ਗਗਨ ਹਰਗੁਣ, ਬਰਨਾਲਾ, 30 ਅਗਸਤ 2023
ਸੂਬੇ ਦਾ ਭਾਸ਼ਾ ਵਿਭਾਗ, ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲੀ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਦੀ ਪ੍ਰਫੁੱਲਤਾ ਲਈ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਅਧੀਨ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। 

ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਵਾਈ.ਐੱਸ.ਜੈਨਐਕਸਟ ਸਕੂਲ ਬਰਨਾਲਾ ਵਿਖੇ ਵਾਈ.ਐੱਸ ਸੰਸਥਾਵਾਂ ਦੇ ਕੋ-ਆਰਡੀਨੇਟਰ ਮੈਡਮ ਸਵਰਨਜੀਤ ਕੌਰ ਅਤੇ ਪ੍ਰਿੰਸੀਪਲ ਪੂਜਾ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ। ਮੁਕਾਬਲਿਆਂ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨ ਨਾਲ ਹੋਈ ਤੇ ਇਸ ਉਪਰੰਤ ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਮੁਕਾਬਲਿਆਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਹੋ ਰਹੇ ਚਾਰ ਵੰਨਗੀਆਂ ਦੇ ਮੁਕਾਬਲਿਆਂ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲੇ ਵਿੱਚ ਸ਼ਮੂਲੀਅਤ ਕਰਨਗੇ। ਵਾਈ.ਐੱਸ ਸੰਸਥਾਵਾਂ ਦੇ ਚੇਅਰਮੈਨ ਪ੍ਰੋ. ਦਰਸ਼ਨ ਕੁਮਾਰ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਜੱਜਾਂ ਵੱਲੋਂ ਮੌਕੇ ਦਿੱਤੇ ਵਿਸ਼ਿਆਂ ‘ਤੇ ਲੇਖ,ਕਹਾਣੀ ਅਤੇ ਕਵਿਤਾ ਲਿਖਣ ਤੋਂ ਇਲਾਵਾ ਕਵਿਤਾਵਾਂ ਦਾ ਗਾਇਨ ਵੀ ਕੀਤਾ। ਸਾਹਿਤ ਸਿਰਜਣ ਮੁਕਾਬਲਿਆਂ ਦੀ ਜੱਜਮੈਂਟ ਉੱਘੇ ਆਲੋਚਕ ਅਤੇ ਲੇਖਕ ਤੇਜਾ ਸਿੰਘ ਤਿਲਕ ਅਤੇ ਕਹਾਣੀਕਾਰ ਡਾ. ਭੁਪਿੰਦਰ ਸਿੰਘ ਬੇਦੀ ਸਹਾਇਕ ਪ੍ਰੋਫੈਸਰ ਵੱਲੋਂ ਕੀਤੀ ਗਈ ਜਦਕਿ ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਲੇਖਕ ਅਤੇ ਗਾਇਕ ਮਨਜੀਤ ਸਿੰਘ ਸਾਗਰ ਅਤੇ ਕਵੀ ਡਾ.ਰਾਮਪਾਲ ਸਿੰਘ ਸਹਾਇਕ ਪ੍ਰੋਫੈਸਰ ਵੱਲੋਂ ਕੀਤੀ ਗਈ।

ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਹਰੀਸ਼ ਬਾਂਸਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਦੇ ਇੰਚਾਰਜ ਪ੍ਰਿੰਸੀਪਲ ਗੁਰਜਿੰਦਰ ਸਿੰਘ, ਜਗਦੇਵ ਸਿੰਘ ਸੀਨੀਅਰ ਸਹਾਇਕ, ਸਰਬਜੀਤ ਕੌਰ ਸੀਨੀਅਰ ਸਹਾਇਕ, ਬਲਜੀਤ ਸਿੰਘ ਅਕਲੀਆ, ਬਲਜਿੰਦਰ ਸਿੰਘ ਅਕਲੀਆ, ਭਾਸ਼ਾ ਦਫਤਰ ਦੇ ਕਰਮਚਾਰੀ ਗੋਬਿੰਦ ਸਿੰਘ ਅਤੇ ਜਸਪ੍ਰੀਤ ਤੋਂ ਇਲਾਵਾ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਵੀ ਹਾਜ਼ਰ ਸਨ।