S. H. O ਨੇ ਕਿਹਾ -ਬਿਆਨ ਦਰਜ਼, ਸਮਝੌਤੇ ਦੀ ਚੱਲ ਰਹੀ ਸੀ ਗੱਲਬਾਤ , ਸਮਝੌਤਾ ਨਾ ਹੋਇਆਂ ਤਾਂ ਕਰਾਂਗੇ ਕਾਰਵਾਈ
ਹਰਿੰਦਰ ਨਿੱਕਾ , ਬਰਨਾਲਾ 10 ਜੂਨ 2023
ਸ਼ਹਿਰ ਦੇ ਨਾਨਕਸਰ ਰੋਡ ਤੇ ਸਥਿਤ ਆਰ.ਐਨ. ਕਿਚਨ(Hotel) ਦੀ ਸੰਚਾਲਕ ਔਰਤ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ ਤੋਂ ਪੰਜ ਦਿਨ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ। ਜਦੋਂਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਬੇਹੱਦ ਸਹਿਮੀ ਪੀੜਤ ਔਰਤ ਨੂੰ ਇਨਸਾਫ ਮਿਲਣ ਦਾ ਇੰਤਜ਼ਾਰ ਹੈ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਸਮਝੌਤੇ ਦੀ ਗੱਲਬਾਤ ਚਲਦੀ ਹੋਣ ਕਾਰਣ, ਹਾਲੇ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜੇਕਰ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਨਾਮਜ਼ਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਜਰੂਰ ਲਿਆਂਦੀ ਜਾਵੇਗੀ।
ਕਦੋਂ, ਕੀ ਹੋਇਆ
ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਪੀੜਤ ਸੁਖਵਿੰਦਰ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਗੁਰਦੇਵ ਨਗਰ, ਗਲੀ ਨੰਬਰ-2, ਨਾਨਕਸਰ ਰੋਡ ਬਰਨਾਲਾ ਨੇ ਦੱਸਿਆ ਕਿ 6 ਜੂਨ ਦੀ ਸਵੇਰੇ ਕਰੀਬ 11 ਵਜੇ ਉਹ ਆਪਣੇ ਘਰੋਂ ਦੁੱਧ ਲੈਣ ਲਈ ਜਾ ਰਹੀ ਸੀ। ਉਦੋਂ ਮੇਰੇ ਘਰ ਦੇ ਬਾਹਰ ਖੜੀ ਰਾਣੀ ਗਾਲਾਂ ਕੱਢਣ ਲੱਗ ਪਈ ਤੇ ਉਸ ਦੇ ਪਤੀ ਜਗਸੀਰ ਸਿੰਘ ਸੀਰਾ,ਜੱਗਾ,ਮਨੀ ਤੇ ਗੋਰਾ ਆਦਿ ਨੇ ਮੈਨੂੰ ਬੇਇੱਜਤ ਕਰਨ ਲਈ ਬੁਰੀ ਨੀਅਤ ਨਾਲ ਫੜ੍ਹ ਲਿਆ । ਵਿਰੋਧ ਕਰਨ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੈਂ ਮਾਰਤੀ ਮਾਰਤੀ ਦਾ ਰੌਲਾ ਪਾਇਆ ਤੇ ਮੇਰਾ ਚੀਕ ਚਿਹਾੜਾ ਸੁਣਕੇ ਮੌਕਾ ਪਰ ਪਹੁੰਚੇ ਮੇਰੇ ਪਤੀ ਨੇ ਮੈਨੂੰ ਛੁਡਾਇਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ । ਖੁਦ ਨਾਲ ਦਿਨ ਦਿਹਾੜੇ ਹੋਈ ਗੁੰਡਾਰਦੀ ਦੀ ਘਟਨਾ ਅਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਣ ਸਹਿਮੀ ਹੋਈ ਸੁਖਵਿੰਦਰ ਕੌਰ ਨੇ ਦੱਸਿਆ ਕਿ ਥਾਣਾ ਸਿਟੀ 2 ਬਰਨਾਲਾ ਵਿਖੇ ਤਾਇਨਾਤ ਏ.ਐਸ.ਆਈ. ਜਗਸੀਰ ਸਿੰਘ ,ਮੇਰੇ ਬਿਆਨ ਕਲਮਬੰਦ ਕਰਕੇ ਤਾਂ ਲੈ ਗਿਆ, ਪਰੰਤੂ ਦੋਸ਼ੀ ਧਿਰ ਪ੍ਰਭਾਵਸ਼ਾਲੀ ਹੋਣ ਕਾਰਣ, ਪੁਲਿਸ ਕੇਸ ਦਰਜ਼ ਕਰਨ ਦੀ ਬਜਾਏ, ਸਾਡੇ ਉੱਪਰ ਸਮਝੌਤੇ ਲਈ ਕਈ ਦਿਨਾਂ ਤੋਂ ਦਬਾਅਪਾ ਰਹੀ ਹੈ। ਉਨਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਨਾਮਜ਼ਦ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਹ ਬਣੀ ਲੜਾਈ ਦੀ ਵਜ੍ਹਾ
