ਼ਨ ਫਤਿਹ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਦੌਰਾਨ ਉਨਾਂ ਨੇ ਆਰਿਆ ਸਮਾਜ ਚੌਕ ਤੋਂ ਮਹਿਣਾ ਚੌਕ ਮਾਰਕਿਟ, ਅਗਰਵਾਲ ਸਟਰੀਟ ਆਦਿ ਬਾਜਾਰਾਂ ਵਿਚ ਦੁਕਾਨ ਦਰ ਦੁਕਾਨ ਜਾ ਕੇ ਦੁਕਾਨਦਾਰਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਦੌਰਾਨ ਉਨਾਂ ਨੇ ਮੌਕੇ ਤੇ ਹੀ ਮੁਸਕਿਲਾਂ ਦੇ ਹੱਲ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇਕੇ ਅਗਰਵਾਲ, ਸ਼ਹਿਰੀ ਪ੍ਰਧਾਨ ਸ੍ਰੀ ਅਰੁਣ ਵਧਾਵਨ, ਸ੍ਰੀ ਪਵਨ ਮਾਨੀ, ਸ੍ਰੀ ਮੋਹਨ ਲਾਲ ਝੂੰਬਾ, ਸ੍ਰੀ ਰਾਜਨ ਗਰਗ, ਸ੍ਰੀ ਰਾਜੂ ਭੱਠੇਵਾਲਾ, ਸ੍ਰੀ ਸਾਜਨ ਸ਼ਰਮਾ, ਸ੍ਰੀ ਹੇਂਮਤ ਸ਼ਰਮਾ, ਸ੍ਰੀ ਪ੍ਰਕਾਸ਼ ਚੰਦ, ਸ੍ਰੀ ਨੱਥੂਰਾਮ ਆਦਿ ਵੀ ਹਾਜਰ ਸਨ।