ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 27 ਜੁਲਾਈ 2023
ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਕੁਮਾਰ ਗੋਇਲ ਨੇ ਸੀਤੋ ਗੁੰਨੋ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।ਇਸ ਸਮੇਂ ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਡਾ: ਨਵੀਨ ਮਿੱਤਲ ਦੇ ਨਾਲ ਫਾਰਮੇਸੀ, ਦਵਾਈ ਸਟੋਰ, ਲੇਬਰ ਰੂਮ ਅਤੇ ਓ.ਪੀ.ਡੀ ਸਮੇਤ ਹਰ ਵਾਰਡ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀਆਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ |
ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਜ਼ਿਲ੍ਹੇ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਹੋ ਸਕਣ ਤੇ ਸਟਾਫ਼ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਹੋਰ ਸੁਖਾਲਾ ਬਣਾਉਣ ਲਈ ਸਿਹਤ ਵਿਭਾਗ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਛੋਟੇ ਕੇਂਦਰਾਂ ਅਤੇ ਪੀ.ਐਚ.ਸੀ. ਤੋਂ ਰੈਫਰ ਹੋਣ ਤੋਂ ਬਾਅਦ ਮਰੀਜ਼ ਖੁਦ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਉਂਦਾ ਹੈ ਅਤੇ ਇੱਥੇ ਹੀ ਉਸ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਨੂੰ ਕਿਹਾ ਕਿ ਹਸਪਤਾਲਾਂ ਵਿੱਚ ਦਵਾਈਆਂ ਅਤੇ ਹੋਰ ਵਰਤੋਂ ਦਾ ਸਾਰਾ ਸਮਾਨ ਪੂਰਾ ਹੋਣਾ ਚਾਹੀਦਾ ਹੈ ਅਤੇ ਟੈਸਟ ਆਦਿ ਦਾ ਸਮਾਨ ਵੀ ਸਟਾਫ ਨੂੰ ਉੱਪਲੱਬਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਸਟਾਫ ਨੂੰ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਕਿ ਮਰੀਜ਼ ਜਲਦੀ ਠੀਕ ਹੋ ਕੇ ਚੰਗੀਆਂ ਸਿਹਤ ਸਹੂਲਤਾਂ ਲੈ ਕੇ ਘਰ ਵਾਪਸ ਜਾ ਸਕੇ ਤੇ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰੇ।
ਉਨ੍ਹਾਂ ਕਿਹਾ ਕਿ ਦਵਾਈਆਂ ਦੇ ਸਟੋਰਾਂ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਤੇ ਕੁਝ ਹੋਰ ਚੀਜ਼ਾਂ ਦੀ ਘਾਟ ਕਾਰਨ ਸਥਾਨਕ ਪੱਧਰ ‘ਤੇ ਖਰੀਦ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਡਾ: ਸਾਹਿਲ, ਬਲਾਕ ਮਾਸ ਮੀਡੀਆ ਇੰਚਾਰਜ ਸੁਨੀਲ ਟੰਡਨ, ਸੁਖਜਿੰਦਰ, ਫਾਰਮਾਸਿਸਟ ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |