ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਅਗਸਤ 2023
ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਨੇ ਸਿਵਲ ਹਸਪਤਾਲ ਵਿਚ ਡੇਂਗੂ ਵਾਰਡ ਦਾ ਜਾਇਜ਼ਾ ਲਿਆ ਅਤੇ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਕਿਹਾ ਕਿ ਡੇਂਗੂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਾਰੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਵਿਭਾਗ ਵੱਲੋਂ ਹਰ ਰੋਜ਼ ਵੱਖ-ਵੱਖ ਪਿੰਡਾਂ, ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਸ਼ਹਿਰੀ ਖੇਤਰਾਂ ‘ਚ ਡੇਂਗੂ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਪਣੇ ਘਰਾਂ ਵਿਚ ਰੱਖੇ ਖਾਲੀ ਭਾਂਡਿਆਂ ਵਿਚ ਅਤੇ ਘਰਾਂ ਦੇ ਆਸ-ਪਾਸ ਸਾਫ਼ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਕਿਉਂਕਿ ਡੇਂਗੂ ਦਾ ਮੱਛਰ ਗੰਦੇ ਪਾਣੀ ‘ਤੇ ਨਹੀਂ ਸਗੋਂ ਸਾਫ਼ ਪਾਣੀ ‘ਤੇ ਹੀ ਪਲਦਾ ਹੈ ਅਤੇ ਦਿਨ ਦਾ ਸਮਾਂ ਡੇਂਗੂ ਦੌਰਾਨ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਸਿਰ ਦਰਦ ਅਤੇ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਓ। ਇਸ ਤੋਂ ਇਲਾਵਾ ਘਰ ਵਿੱਚ ਰੱਖੇ ਕੂਲਰਾਂ, ਬਰਤਨਾਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰੋ, ਅਜਿਹੀਆਂ ਸਾਵਧਾਨੀਆਂ ਵਰਤ ਕੇ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਹਰ ਰੋਜ਼ ਪਿੰਡਾਂ ਵਿੱਚ ਘਰ-ਘਰ ਜਾ ਕੇ ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਆਦਿ ਵਿੱਚ ਖੜ੍ਹੇ ਪਾਣੀ ਦੀ ਜਾਂਚ ਕਰ ਰਹੇ ਹਨ। ਤਾਂ ਜੋ ਡੇਂਗੂ ਦੀ ਕਰੋਪੀ ਨੂੰ ਉਥੇ ਹੀ ਨਸ਼ਟ ਕੀਤਾ ਜਾ ਸਕੇ। ਸਹਾਇਕ ਸਿਵਲ ਸਰਜਨ ਡਾ: ਬਬੀਤਾ ਨੇ ਕਿਹਾ ਕਿ ਜੇਕਰ ਲੋਕ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਸਹਿਯੋਗ ਦੇਣ ਤਾਂ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ |
ਇਸ ਦੌਰਾਨ ਡਾ: ਕਵਿਤਾ ਸਿੰਘ, ਡਾ: ਰਿੰਕੂ ਚਾਵਲਾ, ਡਾ: ਰੋਹਿਤ ਗੋਇਲ, ਡਾ: ਐਡੀਸਨ ਐਰਿਕ, ਡਾ: ਅਸੀਮ ਮਾਨੀ, ਅਤਿੰਦਰਪਾਲ ਸਿੰਘ, ਪਾਰਸ ਕਟਾਰੀਆ ਹਾਜ਼ਰ ਸਨ |