ਸੁਖਵਿੰਦਰ ਕੌਰ ਅਤੇ ਉਸ ਦੇ ਪਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ 4 ਵਰ੍ਹਿਆਂ ਤੋਂ ਨਾਨਕਸਰ ਰੋਡ ਤੇ ਪੈਟਰੌਲ ਪੰਪ ਦੇ ਸਾਹਮਣੇ ਆਰ.ਐਨ. ਕਿਚਨ ਹੋਟਲ ਚਲਾ ਰਹੇ ਹਾਂ । ਇਹ ਹੋਟਲ ਗੁਰਲਾਭ ਸਿੰਘ ਤੋਂ ਕਿਰਾਏ ਪਰ ਲਿਆ ਹੋਇਆ ਸੀ। ਹੋਟਲ ਪਰ ਅਸੀਂ ਲੱਖਾਂ ਰੁਪਏ ਖੁਦ ਖਰਚ ਕੀਤਾ ਸੀ। ਪਰੰਤੂ ਜਗ੍ਹਾ ਦੇ ਮਾਲਿਕ ਗੁਰਲਾਭ ਸਿੰਘ ਦੀ ਮੌਤ ਉਪਰੰਤ ਉਸਦੇ ਪੁੱਤਰ ਜਗਸੀਰ ਸਿੰਘ ਸੀਰਾ ਤੇ ਉਸ ਦੀ ਪਤਨੀ ਰਾਣੀ ਕੌਰ ਨੇ ਹੋਟਲ ਛੁੜਾਉਣ ਲਈ ਝਗੜਾ ਸ਼ੁਰੂ ਕਰ ਦਿੱਤਾ। ਉਹ ਆਪਣੇ ਰਾਜਸੀ ਪ੍ਰਭਾਵ ਅਤੇ ਪੈਸੇ ਦੇ ਜ਼ੋਰ ਤੇ, ਧੱਕੇ ਨਾਲ ਹੋਟਲ ਖਾਲੀ ਕਰਵਾਉਣਾ ਚਾਹੁੰਦੇ ਸਨ। ਇਸ ਲਈ ਅਸੀਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ , ਅਦਾਲਤ ਨੇ ਜਬਰਦਸਤੀ ਹੋਟਲ ਖਾਲੀ ਕਰਵਾਉਣ ਤੇ ਸਟੇਅ ਦਾ ਹੁਕਮ ਦੇ ਦਿੱਤਾ ਸੀ। 14 ਮਈ 2023 ਨੂੰ ਕੁੱਝ ਮੋਹਤਬਰ ਵਿਅਕਤੀਆਂ ਨੇ ਹੋਟਲ ਉੱਤੇ ਖਰਚ ਕੀਤੇ ਲੱਖਾਂ ਰੁਪਏ ਦੇਣ ਅਤੇ ਹੋਟਲ ਵਿੱਚੋਂ ਸਾਡਾ ਸਮਾਨ ਚੁੱਕਵਾਉਣ ਦਾ ਭਰੋਸਾ ਦੇ ਕੇ ਸਾਡਾ ਜੁਬਾਨੀ ਸਮਝੌਤਾ ਕਰਵਾਇਆ। ਪਰੰਤੂ ਸਮਝੌਤਾ ਸਿਰੇ ਨਹੀਂ ਚੜਿਆ, ਹੁਣ ਨਾਮਜ਼ਦ ਦੋਸ਼ੀ , ਸਟੇਅ ਆਰਡਰ ਹੋਣ ਤੇ ਬਾਵਜੂਦ ਵੀ ਮੁਕਾਮੀ ਪੁਲਿਸ ਨਾਲ ਸਾਜਬਾਜ ਕਰਕੇ, ਧੱਕੇ ਨਾਲ ਹੋਟਲ ਤੇ ਕਬਜਾ ਕਰਕੇ,ਸਾਡਾ ਸਮਾਨ ਖੁਰਦ ਬੁਰਦ ਕਰਨਾ ਚਾਹੁੰਦੇ ਹਨ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਪੁਲਿਸ ਦੀ ਸਾਜਬਾਜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਸੀਰ ਸਿੰਘ ਨੇ ਸੁਖਵਿੰਦਰ ਕੌਰ ਦੇ ਬਿਆਨ ਕਲਮਬੰਦ ਕਰ ਲਏ ਹਨ, ਘਟਨਾ ਦੀ ਪੜਤਾਲ ਵੀ ਜ਼ਾਰੀ ਹੈ। ਪਰੰਤੂ ਦੋਵਾਂ ਧਿਰਾਂ ਦੇ ਮੋਹਤਬਰ ਵਿਅਕਤੀ ਸਮਝੌਤੇ ਦੀ ਗੱਲ ਕਹਿ ਕੇ ਕਾਨੂੰਨੀ ਕਾਰਵਾਈ ਫਿਲਹਾਲ ਨਾ ਕਰਨ ਬਾਰੇ ਸਾਨੂੰ ਮਿਲੇ ਸਨ। ਜੇਕਰ ਸਮਝੌਤਾ ਸਿਰੇ ਨਹੀਂ ਚੜ੍ਹਿਆ ਤਾਂ ਨਾਮਜ਼ਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਰੂਰ ਅਮਲ ਵਿੱਚ ਲਿਆਂਦੀ ਜਾਵੇਗੀ।