ਹਰਿੰਦਰ ਨਿੱਕਾ , ਬਰਨਾਲਾ 1 ਸਤੰਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਤੋਂ ਐਸ.ਡੀ.ਐਮ. ਬਰਨਾਲਾ ਨੇ ਕਾਲਜ ਨੂੰ ਮਿਲੀ ਕਰੋੜਾਂ ਰੁਪਏ ਦੀ ਗਰਾਂਟ ‘ਚ ਹੋਈਆਂ ਕਥਿਤ ਘਪਲੇਬਾਜੀਆਂ ਦੀ ਘੋਖ ਪੜਤਾਲ ਲਈ ਰਿਕਾਰਡ ਤਲਬ ਕਰ ਲਿਆ ਹੈ। ਐਸ.ਡੀ.ਐਮ. ਗੋਪਾਲ ਸਿੰਘ ਦੀ ਅਦਾਲਤ ਨੇ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਕੁਲਾਰ ਨੂੰ ਰਿਕਾਰਡ ਸਣੇ ਅਤੇ ਸ਼ਕਾਇਤ ਕਰਨ ਵਾਲੀ ਧਿਰ ਦੇ ਨੁਮਾਇੰਦਿਆਂ ਨੂੰ 5 ਸਤੰਬਰ ਨੂੰ 11 ਵਜੇ ਪਹੁੰਚਣ ਦਾ ਲਿਖਤੀ ਫੁਰਮਾਨ ਜ਼ਾਰੀ ਕਰ ਦਿੱਤਾ ਹੈ। ਅਜਿਹਾ ਫੁਰਮਾਨ ਜ਼ਾਰੀ ਹੁੰਦਿਆਂ ਹੀ ਕਾਲਜ ਬਚਾਉ ਸੰਘਰਸ਼ ਕਮੇਟੀ ਦੀਆਂ ਉਮੀਦਾਂ ਨੂੰ ਖੰਭ ਲੱਗ ਗਏ ਹਨ। ਜਦੋਂਕਿ ਕਾਲਜ ਪ੍ਰਬੰਧਕਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ। ਪਤਾ ਇਹ ਵੀ ਲੱਗਿਆ ਹੈ ਕਿ ਕਾਲਜ ਪ੍ਰਬੰਧਕ ਕਮੇਟੀ ਨੇ ਲਗਾਤਾਰ ਦਬਾਅ ਵੱਧਦਾ ਭਾਂਪਦਿਆਂ ਆਪਣੀ ਖੱਲ ਬਚਾਉਣ ਲਈ ਹੋਰ ਕਾਨੂੰਨੀ ਮਾਹਿਰਾਂ ਨਾਲ ਰਾਇ ਮਸ਼ਵਰਾ ਵੀ ਸ਼ੁਰੂ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਸੰਘੇੜਾ ਨਿਵਾਸੀਆਂ ਦੀ ਸਰਪ੍ਰਸਤੀ ਹੇਠ ਕਾਲਜ ਬਚਾਉ ਸੰਘਰਸ਼ ਕਮੇਟੀ, ਸੰਘੇੜਾ ਦੀ ਅਗਵਾਈ ਵਿਚ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਕਥਿਤ ਤੌਰ ਤੇ ਕੀਤੇ ਕਰੋੜਾਂ ਰੁਪਏ ਦੇ ਘਪਲੇ, ਟਰੱਸਟ ਦੇ ਫੰਡਾਂ ਦੀ ਦੁਰਵਰਤੋਂ, ਕਾਲਜ ਕਮੇਟੀ ਵਿਚ ਪਿੰਡ ਦੀ ਨੁਮਾਇੰਦਗੀ ਘੱਟ ਜਾਣ ਦੇ ਵਿਰੋਧ ਵਿੱਚ 18-08-2023 ਤੋਂ ਲਗਾਤਾਰ ਦਿਨ-ਰਾਤ ਦਾ ਪੱਕਾ ਧਰਨਾ ਹਾਲੇ ਵੀ ਜ਼ਾਰੀ ਹੈ।
ਪਿਛਲੇ ਦਿਨੀਂ ਮਾਣਯੋਗ ਐਸ.ਡੀ.ਐਮ ਬਰਨਾਲਾ ਦੀ ਕੋਰਟ ਵਿਚ ਦੋਵਾਂ ਧਿਰਾਂ ਦੀ ਪੇਸ਼ੀ ਦੌਰਾਨ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਆਡੀਟੋਰੀਅਮ ਅਤੇ ਸਵੀਮਿੰਗ ਪੂਲ ਦੀ ਗ੍ਰਾਂਟ ਅਤੇ ਆਰ.ਟੀ.ਆਈ ਦੇ ਸਬੰਧ ਵਿੱਚ ਕੋਈ ਵੀ ਠੋਸ-ਤਰੀਕੇ ਨਾਲ ਜਵਾਬ ਨਹੀਂ ਦੇ ਸਕਿਆ ਸੀ ਅਤੇ ਪ੍ਰਧਾਨ ਵੱਲੋਂ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੇ ਵਿਦੇਸ਼ ਵਿੱਚ ਹੋਣ ਕਾਰਨ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ।
