ਚੋਰੀ ਦੇ ਸ਼ੱਕ ਚ, ਥਰਡ ਡਿਗਰੀ ਅੱਤਿਆਚਾਰ ਅਤੇ ਨਜ਼ਾਇਜ਼ ਹਿਰਾਸਤ ! ਸ਼ਮਸ਼ੇਰ ਨੇ ਲਾਇਆ ਦੋਸ਼ , ਸਰਕਾਰੀ ਹਸਪਤਾਲ ਚ, ਭਰਤੀ,
ਮੈਡੀਕਲ ਰਿਪੋਰਟ ਚ, 7 ਸੱਟਾਂ ਦੀ ਪੁਸ਼ਟੀ, ਪੁਲਿਸ ਨੂੰ ਭੇਜਿਆ ਰੁੱਕਾ
ਪੁਲਿਸ ਨੇ ਕੀਤਾ ਕੁੱਟਮਾਰ ਤੋਂ ਇਨਕਾਰ, ਕਿਹਾ ਛੱਡਣ ਤੋਂ 24 ਘੰਟੇ ਬਾਅਦ ਹਸਪਤਾਲ ਦਾਖਿਲ ਹੋਣ ਦੀ ਕੋਈ ਤੁਕ ਨਹੀਂ,,
ਹਰਿੰਦਰ ਨਿੱਕਾ ਬਰਨਾਲਾ 1 ਜੂਨ 2020
ਲੱਖੀ ਕਲੋਨੀ ਗਲੀ ਨੰਬਰ 2 ਚ, 24 ਮਈ ਨੂੰ ਇੱਕ ਕੋਠੀ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਸ਼ੱਕ ਚ, ਪੁਲਿਸ ਦੁਅਰਾ ਪੁੱਛਗਿੱਛ ਲਈ ਬੁਲਾਏ ਕਰੀਬ 19 ਵਰ੍ਹਿਆਂ ਦੇ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਰਾਹੀ ਬਸਤੀ ਬਰਨਾਲਾ ਨੇ ਪੁਲਿਸ ਤੇ ਬਿਨਾਂ ਕਿਸੇ ਕੇਸ ਦੇ ਹੀ ਥਰਡ ਡਿਗਰੀ ਅੱਤਿਆਚਾਰ ਅਤੇ ਨਜ਼ਾਇਜ਼ ਹਿਰਾਸਤ ਚ, ਰੱਖਣ ਦੇ ਗੰਭੀਰ ਦੋਸ਼ ਲਾ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਜਦੋਂ ਕਿ ਪੁਲਿਸ ਅਧਿਕਾਰੀਆਂ ਨੇ ਦੋਸ਼ਾਂ ਨੂੰ ਨਿਰਾਅਧਾਰ ਦੱਸਦਿਆਂ ਕਿਹਾ ਹੈ ਕਿ ਸ਼ਮਸ਼ੇਰ ਸਿੰਘ ਥਾਣੇ ਚੋਂ ਚਲੇ ਜਾਣ ਤੋਂ 24 ਘੰਟੇ ਬਾਅਦ ਸਿਵਲ ਹਸਪਤਾਲ ਵਿਖੇ ਦਾਖਿਲ ਹੋਇਆ ਹੈ। ਜਿਸ ਦੀ ਕੋਈ ਤੁਕ ਹੀ ਨਹੀਂ ਬਣਦੀ।
ਸਿਵਲ ਹਸਪਤਾਲ ਚ, ਐਤਵਾਰ ਦੀ ਸ਼ਾਮ ਕਰੀਬ 4 ਵਜੇ ਭਰਤੀ ਹੋਏ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 2 ਪੁਲਿਸ ਦਾ ਏਐਸਆਈ ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ , ਉਸ ਨੂੰ 24 ਮਈ ਦੀ ਸ਼ਾਮ ਘਰੋਂ ਰੋਟੀ ਖਾਂਦੇ ਨੂੰ ਚੁੱਕ ਕੇ ਲੈ ਗਏ ਸਨ। ਥਾਣੇ ਲਿਜ਼ਾ ਕੇ ਦੋਵਾਂ ਪੁਲਿਸ ਵਾਲਿਆਂ ਨੇ ਉਸਦੀ ਸੋਟੀਆਂ ਨਾਲ , ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸਿਰ ਤੇ ਠੁੱਡੇ ਮਾਰੇ, ਪਾਣੀ ਚ, ਡੁਬੋ-ਡੁਬੋ ਕੇ ਅੱਤਿਆਚਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਉਸ ਤੋਂ ਵਾਰ ਵਾਰ ਚੋਰੀ ਦਾ ਸਮਾਨ ਬਰਾਮਦ ਕਰਵਾਉਣ ਬਾਰੇ ਹੀ ਕਹਿੰਦੇ ਰਹੇ। ਪਰੰਤੂ ਮੈਂ ਚੀਖਾਂ ਮਾਰ,ਕਈ ਵਾਰ ਕੁਰਲਾਇਆ ਤੇ ਗਿਡਗਿਡਾਇਆ ਕਿ ਮੈਂ ਕੋਈ ਚੋਰੀ ਨਹੀਂ ਕੀਤੀ। ਮੈਂ ਬੇਕਸੂਰ ਹਾਂ, ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ। ਬੇਹੱਦ ਸਹਿਮੇ ਸ਼ਮਸ਼ੇਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਪੁਲਿਸ ਨੇ ਉਸ ਨੂੰ ਉਦੋਂ ਛੱਡਿਆ, ਜਦੋਂ ਪੁਲਿਸ ਅੱਤਿਆਚਾਰ ਨਾਲ ਉਸ ਦੇ ਕੰਨ ਚੋਂ, ਖੂਨ ਵਹਿ ਤੁਰਿਆ ਅਤੇ ਪਿਸ਼ਾਬ ਰਾਹੀਂ ਵੀ ਖੂਨ ਆਉਣ ਲੱਗ ਪਿਆ। ਸ਼ਮਸ਼ੇਰ ਨੇ ਕਿਹਾ ਕਿ ਉਸਨੂੰ ਪੁਲਿਸ ਨੇ 5 ਦਿਨ ਭੁੱਖਾ ਰੱਖਿਆ, ਰੋਟੀ ਮੰਗਣ ਤੇ ਚੋਰੀ ਦਾ ਸਮਾਨ ਬਰਾਮਦ ਕਰਵਾਉਣ ਲਈ ਹੀ ਕਹਿੰਦੇ ਰਹੇ।
-ਕੋਠੀ ਦੇ ਸੀਸੀਟੀਵੀ ਕੈਮਰਿਆਂ ਚ, ਦਿਖ ਰਿਹਾ ਸ਼ਮਸ਼ੇਰ
ਸ਼ਮਸ਼ੇਰ ਸਿੰਘ ਤੇ ਉਸਦੇ ਪਿਤਾ ਰਣਜੀਤ ਸਿੰਘ ਮਿੱਠੂ ਨੇ ਦੱਸਿਆ ਕਿ ਜਿਸ ਕੋਠੀ ਵਿੱਚ 24 ਮਈ ਨੂੰ ਚੋਰੀ ਹੋਈ ਹੈ, ਉਸ ਦੇ ਨਜਦੀਕ ਲੱਗੇ ਸੀਸੀਟੀਵੀ ਕੈਮਰਿਆਂ ਚ, ਸ਼ਮਸ਼ੇਰ ਦੀ ਤੁਰੇ ਜਾਂਦੇ ਦੀ ਫੋਟੋ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਕੋਠੀ ਅੱਗੋਂ ਰਸਤਾ ਚਲਦਾ ਹੈ। ਜਿੱਥੇ ਤੁਰੇ ਜਾਂਦੇ ਨੂੰ ਹੀ ਚੋਰ ਮੰਨ ਲੈਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਆਦਮੀ ਹਾਂ, ਮਿਹਨਤ ਮਜਦੂਰੀ ਕਰਕੇ ਘਰ ਦਾ ਗੁਜਾਰਾ ਚਲਾਉਂਦੇ ਹਾਂ। ਉਨ੍ਹਾਂ ਕਿਹਾ ਕਿ ਏਐਸਆਈ ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ , ਉਸ ਨੂੰ ਸੀਆਈਏ ਸਟਾਫ ਚ, ਵੀ ਪੁੱਛਗਿੱਛ ਲਈ ਲੈ ਕੇ ਗਏ ਸੀ। ਉਥੇ ਕੁੱਟਮਾਰ ਕਰਨ ਵਾਲਿਆਂ ਨੂੰ ਉਹ ਸਾਹਮਣੇ ਆਉਣ ਤੇ ਪਹਿਚਾਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜ ਦਿਨਾਂ ਚ, ਪੁਲਿਸ ਨੇ 2 ਵਾਰ ਉਸ ਨੂੰ ਕੁਝ ਸਮੇਂ ਲਈ ਘਰ ਵੀ ਭੇਜਿਆ ਹੈ। ਸ਼ਮਸ਼ੇਰ ਇੱਕੋ ਗੱਲ ਕਹਿੰਦੈ , ਮੈਂ ਚੋਰੀ ਨਹੀਂ ਕੀਤੀ, ਭਾਂਵੇ ਮੈਨੂੰ ਗੋਲੀ ਮਾਰ ਦਿਉ। ਸ਼ਮਸ਼ੇਰ ਸਿੰਘ, ਉਸਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਬੇਕਸੂਰ ਸ਼ਮਸ਼ੇਰ ਸਿੰਘ ਨੂੰ ਨਜ਼ਾਇਜ਼ ਹਿਰਾਸਤ ਚ, ਰੱਖ ਕੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਜਾਇਜ਼ ਹਿਰਾਸਤ ਤੇ ਕੁੱਟਮਾਰ ਸਬੰਧੀ ਉਨ੍ਹਾਂ ਇੱਕ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਕੀਤੀ ਹੈ, ਜਿਸ ਤੋਂ ਬਾਅਦ ਹੀ ਸ਼ਮਸ਼ੇਰ ਸਿੰਘ ਨੂੰ ਛੱਡਿਆ ਗਿਆ ਹੈ।
