ਅਸ਼ੋਕ ਵਰਮਾ ,ਬਠਿੰਡਾ, 29 ਅਗਸਤ 2023
ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਅੱਜ ਦੇਸ਼ ਦੇ ਸਭ ਤੋਂ ਵੱਡੇ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਇਸ ਵੱਡ-ਆਕਾਰੀ ਖੇਡ ਸਮਾਗਮ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਾਗ ਲੈਣ ਵਾਲੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਲਗਭਗ ਦੋ ਮਹੀਨਿਆਂ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਸ਼ਾਨਦਾਰ ਖੇਡ ਮੇਲੇ ਦਾ ਉਦਘਾਟਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਖੇਡ ਮੇਲਾ ਸੂਬੇ ਦੀ ਖੇਡਾਂ ਦੇ ਖੇਤਰ ਵਿੱਚ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਜਾਣ ਲਈ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉੱਘੇ ਖਿਡਾਰੀ ਸਟੇਡੀਅਮ ਵਿੱਚ ਖੇਡਾਂ ਦੀ ਮਸ਼ਾਲ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਸੂਬੇ ਭਰ ਦੇ 23 ਜ਼ਿਲ੍ਹਿਆਂ ਤੋਂ ਗੁਜ਼ਰੀ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਖਿਡਾਰੀਆਂ ਨੇ ਦੌੜ ਵਿੱਚ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਸ਼ਾਲ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਝੋਨੇ ਦੀ ਲੁਆਈ ਤੋਂ ਬਾਅਦ ਇਸ ਦੀ ਕਟਾਈ ਸਖ਼ਤ ਮਿਹਨਤ ਨਾਲ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਹ ਖੇਡਾਂ ਨਵੇਂ ਪੌਦੇ ਲਗਾਉਣ ਲਈ ਹਨ ਜੋ ਆਉਣ ਵਾਲੇ ਸਮੇਂ ਵਿੱਚ ਭਰਪੂਰ ਲਾਭ ਦੇਣਗੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਪੰਜਾਬ ਇਸ ਖੇਤਰ ਵਿੱਚ ਪਛੜ ਗਿਆ ਹੈ। ਭਗਵੰਤ ਸਿੰਘ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਭਾਵੇਂ ਪਿਛਲੇ ਵਿੱਤ ਮੰਤਰੀ ਇਸ ਇਲਾਕੇ ਦੇ ਹੀ ਸਨ ਪਰ ਉਨ੍ਹਾਂ ਦੇ ਖ਼ਾਲੀ ਖ਼ਜ਼ਾਨੇ ਦੀ ਬਿਆਨਬਾਜ਼ੀ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ, ਜਦੋਂਕਿ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਹੁਣ ਇਹੀ ਪੈਸਾ ਵਰਤਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ ਮੈਡਲ ਲਿਆਉਣ ਵਾਲੀ ਭਾਰਤੀ ਹਾਕੀ ਟੀਮ ਨੂੰ ਜਲਦੀ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਅੜਿੱਕੇ ਪਹਿਲਾਂ ਹੀ ਦੂਰ ਕਰ ਦਿੱਤੇ ਗਏ ਹਨ ਅਤੇ ਹੁਣ ਇਨ੍ਹਾਂ ਨੌਂ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖਿਡਾਰੀ ਦੇਸ਼ ਦਾ ਸਰਮਾਇਆ ਹਨ ਅਤੇ ਇਨ੍ਹਾਂ ਨੂੰ ਦੇਸ਼ ਲਈ ਚੰਗੀ ਤਰ੍ਹਾਂ ਸੰਭਾਲਿਆ ਜਾਵੇਗਾ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਖੇਡਾਂ ਗਲਤ ਹੱਥਾਂ ਵਿੱਚ ਚਲੀਆਂ ਗਈਆਂ ਸਨ, ਇਸ ਨਾਲ ਖੇਡਾਂ ਦੀ ਤਰੱਕੀ ‘ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਸ਼ਤੀ ਫੈਡਰੇਸ਼ਨ ਨੂੰ ਲੈ ਕੇ ਮੰਦਭਾਗਾ ਵਿਵਾਦ ਇਸ ਗੱਲ ਦਾ ਸਬੂਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕਦੇ ਵੀ ਅਜਿਹੇ ਵਿਵਾਦਾਂ ਵਿੱਚ ਨਹੀਂ ਆਵੇਗਾ ਕਿਉਂਕਿ ਖੇਡਾਂ ਰਾਹੀਂ ਰੰਗਲਾ ਪੰਜਾਬ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਕਰਵਾਏ ‘ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵੱਡ-ਆਕਾਰੀ ਸਮਾਗਮ ਵਿੱਚ ਵੱਖ-ਵੱਖ ਛੇ ਉਮਰ ਵਰਗਾਂ ਦੇ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 30 ਖੇਡ ਵਰਗਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਸੀ ਅਤੇ ਇਨ੍ਹਾਂ ਨੂੰ ਛੇ ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੱਠ ਉਮਰ ਵਰਗਾਂ ਵਿੱਚ 35 ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੀ ਵਾਰ ਖੇਡਾਂ ਵਿੱਚ ਰਗਬੀ, ਸਾਈਕਲਿੰਗ, ਘੋੜ ਸਵਾਰੀ, ਵੁਸ਼ੂ ਅਤੇ ਸ਼ੂਟਿੰਗ ਵਾਲੀਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 14 ਸਾਲ ਉਮਰ ਵਰਗ, 17 ਸਾਲ ਉਮਰ ਵਰਗ, 21 ਸਾਲ ਉਮਰ ਵਰਗ, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਵਿੱਚ ਕਰਵਾਏ ਜਾਣਗੇ।