FIR ਰੱਦ ਕਰਵਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਵਫਦ
ਹਰਿੰਦਰ ਨਿੱਕਾ , ਬਰਨਾਲਾ,14 ਜੁਲਾਈ 2023
ਗੁਰੂ ਗੋਬਿੰਦ ਕਾਲਜ ਸੰਘੇੜਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੀਆਂ ਕਥਿਤ ਧੱਕੇਸ਼ਾਹੀਆਂ ਦਾ ਸ਼ਿਕਾਰ ਕਾਲਜ਼ ਦੇ 8 ਪ੍ਰੋਫੈਸਰਾਂ ਖਿਲਾਫ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਅਪਰਾਧਿਕ ਕੇਸ ਦਰਜ਼ ਕਰਵਾਉਣ ਤੋਂ ਬਾਅਦ ਸੰਘਰਸ਼ਸ਼ੀਲ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ ਹੈ। ਵੱਖ ਵੱਖ ਜਥੇਬੰਦੀਆਂ ਦਾ ਇੱਕ ਵਫਦ ਕੇਸ ਰੱਦ ਕਰਵਾਉਣ ਦੀ ਗੁਹਾਰ ਲੈ ਕੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਕੋਲ ਪਹੁੰਚਿਆਂ। ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ/ ਪ੍ਰੋਫੈਸਰ ਯੂਨੀਅਨ ਦੇ ਜਰਨਲ ਸਕੱਤਰ ਡਾਕਟਰ ਗੁਰਦਾਸ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕੀ ਕਮੇਟੀ ਨੇ PCCTU ਦੇ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਤਾਰਾ ਸਿੰਘ ਸਣੇ ਸੱਤ ਹੋਰ ਪ੍ਰੋਫੈਸਰਾਂ ਦੇ ਖਿਲਾਫ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਥਾਣਾ ਸਿਟੀ 1 ਬਰਨਾਲਾ ਵਿਖੇ ਇੱਕ ਮਨਘੜਤ ਕਹਾਣੀ ਘੜ ਕੇ, ਝੂਠਾ ਸੰਗੀਨ ਧਰਾਵਾਂ ਅਧੀਨ ਕੇਸ ਦਰਜ਼ ਕਰਵਾ ਦਿੱਤਾ ਹੈ।
ਉਹਨਾ ਦੱਸਿਆ ਕਿ ਕਾਲਜ਼ ਦੀ ਪ੍ਰਬੰਧਕ ਕਮੇਟੀ ਵਲੋਂ ਕਾਫੀ ਸਮਾਂ ਪਹਿਲਾਂ ਸੱਤ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ, ਜਿੰਨ੍ਹਾਂ ਵਲੋਂ ਆਪਣੀ ਬਰਖਾਸਤਗੀ ਦੇ ਖਿਲਾਫ ਕੋਰਟ ਵਿਚ ਕੇਸ ਕੀਤਾ ਹੋਇਆ ਹੈ । ਬਰਖਾਸਤ ਕੀਤੇ ਉਕਤ ਸੱਤ ਅਧਿਆਪਕਾਂ ਵਿੱਚ 2 ਮਹਿਲਾ ਅਧਿਆਪਕ ਵੀ ਹਨ। ਪਰ ਹੁਣ ਅਦਾਲਤੀ ਕੇਸ਼ ਨੂੰ ਪ੍ਰਭਾਵਿਤ ਕਰਨ ਲਈ ਮੈਨੇਜਮੈਂਟ ਵਲੋਂ ਅਧਿਆਪਕਾਂ ਖਿਲਾਫ਼ ਕਥਿਤ ਝੂਠੀ ਕਹਾਣੀ ਬਣਾ ਕੇ ਕੇਸ਼ ਦਰਜ਼ ਕਰਵਾ ਦਿੱਤਾ ਹੈ। ਉਨਾਂ ਕਿਹਾ ਕੇ ਜੇਕਰ ਅਧਿਆਪਕਾਂ ਖਿਲਾਫ਼ ਦਰਜ਼ ਕੀਤਾ ਝੂਠਾ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ ਹੋਰਨਾਂ ਸੰਘਰਸ਼ੀਲ ਜਥੇਬੰਦੀਆਂ ਨੂੰ ਨਾਲ ਲੈਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ । ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਵਫਦ ਵਿੱਚ ਪ੍ਰੋਫੈਸਰ ਜਥੇਬੰਦੀ ਦੇ ਆਗੂ ਡਾਕਟਰ ਬੀ. ਬੀ. ਯਾਦਵ, ਡਾਕਟਰ ਸੁਰਜੀਤ ਧਾਲੀਵਾਲ, ਡਾਕਟਰ ਬਹਾਦਰ ਸਿੰਘ, ਪ੍ਰੋਫੈਸਰ ਵਰੁਣ ਗੋਇਲ, ਪ੍ਰੋਫੈਸਰ ਅਮਨਦੀਪ ਸਿੰਘ , ਪੀ.ਐਸ.ਐਸ.ਐਫ ਦੇ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ, ਪੰਜਾਬ ਸਟੇਟ ਕਲੈਰੀਕਲ ਯੂਨੀਅਨ ਦੇ ਸੂਬਾਈ ਆਗੂ ਤਰਸੇਮ ਭੱਠਲ, ਡੀਟੀਐਫ ਦੇ ਜਿਲਾ ਪ੍ਰਧਾਨ ਰਾਜੀਵ ਕੁਮਾਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆ ਤੋਂ ਇਲਾਵਾ ਸੰਘੇੜਾ ਪਿੰਡ ਦੇ ਕਾਫੀ ਮੋਹਤਬਰ ਵਿਅਕਤੀ ਵੀ ਮੌਜੂਦ ਸਨ।
ਕਿਹੜੇ-ਕਿਹੜੇ ਪ੍ਰੋਫੈਸਰਾਂ ਖਿਲਾਫ ਦਰਜ ਹੋਈ ਐਫ.ਆਈ.ਆਰ.
ਥਾਣਾ ਸਿਟੀ 1 ਬਰਨਾਲਾ ਵਿਖੇ ਭੋਲਾ ਸਿੰਘ ਵਿਰਕ ਵੱਲੋਂ ਦਰਜ਼ ਕਰਵਾਈ ਐਫ.ਆਈ.ਆਰ ਵਿੱਚ ਪ੍ਰੋਫੈਸਰ ਤਾਰਾ ਸਿੰਘ , ਪ੍ਰੋਫੈਸਰ ਹਰਕਮਲਦੀਪ ਸਿੰਘ, ਪ੍ਰੋਫੈਸਰ ਰਣਵੀਰ ਵੀਰੇਂਦਰ ਸਿੰਘ, ਪ੍ਰੋਫੈਸਰ ਗੁਰਪ੍ਰੀਤ ਕੌਰ , ਪ੍ਰੋਫੈਸਰ ਰਮਿੰਦਰਪਾਲ ਕੌਰ , ਪ੍ਰੋਫੈਸਰ ਹਰਦੀਪ ਕੌਰ, ਪ੍ਰੋਫੈਸਰ ਦਲਜੀਤ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ ਤੋਂ ਇਲਾਵਾ ਭੋਲਾ ਸਿੰਘ ਵਿਰਕ ਨੂੰ ਕਥਿਤ ਫੋਨ ਕਾਲ ਤੇ ਧਮਕੀਆਂ ਦੇਣ ਵਾਲਾ ਅਣਪਛਾਤਾ ਵਿਅਕਤੀ ਦਰਜ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਭੋਲਾ ਸਿੰਘ ਵਿਰਕ ਨੇ ਕਿਹਾ ਹੈ ਕਿ 2 ਅਤੇ 5 ਜੁਲਾਈ ਨੂੰ ਉਸ ਨੂੰ ਫੋਨ ਨੰਬਰ-491728740273 ਤੋਂ ਇੱਕ ਅਣਪਛਾਤੇ ਵਿਅਕਤੀ ਨੇ ਮੈਨੂੰ ਵਟਸਅੱਪ ਕਾਲ ਕਰਕੇ, ਕਿਹਾ ਕਿ ਤੁਸੀਂ ਕਾਲਜ ਦੇ ਟੀਚਰਾਂ ਨੂੰ ਨੌਕਰੀ ਤੋਂ ਕੱਢ ਕੇ ਬਹੁਤ ਗਲਤ ਕੰਮ ਕੀਤਾ ਹੈ। ਤੁਸੀਂ ਪ੍ਰੋਫੈਸਰਾਂ ਦੇ ਸਸਪੈਂਸ਼ਟ ਆਰਡਰ ਕੈਂਸਲ ਕਰੋ,ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੇਰੀ ਅਗਲੀ ਕਾਲ ਆਉਣ ਤੋਂ ਪਹਿਲਾਂ ਪਹਿਲਾਂ ਨਿਯੁਕਤੀ ਪੱਤਰ ਜਾਰੀ ਕਰੋ ਅਤੇ ਮੌਜੂਦਾ ਪ੍ਰੋਫੈਸਰ ਤਾਰਾ ਸਿੰਘ ਨੂੰ ਤੰਗ ਕਰਨਾ ਬੰਦ ਕਰੋ। ਉਨਾਂ (ਭੋਲਾ ਸਿੰਘ ਵਿਰਕ ) ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਅੱਗੋਂ ਫੋਨ ਕਰਨ ਵਾਲਾ ਵਿਅਕਤੀ ਨਾਂਹ ਸੁਣ ਕੇ ਸਖਤੀ ਵਾਲੇ ਮੂੜ ਵਿੱਚ ਬੋਲਿਆ ਕਿ ਤੁਹਾਨੂੰ ਨਹੀਂ ਪਤਾ, ਅਸੀਂ ਕੌਣ ਹਾਂ, ਅਸੀਂ ਬਹੁਤ ਵੱਡਿਆ ਵੱਡਿਆ ਨੂੰ ਸਿੱਧਾ ਕੀਤਾ ਹੈ ਤੇ ਸੋਧਾ ਲਾਇਆ ਹੈ। ਤੁਸੀਂ ਕਿਹੜੇ ਬਾਗ ਦੀ ਮੂਲੀ ਹੋਂ, ਮੈਂ ਲੱਕੀ ਪਟਿਆਲ ਦਾ ਛੋਟਾ ਭਰਾ ਬੋਲਦਾ ਹਾਂ। ਜੇ ਮੇਰੇ ਫੋਨ ਪਰ ਕੰਮ ਕਰਤਾ ਤਾਂ ਠੀਕ ਹੈ, ਨਹੀਂ ਫਿਰ ਸਾਨੂੰ ਕੰਮ ਕਰਵਾਉਣਾ ਆਉਂਦਾ ਹੈ। ਦਰਜ ਐਫ.ਆਈ.ਆਰ ਅਨੁਸਾਰ ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਤੂੰ ਪ੍ਰੋਫੈਸਰਾਂ ਨੂੰ ਨੌਕਰੀ ਤੇ ਦੁਬਾਰਾ ਰੱਖਣ ਵਾਲਾ ਕੰਮ ਨਾ ਕੀਤਾ ਤਾਂ ਫਿਰ ਅਸੀਂ ਤੇਰਾ ਉਹ ਹਸ਼ਰ ਕਰਾਂਗੇ, ਜਿਸ ਨੂੰ ਤੇਰੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਤੈਨੂੰ ਤੇ ਤੇਰੇ ਪਰਿਵਾਰ ਨੂੰ ਕਿਸੇ ਸਮੇਂ ਵੀ ਠੋਕ ਦੇਵਾਂਗੇ, ਅਜਿਹੀਆਂ ਧਮਕੀਆਂ ਦੇ ਕੇ, ਉਹ ਫੋਨ ਕੱਟ ਗਿਆ। ਭੋਲਾ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਹ ਸਾਫ ਜਾਹਿਰ ਹੁੰਦਾ ਹੈ ਨੌਕਰੀ ਤੋਂ ਫਾਰਗ ਕੀਤੇ ਪ੍ਰੋਫੈਸਰਾਂ ਅਤੇ ਪ੍ਰੋਫੈਸਰ ਤਾਰਾ ਸਿੰਘ ਨੇ ਹੀ, ਫੋਨ ਕਾਲ ਕਰਨ ਵਾਲੇ ਵਿਅਕਤੀ ਨੂੰ ਅਪਰੋਚ ਕਰਕੇ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿਵਾਈਆਂ ਹਨ। ਇਹ ਸਾਰੇ ਜਣੇ ਇਕੱਠੇ ਹੋ ਕੇ, ਮੇਰੀ ਅਤੇ ਮੇਰੇ ਪਰਿਵਾਰ ਦੀ ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਮੈਨੂੰ ਗਲਤ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ। ਇਹ ਮੇਰੀ ਜਾਨ-ਮਾਲ ਦਾ ਨੁਕਸਾਨ ਕਰ ਸਕਦੇ ਹਨ। ਪੁਲਿਸ ਨੇ ਭੋਲਾ ਸਿੰਘ ਵਿਰਕ ਵੱਲੋਂ ਉਕਤ ਦੋਸ਼ ਲਗਾ ਕੇ, ਐਸ.ਐਚ.ੳ. ਬਰਨਾਲਾ ਨੂੰ ਦਿੱਤੀ ਦੁਰਖਾਸਤ ਦੇ ਅਧਾਰ ਪਰ, ਨਾਮਜ਼ਦ ਸਾਰੇ ਦੋਸ਼ੀਆਂ ਖਿਲਾਫ 6 ਜੁਲਾਈ ਨੂੰ ਹੀ ਅਧੀਨ ਜੁਰਮ 385/387/506/120 B ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉੱਧਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਵਫਦ ਨੇ, ਪੁਲਿਸ ਵੱਲੋਂ ਕੇਸ ਦਰਜ਼ ਕਰਨ ਲਈ ਅਪਣਾਈ ਪ੍ਰਕਿਰਿਆ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੁਲਿਸ ਨੇ ਸ਼ਕਾਇਤ ਦੀ ਕੋਈ ਪੜਤਾਲ ਕੀਤੇ ਬਿਨਾਂ ਹੀ ਪ੍ਰੋਫੈਸਰਾਂ ਖਿਲਾਫ ਕੇਸ ਦਰਜ਼ ਕੀਤਾ ਹੈ।