ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਦੇ ਦੋਸ਼ਾਂ ਤੇ ਬੋਲਿਆ ਪੱਤਰਕਾਰ ਮਨਪ੍ਰੀਤ ਜਲਪੋਤ , ਕਿਹਾ ਮੈਂ ਖੁਦ ਹਿੰਦੂ , ਸੁਪਨੇ ਵਿੱਚ ਵੀ ਨਹੀਂ ਕਰ ਸਕਦਾ ਭਗਵਾਨ ਸ੍ਰੀ ਰਾਮ ਜੀ ਦਾ ਅਪਮਾਨ
ਹਰਿੰਦਰ ਨਿੱਕਾ ਬਰਨਾਲਾ 1 ਜੂਨ 2020
ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਵੱਟਸਅੱਪ ਰਾਹੀਂ ਵਾਇਰਲ ਕਰਨ ਦਾ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਤਪਾ ਦੇ ਪੱਤਰਕਾਰ ਮਨਪ੍ਰੀਤ ਜਲਪੋਤ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ, ਕੁਝ ਅਜਿਹੇ ਠੋਸ ਤੱਥ ਪੇਸ਼ ਕੀਤੇ, ਜਿਹੜੇ ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਦੀ ਹੋਰ ਗੰਭੀਰ ਪੜਤਾਲ ਦੀ ਮੰਗ ਕਰਦੇ ਹਨ। ਸਿਵਲ ਹਸਪਤਾਲ ਬਰਨਾਲਾ ਚ, ਜੇਰ ਏ ਇਲਾਜ਼ ਮਨਪ੍ਰੀਤ ਜਲਪੋਤ ਨੇ ਕਿਹਾ ਕਿ ਮੈਂ ਖੁਦ ਹਿੰਦੂ ਹਾਂ, ਬ੍ਰਾਹਮਣ ਪਰਿਵਾਰ ਚ, ਪੈਦਾ ਹੋਇਆ ਹਾਂ ਅਤੇ ਸ੍ਰੀ ਰਾਮ ਲੀਲਾ ਕਲੱਬ ਤਪਾ ਦਾ ਐਕਟਿਵ ਮੈਂਬਰ ਹਾਂ ਅਤੇ ਹਰ ਸਾਲ ਸ਼ਹਿਰ ਅੰਦਰ ਰਾਮ ਲੀਲਾ ਵੀ ਕਰਵਾਉਣ ਲਈ ਮੋਹਰੀ ਭੂਮਿਕਾ ਅਦਾ ਕਰਦਾ ਆ ਰਿਹਾ ਹਾਂ। ਘਰ ਅੰਦਰ ਹਰ ਦਿਨ ਸ੍ਰੀ ਰਮਾਇਣ ਜੀ ਦਾ ਪਾਠ ਵੀ ਕਰਦਾ ਹਾਂ। ਇਸ ਲਈ ਹਿੰਦੂ ਧਰਮ ਜਾਂ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ।
ਗਹਿਰੀ ਸਾਜਿਸ਼ ਨਾਲ ਮੈਂਨੂੰ ਫਸਾਇਆ ਜਾ ਰਿਹਾ ਹੈ,,,
ਮਨਪ੍ਰੀਤ ਜਲਪੋਤ ਨੇ ਪੂਰੇ ਘਟਨਾਕ੍ਰਮ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਤਪਾ ਦੇ ਹੀ ਇੱਕ ਪੱਤਰਕਾਰ ਨੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਕਰਵਾ ਚੌਥ ਦੇ ਵਰਤ ਬਾਰੇ ਪਾਈ ਸੀ। ਜਿਸ ਉੱਪਰ ਵਿਨੀਤ ਗਰਗ ਨੇ ਸਮੂਹ ਪੱਤਰਕਾਰਾਂ ਬਾਰੇ ਅਪਸ਼ਬਦ ਲਿਖੇ, ਜਿਹੜੇ ਸਬੂਤ ਦੇ ਤੌਰ ਤੇ ਉਸ ਕੋਲ ਹਨ। ਸਮੂਹ ਪੱਤਰਕਾਰਾਂ ਵਿਰੁੱਧ ਅਪਸ਼ਬਦ ਲਿਖਣ ਤੋਂ ਬਾਅਦ ਪੱਤਰਕਾਰਾਂ ਵੱਲੋਂ ਵਿਨੀਤ ਗਰਗ ਨੂੰ ਅਤੇ ਕਰਵਾ ਚੌਥ ਵਰਤ ਬਾਰੇ ਪੋਸਟ ਪਾਉਣ ਵਾਲੇ ਪੱਤਰਕਾਰ ਨੂੰ ਮੀਟਿੰਗ ਚ, ਬੁਲਾਇਆ ਗਿਆ। ਗੱਲਬਾਤ ਤੋਂ ਬਾਅਦ ਪੱਤਰਕਾਰਾਂ ਵਿਰੁੱਧ ਵਿਨੀਤ ਦੁਆਰਾ ਪਾਈ ਉਹ ਪੋਸਟ ਡਿਲੀਟ ਕਰ ਦਿੱਤੀ ਗਈ। ਉਸ ਮੀਟਿੰਗ ਚ, ਹੀ ਵਿਨੀਤ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਹਿੰਦੂ ਧਰਮ ਦੇ ਖਿਲਾਫ ਆਉਂਦੀ ਹੈ ਤਾਂ ਮੈਨੂੰ ਭੇਜੋ, ਮੈਂ ਅਜਿਹੀਆਂ ਪੋਸਟਾਂ ਪਾਉਣ ਵਾਲਿਆਂ ਖਿਲਾਫ ਕੇਸ ਦਰਜ਼ ਕਰਵਾਉਂਗਾ। ਇਸ ਤਰਾਂ ਇਹ ਮਾਮਲਾ ਨਿਪਟ ਗਿਆ।
ਵੈਦ ਠੰਡੂ ਰਾਮ ਗਰੁੱਪ ਚ, ਆਈ ਪੋਸਟ, ਵਿਨੀਤ ਗਰਗ ਨੇ ਮੰਗਵਾਈ
ਮਨਪ੍ਰੀਤ ਨੇ ਦੱਸਿਆ ਕਿ ਵੈਦ ਠੰਡੂ ਰਾਮ ਗਰੁੱਪ ਚ, ਭਗਵਾਨ ਸ੍ਰੀ ਰਾਮ , ਲਛਮਣ, ਸੀਤਾ ਮਾਤਾ ਅਤੇ ਸ੍ਰੀ ਹਨੂਮਾਨ ਜੀ ਦੇ ਜਨਮ ਸਬੰਧੀ ਇੱਕ ਪੋਸਟ ਆਈ। ਇਹ ਪੋਸਟ ਨੂੰ ਹਿੰਦੂ ਧਰਮ ਦੇ ਖਿਲਾਫ ਹੋਣ ਕਰਕੇ ਮੈਂ ਵਿਨੀਤ ਗਰਗ ਦੁਆਰਾ ਪੱਤਰਕਾਰਾਂ ਦੀ ਮੀਟਿੰਗ ਚ, ਆਖੀ ਗੱਲ ਦੇ ਅਨੁਸਾਰ ਉਹ ਪੋਸਟ ਸਕਰੀਨ ਸ਼ੌਟ ਲੈ ਕੇ ਵਿਨੀਤ ਗਰਗ ਦੇ ਨਿੱਜੀ ਨੰਬਰ ਤੇ ਭੇਜ਼ ਦਿੱਤੀ। ਜਿਸ ਉੱਪਰ ਪੋਸਟ ਭੇਜਣ ਵਾਲੇ ਦਾ ਨੰਬਰ ਸੀ ਅਤੇ ਮੈਂ ਵਿਨੀਤ ਨੂੰ ਇਸ ਪੋਸਟ ਦੇ ਕਾਰਵਾਈ ਕਰਵਾਉਣ ਲਈ ਹੇਠਾਂ ਲਿਖ ਕੇ ਵੀ ਭੇਜਿਆ।
ਪਰੰਤੂ ਵਿਨੀਤ ਨੇ ਪੋਸਟ ਪਾਉਣ ਵਾਲੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ , ਉਲਟਾ ਮੈਨੂੰ ,,ਮਨਪ੍ਰੀਤ ਜਲਪੋਤ,, ਨੂੰ ਹੀ ਕਿਸੇ ਮੁਸਲਮਾਨ ਦਾ ਖੂਨ ਹੋਣ ਬਾਰੇ ਲਿਖ ਕੇ ਭੇਜ ਦਿੱਤਾ। ਮਨਪ੍ਰੀਤ ਨੇ ਕਿਹਾ ਕਿ ਮੈਂ ਇਹ ਪੋਸਟ ਭਗਵਾਨ ਸ੍ਰੀ ਰਾਮ ਜੀ ਦਾ ਅਪਮਾਨ ਕਰਨ ਲਈ ਨਹੀਂ, ਅਜਿਹਾ ਕਰਨ ਵਾਲੇ ਵਿਰੁੱਧ ਕਾਨੂੱਨੀ ਕਾਰਵਾਈ ਕਰਵਾਉਣ ਲਈ ਵਿਨੀਤ ਨੂੰ ਭੇਜੀ ਸੀ। ਕਿਸੇ ਵੀ ਗਰੁੱਪ ਚ, ਮੈਂ ਇਹ ਪੋਸਟ ਸ਼ੇਅਰ ਹੀ ਨਹੀਂ ਕੀਤੀ। ਪਰੰਤੂ ਵਿਨੀਤ ਨੇ ਦੋਸ਼ੀ ਜਾਂ ਗਰੁੱਪ ਐਡਮਿਨ ਦੇ ਵਿਰੁੱਧ ਕੋਈ ਕਾਰਵਾਈ ਕਰਵਾਉਣ ਦੀ ਬਜਾਏ, ਮੈਨੂੰ ਬਦਨਾਮ ਕਰਨ ਤੇ ਝੂਠਾ ਕੇਸ ਦਰਜ਼ ਕਰਵਾਉਣ ਲਈ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਗਹਿਰੀ ਸਾਜਿਸ਼ ਘੜ ਲਈ। ਇਸ ਬਾਰੇ ਮਾਮਲੇ ਦੇ ਤਫਤੀਸ਼ ਅਫਸਰ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਨੂੰ ਵੀ ਸਾਰੇ ਤੱਥ ਵੀ ਪੇਸ਼ ਕੀਤੇ ਗਏ। ਪਰੰਤੂ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ।
ਮਨਪ੍ਰੀਤ ਨੇ ਕਿਹਾ ਕਿ ,, ਨਾ ਮੈਂ ਕੋਈ ਗਲਤੀ ਕੀਤੀ ਹੈ ਅਤੇ ਨਾ ਹੀ ਸਾਜਿਸ਼ ਘਾੜਿਆਂ ,, ਤੋਂ ਕੋਈ ਮਾਫੀ ਮੰਗਣ ਦੀ ਲੋੜ ਹੈ। ਫਿਰ ਵੀ ਜੇਕਰ ਕਾਨੂੰਨੀ ਕਾਰਵਾਈ ਕਰਵਾਉਣ ਲਈ ਭਾਜਪਾ ਨੇਤਾ ਨੂੰ ਮੇਰੇ ਵੱਲੋਂ ਸਕਰੀਨ ਸ਼ੌਟ ਭੇਜਣ ਨਾਲ ਵੀ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੀ ਹੈ, ਤਾਂ ਮੈਂ ਹਿੰਦੂ ਸਮਾਜ ਤੋਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਹਾਂ। ਮਨਪ੍ਰੀਤ ਨੇ ਕਿਹਾ ਕਿ ਕੁਝ ਲੋਕ , ਨਿੱਜ਼ੀ ਰੰਜਿਸ਼ ਕਾਰਣ ਘਟਨਾ ਨੂੰ ਧਾਰਮਿਕ ਰੰਗਤ ਦੇ ਕੇ ਉਸਨੂੰ ਝੂਠੇ ਕੇਸ ਚ, ਫਸਾਉਣਾ ਚਾਹੁੰਦੇ ਹਨ।
ਉਨ੍ਹਾਂ ਪ੍ਰਸ਼ਾਸ਼ਨ ਅਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਤੋਂ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ। ਤਾਂਕਿ ਮੈਨੂੰ ਇਨਸਾਫ ਮਿਲ ਸਕੇ। ਵਰਨਣਯੋਗ ਹੈ ਕਿ ਮਨਪ੍ਰੀਤ ਜਲਪੋਤ ਨੇ ਇਸ ਘਟਨਾਕ੍ਰਮ ਤੋਂ ਦੁਖੀ ਹੋ ਕਿ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਜਿਸਨੂੰ ਡਿੱਗਿਆ ਪਿਆ ,ਦੇਖ ਕੇ ਮਹਿਰਾਜ ਪਿੰਡ ਦੇ ਕੁਝ ਲੋਕਾਂ ਰਾਮਪੁਰਾ ਦੇ ਸਰਕਾਰੀ ਹਸਪਤਾਲ ਚ, ਭਰਤੀ ਕਰਵਾ ਦਿੱਤਾ ਸੀ। ਪਰੰਤੂ ਮਨਪ੍ਰੀਤ ਦੇ ਪਰਿਵਾਰ ਦੇ ਕਹਿਣ ਤੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ ਸੀ।