-ਸਿਰਫ ਪੁੱਛਗਿੱਛ ਲਈ ਬੁਲਾਇਆ, ਕੋਈ ਕੁੱਟਮਾਰ ਨਹੀਂ ਕੀਤੀ-ਐਸਐਚਉ
ਥਾਣਾ ਸਿਟੀ 2 ਦੇ ਐਸਐਚਉ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਚੋਰੀ ਵਾਲੀ ਕੋਠੀ ਦੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਚ, ਸ਼ਮਸ਼ੇਰ ਸਿੰਘ ਦੀ ਫੋਟੋ ਸਾਫ ਦਿਖਾਈ ਦਿੰਦੀ ਹੈ। ਉਸ ਦੀ ਫੋਟੋ ਪਲਾਟ ਚ, ਵੀ ਦਿਸਦੀ ਹੈ। ਇਸ ਲਈ ਉਸ ਨੂੰ ਪੁੱਛਗਿੱਛ ਲਈ ਹੀ ਥਾਣੇ ਬੁਲਾਇਆ ਗਿਆ ਸੀ। ਬਾਅਦ ਚ, ਮੋਹਤਬਰ ਵਿਅਕਤੀ ਰਾਜੇਸ਼ ਕਾਇਤ ਤੇ ਉਸ ਦੇ ਪਿਤਾ ਨਾਲ 30 ਮਈ ਨੂੰ ਹੀ ਭੇਜ ਵੀ ਦਿੱਤਾ ਗਿਆ ਸੀ। ਨਜਾਇਜ਼ ਹਿਰਾਸਤ ਚ, ਰੱਖਣ ਤੇ ਥਰਡ ਡਿਗਰੀ ਟਾਰਚਰ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੇਕਰ ਕੁੱਟਮਾਰ ਦੇ ਦੋਸ਼ ਸੱਚ ਹੁੰਦੇ ਤਾਂ ਉਸਨੂੰ 24 ਘੰਟੇ ਬਾਅਦ ਕਿਉਂ ਹਸਪਤਾਲ ਚ, ਦਾਖਿਲ ਕਰਵਾਇਆ ਗਿਆ।
ਉੱਧਰ 24 ਘੰਟਿਆਂ ਬਾਅਦ ਹਸਪਤਾਲ ਦਾਖਿਲ ਕਰਵਾਉਣ ਦੇ ਦੋਸ਼ ਦਾ ਜੁਆਬ ਦਿੰਦਿਆਂ ਸ਼ਮਸ਼ੇਰ ਦੇ ਪਿਤਾ ਨੇ ਕਿਹਾ ਕਿ ਏਐਸਆਈ ਅਵਤਾਰ ਸਿੰਘ ਹੀ ਉਸ ਨੂੰ ਹਸਪਤਾਲ ਦਾਖਿਲ ਨਹੀਂ ਕਰਵਾਉਣ ਲਈ ਡਰਾਉਂਦੇ ਰਹੇ। ਕਿ ਜੇਕਰ ਅਜਿਹਾ ਕੀਤਾ ਤਾਂ ਉਹ ਝੂਠਾ ਕੇਸ ਦਰਜ਼ ਕਰ ਦੇਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਏਐਸਆਈ ਅਵਤਾਰ ਸਿੰਘ ਨੇ ਉਸਨੂੰ ਨਿੱਜੀ ਹਸਪਤਾਲ ਲੈ ਕੇ ਜਾਣ ਅਤੇ ਇਲਾਜ਼ ਦਾ ਖਰਚ ਖੁਦ ਕਰਵਾਉਣ ਦੀ ਗੱਲ ਵੀ ਕਹੀ। ਪੁਲਿਸ ਦੇ ਸਹਿਮ ਕਾਰਣ ਹੀ ਉਹ ਸ਼ਮਸ਼ੇਰ ਨੂੰ ਤੁਰੰਤ ਹਸਪਤਾਲ ਨਹੀਂ ਲੈ ਕੇ ਆਏ। ਉੱਧਰ ਏਐਸਆਈ ਅਵਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਸ਼ਮਸ਼ੇਰ ਅਤੇ ਉਸ ਦੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਹੀ ਬੇਬੁਨਿਆਦ ਕਰਾਰ ਦਿੱਤਾ।