ਰਘਬੀਰ ਹੈਪੀ,ਬਰਨਾਲਾ,14 ਸਤੰਬਰ 2023
ਮਾਨਯੋਗ ਅਦਾਲਤ ਸ਼੍ਰੀ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਸਲੀਮ ਖਾਨ ਪੁੱਤਰ ਗਿਆਨ ਸਿੰਘ ਵਾਸੀ ਵੜੈਚ ਪੱਤੀ, ਚੀਮਾਂ ਜੋਧਪੁਰ ਨੂੰ ਚੈਕ ਦੇ ਕੇਸ ਵਿੱਚ 2 ਸਾਲ ਦੀ ਸਖਤ ਸਜ਼ਾ ਅਤੇ 8,50,000/- ਰੁਪਏ ਹਰਜ਼ਾਨਾ ਅਤੇ 6% ਸਾਲਾਨਾ ਵਿਆਜ਼ ਮਿਤੀ 06-07-2018 ਤੋਂ ਰਕਮ ਅਦਾ ਕਰਨ ਤੱਕ ਭਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸ਼ਾ ਰਾਣੀ ਪਤਨੀ ਦੁਖਨਾ ਭਗਤ ਵਾਸੀ ਗਲੀ ਨੰਬਰ 5, ਸੇਖਾ ਰੋਡ, ਬਰਨਾਲਾ ਨੇ ਅਗਸਤ 2016 ਵਿੱਚ 8,50,000/- ਰੁਪਏ ਸਲੀਮ ਖਾਨ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਸਲੀਮ ਖਾਨ ਨੇ ਇੱਕ ਚੈਕ ਨੰਬਰੀ 314264 ਮਿਤੀ 06-07-2018 ਨੂੰ 8,50,000/- ਰੁਪਏ ਦਾ ਜਾਰੀ ਕਰ ਦਿੱਤਾ ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਚੈਕ ਡਿਸਆਨਰ ਹੋ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਆਸ਼ਾ ਰਾਣੀ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਸਲੀਮ ਖਾਨ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਪਾਸ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਸਲੀਮ ਖਾਨ ਨੇ ਜਾਣਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ, ਮੁਲਜ਼ਮ ਸਲੀਮ ਖਾਨ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਅਤੇ 8,50,000/- ਰੁਪਏ ਹਰਜ਼ਾਨਾ ਸਮੇਤ ਵਿਆਜ਼ ਭਰਨ ਦਾ ਹੁਕਮ ਸੁਣਾਇਆ ਗਿਆ।