ਰਘਬੀਰ ਹੈਪੀ,ਬਰਨਾਲਾ, 13 ਸਤੰਬਰ 2023
ਸਿਹਤ ਵਿਭਾਗ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਆਯੂਸ਼ਮਾਨ ਭਵ ਅਭਿਆਨ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੁਆਰਾ ਆਨਲਾਈਨ ਪ੍ਰੋਗਰਾਮ ਰਾਹੀਂ ਕੀਤੀ ਗਈ।
ਸਿਵਲ ਹਸਪਤਾਲ ਬਰਨਾਲਾ ਦੇ ਟ੍ਰੇਨਿੰਗ ਅਨੈਕਸੀ ਹਾਲ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ ਦੀ ਹਾਜ਼ਰੀ ਵਿੱਚ ਸਿਹਤ ਸਟਾਫ਼ ਨੇ ਇਸ ਆਨਲਾਈਨ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਈ। ਇਸ ਸਬੰਧੀ ਵੀਡੀਓ ਕਾਨਫਰੰਸ ਮਗਰੋਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ 17 ਸਤੰਬਰ ਤੋਂ ਇਹ ਮੁਹਿੰਮ ਜ਼ਮੀਨੀ ਪੱਧਰ ‘ਤੇ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਸੁਵਿਧਾਵਾਂ ਨੂੰ ਹੋਰ ਬੇਹਤਰ ਬਣਾਉਣਾ ਅਤੇ ਹਰ ਇਕ ਲੋੜਵੰਦ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਟੀ. ਬੀ. ਬਿਮਾਰੀਆਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ।
ਆਯੂਸ਼ਮਾਨ ਆਪਕੇ ਦੁਆਰ 3.0 ਜੋ ਕਿ 17 ਸਤੰਬਰ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਯੋਗ ਲਾਭਪਾਤਰੀਆਂ ਨੂੰ ਆਯੂਸ਼ਮਾਨ ਕਾਰਡਾਂ ਦੀ ਵੰਡ ਕੀਤੀ ਜਾਵੇਗੀ। ਇਸੇ ਤਰ੍ਹਾਂ 17 ਸਤੰਬਰ ਨੂੰ ਸਾਰੇ ਹੀ ਸਰਕਾਰੀ ਹਸਪਤਾਲਾਂ ‘ਚ ਆਯੂਸ਼ਮਾਨ ਮੇਲੇ ਲਗਾਏ ਜਾਣਗੇ ਅਤੇ 2 ਅਕਤੂਬਰ ਨੂੰ ਆਯੂਸ਼ਮਾਨ ਸਭਾਵਾਂ ਪਿੰਡ ਪੱਧਰ ਉੱਤੇ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਖੂਨ ਦਾਨ ਕੈਂਪ 17 ਸਤੰਬਰ ਤੋਂ 2 ਅਕਤੂਬਰ ਤੱਕ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਰੈਡ ਕ੍ਰਾਸ ਸੋਸਾਇਟੀ ਦੀ ਮਦਦ ਨਾਲ ਲਗਾਏ ਜਾਣਗੇ। ਇਸ ਕਾਰਜ ਦੌਰਾਨ ਹੀ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਹੁੰ ਚੁਕਾਈ ਜਾਵੇਗੀ।
ਆਨਲਾਈਨ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਏ.ਡੀ.ਸੀ. ਬਰਨਾਲਾ ਸਤਵੰਤ ਸਿੰਘ ਵਲੋਂ ਆਈ.ਓ.ਐਲ. ਦੇ ਵਿਸ਼ੇਸ਼ ਸਹਿਯੋਗ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਬਰਨਾਲਾ ਡਾ. ਮਨੋਹਰ ਲਾਲ, ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ, ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਆਦਿ ਹਾਜ਼ਰ ਸਨ।