ਹੁਣ ਮਾਣਯੋਗ ਐਸ.ਡੀ.ਐਮ ਬਰਨਾਲਾ ਵੱਲੋਂ ਮਿਤੀ 05-09-2023 ਨੂੰ ਦੋਵਾਂ ਧਿਰਾਂ ਨੂੰ ਸਵੇਰੇ 11:00 ਵਜੇ ਦੁਬਾਰਾ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਕੀਤੇ ਗਏ ਹਨ ਅਤੇ ਹਦਾਇਤਾਂ ਵਿੱਚ ਐਸ.ਡੀ.ਐਮ ਸਾਹਿਬ ਵੱਲੋਂ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਨੂੰ ਕਾਲਜ ਨੂੰ ਵੱਖ-ਵੱਖ ਸਕੀਮਾਂ ਅਧੀਨ ਪ੍ਰਾਪਤ ਹੋਏ ਫੰਡਾਂ ਸਬੰਧੀ ਦਸਤਾਵੇਜ਼ੀ ਸਬੂਤ ਅਤੇ ਖਰਚ ਕੀਤੇ ਗਏ ਫੰਡਾਂ ਦਾ ਮੁਕੰਮਲ ਹਿਸਾਬ-ਕਿਤਾਬ ਅਤੇ ਕਾਲਜ ਸਬੰਧੀ ਗਵਰਨਰ ਕੌਂਸਲ ਅਤੇ ਮਨੇਜਮੈਂਟ ਕਮੇਟੀ ਦਾ ਸੰਵਿਧਾਨ ਲੇਕਰ ਹਾਜਰ ਹੋਣ ਲਈ ਲਿਖਿਆ ਗਿਆ ਹੈ। ਇਸ ਦੀ ਪੁਸ਼ਟੀ ਧਰਨੇ ਵਿੱਚ ਸ਼ਾਮਿਲ ਗਮਦੂਰ ਸਿੰਘ, ਰਾਮ ਸਿੰਘ ਕਲੇਰ ਬੀ.ਕੇ.ਯੂ ਉਗਰਾਹਾਂ, ਗੁਰਪ੍ਰੀਤ ਸਿੰਘ ਸਰਪੰਚ, ਜਸਨਜੀਤ ਸਿੰਘ ਸਰਪੰਚ ਅਮਲਾ ਸਿੰਘ ਵਾਲਾ, ਜਸਵਿੰਦਰ ਸਿੰਘ ਵੱਲੋਂ ਧਰਨੇ ਤੇ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤੀ ਹੈ।
ਐਸਡੀਐਮ ਦੀ ਅਦਾਲਤ ਨੇ ਕਿੰਨ੍ਹਾਂ- ਕਿੰਨ੍ਹਾਂ ਨੂੰ ਅਦਾਲਤ ਵਿੱਚ ਰਹਿਣ ਲਈ ਕਿਹਾ,,,
- ਕਾਲਜ ਪ੍ਰਬੰੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ
2. ਡਾ.ਸਰਬਜੀਤ ਸਿੰਘ ਕੁਲਾਰ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ।
3. ਸ੍ਰੀ ਗੁਰਪ੍ਰੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਾਬਾ ਅਜੀਤ ਸਿੰਘ ਨਗਰ ਬਲਾਕ ਅਤੇ ਜਿਲ੍ਹਾ ਬਰਨਾਲਾ।
4. ਸ੍ਰੀ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ
5. ਸ੍ਰੀ ਬਲਵੀਰ ਸਿੰਘ ਐਮ.ਸੀ,ਬਰਨਾਲਾ।
6. ਸ੍ਰੀਮਤੀ ਸਿੰਦਰਪਾਲ ਕੌਰ ਐਮ.ਸੀ.ਬਰਨਾਲਾ,
7. ਸ੍ਰੀਮਤੀ ਮਨਜੀਤ ਕੌਰ ਸਾਬਕਾ ਐਮ.ਸੀ. ਬਰਨਾਲਾ।