ਸੀਲ ਨਹੀਂ ਕੀਤੇ, ਸਿਰਫ ਕੇਂਦਰਾਂ ਦੇ ਗੇਟਾਂ ਬਾਹਰ ਹੀ ਚਿਪਕਾਏ ਲੁਕਵੇਂ ਜਿਹੇ ਨੋਟਿਸ
ਪ੍ਰਸ਼ਾਸਨ ਨੇ ਮੀਡੀਆ ਨੂੰ ਜ਼ਾਰੀ ਨਹੀਂ ਕੀਤੀ ਸੀਲ ਕੀਤੇ ਕੇਂਦਰਾਂ ਦੀ ਸੂਚੀ
ਹਰਿੰਦਰ ਨਿੱਕਾ , ਬਰਨਾਲਾ, 14 ਜੁਲਾਈ 2023
Immigration & ਆਈਲੈਟਸ ਕੇਂਦਰਾਂ ਦੀ ਜਾਂਚ ਲਈ, ਪੰਜਾਬ ਸਰਕਾਰ ਦੁਆਰਾ ਲੰਘੇ ਦਿਨੀਂ ਜ਼ਾਰੀ ਕੀਤੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕੀਤੀ ਗਈ ਚੈਕਿੰਗ, ਜਮੀਨੀ ਪੱਧਰ ਤੇ ਪੜਤਾਲ ਕਰਨ ਉਪਰੰਤ ਖਾਨਾਪੂਰਤੀ ਹੀ ਹੋ ਨਿਬੜੀ। ਬੇਸ਼ੱਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਬਰਨਾਲਾ ਦੇ ਵੱਖ-ਵੱਖ ਆਈਲੈਟਸ ਅਤੇ ਇਮੀਗ੍ਰੇਸ਼ਨ ਕੇਂਦਰਾਂ ਦੀ ਚੈਕਿੰਗ ਤੋਂ ਬਾਅਦ 10 ਕੇਂਦਰਾਂ ਨੂੰ ਸੀਲ ਕੀਤੇ ਜਾਣ ਦੀ ਸੂਚਨਾ ਮੀਡੀਆ ਨੂੰ ਦੇ ਦਿੱਤੀ ਗਈ ਹੈ। ਪਰ ਹਕੀਕਤ ਦੇ ਤੌਰ ਤੇ ਸ਼ਹਿਰ ਦਾ ਕੋਈ ਵੀ ਸੈਂਟਰ ਸੀਲ ਨਹੀਂ ਕੀਤਾ ਗਿਆ। ਸਿਰਫ ਸੀਲ ਕੀਤੇ ਗਏ ਸੈਂਟਰਾਂ ਦੇ ਬਾਹਰ ਲੁਕਵੇਂ ਜਿਹੇ ਢੰਗ ਨਾਲ ਸੈਂਟਰਾਂ ਨੂੰ ਸੀਲ ਕਰਨ ਸਬੰਧੀ ਨੋਟਿਸ ਜਰੂਰ ਚਿਪਕਾ ਦਿੱਤੇ ਗਏ ਹਨ । ਜਿੰਨ੍ਹਾਂ ਨੂੰ ਸੈਂਟਰ ਸੰਚਾਲਕਾਂ ਨੇ ਅਧਿਕਾਰੀਆਂ ਦੇ ਉਥੋਂ ਚਲੇ ਜਾਣ ਉਪਰੰਤ ਹੀ ਗੇਟਾਂ ਨੂੰ ਖੋਹਲ ਕੇ ਢਕਣ ਦੀਆਂ ਕੋਸ਼ਿਸ਼ਾਂ ਕੀਤੀਆ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ-ਸਵੇਰੇ ਕਰੀਬ 10 ਕੁ ਵਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ ਅਤੇ ਉਨ੍ਹਾਂ ਦੇ ਟੀਮ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੇ, Immigration & ਆਈਲੈਟਸ ਕੇਂਦਰਾਂ ਦੀ ਅਚਨਚੇਤੀ ਚੈਕਿੰਗ ਕੀਤੀ । ਚੈਕਿੰਗ ਦੌਰਾਨ 10 ਸੈਂਟਰਾਂ ਦੇ ਸੰਚਾਲਕ ਚੈਕਿੰਗ ਟੀਮ ਨੂੰ ਮੰਜੂਰੀ ਸਬੰਧੀ ਕੋਈ ਦਸਤਾਵੇਜ ਮੌਕੇ ਤੇ ਪੇਸ਼ ਨਹੀਂ ਕਰ ਸਕੇ। ਅਜਿਹੇ ਸੈਂਟਰਾਂ ਦੇ ਬਾਹਰ ਗੇਟਾਂ ਜਾਂ ਥਮਲਿਆਂ ਤੇ ਸੈਂਟਰ ਸੀਲ ਕਰਨ ਸਬੰਧੀ, ਨੋਟਿਸ ਚਿਪਕਾ ਦਿੱਤੇ ਗਏ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਇਹ ਸੈਂਟਰ ਸੀਲ ਕੀਤਾ ਗਿਆ ਹੈ, ਸੈਂਟਰ ਸੰਚਾਲਕ 17 ਜੁਲਾਈ ਨੂੰ ਆਪਣੇ ਦਸਤਾਵੇਜ ,ਜਿਲਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 82 ।ਦਫਤਰ ਡਿਪਟੀ ਕਮਿਸ਼ਨਰ ਵਿਖੇ ਦਿਖਾ ਕੇ ਹੀ ਸੈਂਟਰ ਖੋਹਲਣਗੇ।
ਜਾਂਚ ਅਧਿਕਾਰੀ ਚਲੇ ਗਏ ‘ਤੇ ਖੁੱਲ੍ਹੇ ਸੈਂਟਰ
ਸਵੇਰ ਸਮੇਂ ਸੈਂਟਰ ਸੀਲ ਕਰਨ ਸਬੰਧੀ ਹਦਾਇਤ ਲਿਖਿਆ ਨੋਟਿਸ ਸੈਂਟਰਾਂ ਦੇ ਬਾਹਰ ਚਿਪਕ ਕੇ ਜਾਂਚ ਅਧਿਕਾਰੀ ਤਾਂ ਚਲੇ ਗਏ, ਪਰੰਤੂ ਉਨਾਂ ਦੇ ਉੱਥੋਂ ਜਾਂਦਿਆਂ ਹੀ, ਸੀਲ ਲਿਖਕੇ ਬੰਦ ਕੀਤੇ ਬਹੁਤੇ ਸੈਂਟਰਾਂ ਦੇ ਗੇਟ ਪਹਿਲਾਂ ਵਾਂਗ ਹੀ ਖੁੱਲ੍ਹ ਗਏ। ਇਸ ਸਬੰਧੀ, ਬਰਨਾਲਾ ਟੂਡੇ ਦੀ ਟੀਮ ਨੇ ਬਾਅਦ ਦੁਪਹਿਰ ਕਰੀਬ ਤਿੰਨ ਕੁ ਵਜੇ ਮੌਕਾ ਮੁਆਇਨਾ ਕੀਤਾ। ਲੱਖੀ ਕਲੋਨੀ ‘ਚ ਚੱਲ ਸੈਂਟਰ ਤੇ ਪਹੁੰਚੇ ਤਾਂ ਥਮਲੇ/ਪਿਲਰ ਤੇ ਨੋਟਿਸ ਲੱਗਿਆ ਹੋਇਆ ਸੀ, ਪਰੰਤੂ ਸੈਂਟਰ ਖੁੱਲ੍ਹਾ ਸੀ। ਫਿਰ ਬੱਸ ਸਟੈਂਡ ਦੀ ਬੈਕ ਸਾਈਡ, ਪੀਆਰਟੀਸੀ ਵਰਕਸ਼ਾਮ ਦੇ ਸਾਹਮਣੇ ਟੱਚ ਸਟੋਨ ਵਾਲਿਆਂ ਦੇ ਸ਼ੀਸ਼ੇ ਦੇ ਗੇਟ ਪਰ ਨੋਟਿਸ ਲੱਗਿਆ ਸੀ, ਪਰ ਜਦੋਂ ਫੋਟੋ ਖਿੱਚਣ ਦੀ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਗੇਟ ਖੋਹਲ ਦਿੱਤ, ਤੇ ਨੋਟਿਸ ਰੇਲਿੰਗ ਸ਼ੀਸ਼ੇ ਦੇ ਪਿੱਛੇ ਢੱਕ ਦਿੱਤਾ ਗਿਆ। ਫਿਰ ਸਾਡੀ ਟੀਮ ਕੈਨਮ ਸੈਂਟਰ ਤੇ ਪਹੁੰਚੀ ਤਾਂ ਨੋਟਿਸ ਬਿਲਕੁਲ ਲੁਕਿਆ ਜਿਹਾ, ਥਮਲੇ ਤੇ ਚਿਪਿਆ ਮਿਲਿਆ, ਪਰੰਤੂ ਉਹ ਆਉਣ ਜਾਣ ਵਾਲਿਆਂ ਦੇ ਨਜ਼ਰੀ ਹੀ ਨਹੀਂ ਪੈਂਦਾ ਸੀ। ਅਜਿਹੇ ਹੀ ਹਾਲਤ ਹੋਰਨਾਂ ਸੀਲ ਕੀਤੇ ਸੈਂਟਰਾਂ ਦੇ ਵੀ ਵੇਖਣ ਨੂੰ ਮਿਲੇ। ਸਾਰੇ ਸੀਲ ਲਿਖੇ ਸੈਂਟਰਾਂ ਵਿੱਚ ਮੌਜੂਦ ਮੁਲਾਜਮਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਮੰਜੂਰੀ ਤਾਂ ਹੈ, ਪਰ ਅਸੀਂ 17 ਜੁਲਾਈ ਨੂੰ ਇਸ ਦੀ ਕਾਪੀ ਡੀਸੀ ਦਫਤਰ ਵਿਖੇ ਪਹੁੰਚਾ ਦਿਆਂਗੇ। ਉਨ੍ਹਾਂ ਸੈਂਟਰਾਂ ਦੇ ਬਾਹਰ ਪ੍ਰਸ਼ਾਸ਼ਨ ਵੱਲੋਂ ਸੀਲ ਕਰਨ ਸਬੰਧੀ ਲੱਗੇ ਨੋਟਿਸ ਦੇ ਬਾਵਜੂਦ ਸੈਂਟਰ ਖੁੱਲ੍ਹਾ ਰੱਖਣ ਬਾਰੇ ਪੁੱਛਣ ਦੇ ਗੋਲਮੋਲ ਜਿਹੇ ਜੁਆਬ ਦੇਕੇ ਟਾਲਾ ਵੱਟਿਆ। ਟੀਮ ਪਹੁੰਚਣ ਦੀ ਭਿਣਕ ਪਈ ਤਾਂ ਕਈ ਬੰਦ ਕਰਕੇ, ਹੋਏ ਫੁਰਰ
ਜਿਲਾ ਪ੍ਰਸ਼ਾਸ਼ਨ ਵੱਲੋਂ ਕੀਤੀ ਚੈਕਿੰਗ ਦੀ ਭਿਣਕ ਪਹਿਲਾਂ ਹੀ ਲੱਗ ਜਾਣ ਕਾਰਣ, ਕਾਫੀ ਸੈਂਟਰ ਸੰਚਾਲਕ ਟੀਮ ਨੂੰ ਚਕਮਾ ਦੇ ਕੇ, ਉੱਥੋਂ ਫੁਰਰ ਹੋ ਗਏ, ਜਿਸ ਕਾਰਣ, ਟੀਮ ਕਾਫੀ ਸੈਂਟਰਾਂ ਦੇ ਦਸਤਾਵੇਜਾਂ ਦੀ ਜਾਂਚ ਕਰਨ ਤੋਂ ਵਿਰਵੀ ਰਹਿ ਗਈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਇਨ੍ਹਾਂ ਕੇਂਦਰਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ ਅਤੇ ਉਨ੍ਹਾਂ ਦੇ ਟੀਮ ਨੇ ਕੀਤੀ। ਸੁਖਪਾਲ ਸਿੰਘ ਨੇ ਦੱਸਿਆ ਕਿ ਕਰੀਬ 10 ਕੇਂਦਰਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ। ਇਨ੍ਹਾਂ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਦਸਤਾਵੇਜ਼ ਸਬੰਧਿਤ ਸਰਕਾਰੀ ਦਫਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੇ ਦਸਤਾਵੇਜ਼ ਜਮਾਂ ਕਰਵਾਉਣ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।