ਮੌਕੇ ਤੇ ਫੜ੍ਹਿਆ, ਕਰਤੀ ਛਿੱਤਰ ਪਰੇਡ, ਬਰਨਾਲਾ CLUB ‘ਚ ਪਹੁੰਚੇ ਮੁੰਡੇ ਦੇ ਮਾਪੇ-swimming pool news in barnala.
ਹਰਿੰਦਰ ਨਿੱਕਾ , ਬਰਨਾਲਾ 10 ਜੂਨ 2023
ਸ਼ਹਿਰ ਦੇ ਰਹੀਸ ਲੋਕਾਂ ਲਈ ਬਣੇ ਬਰਨਾਲਾ ਕਲੱਬ ‘ਚ ਅੱਜ ਤੜਕਸਾਰ ਸਵੀਮਿੰਗ ਪੂਲ ‘ਚੋਂ ਨਹਾ ਕੇ ਨਿੱਕਲੀ ਇੱਕ ਨਾਬਾਲਿਗ ਕੁੜੀ ਦੀ ਇੱਕ ਮੁੰਡੇ ਵੱਲੋਂ ਮੋਬਾਇਲ ਨਾਲ ਵੀਡੀੳ ਬਣਾਉਣ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਤਰਥੱਲੀ ਮੱਚ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਕੋਚ ਅਤੇ ਮੌਕੇ ਤੇ ਕਲੱਬ ‘ਚ ਮੌਜੂਦ ਮੈਂਬਰਾਂ ਨੇ ਦੋ ਮੁੰਡਿਆਂ ਦੀ ਛਿੱਤਰ ਪਰੇਡ ਵੀ ਕੀਤੀ ਅਤੇ ਨਾਬਾਲਿਗ ਲੜਕੀ ਨੂੰ ਵੱਖਰੇ ਕਮਰੇ ਵਿੱਚ ਬਿਠਾ ਦਿੱਤਾ। ਵੀਡੀੳ ਬਣਾਉਣ ਵਾਲੇ ਮੁੰਡਿਆਂ ਵਿੱਚੋਂ ਇੱਕ ਤਾਂ ਆਬਕਾਰੀ ਮਹਿਕਮਾ ਦੇ ਇੰਸਪੈਕਟਰ ਦਾ ਬੇਟਾ ਹੈ। ਜਦੋਂ ਘਟਨਾ ਦੀ ਸੂਚਨਾ ਦੋਵਾਂ ਮੁੰਡਿਆਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਤਾਂ ਦੋਵਾਂ ਜਣਿਆਂ ਦੇ ਮਾਪੇ ਵੀ ਆਪਣੇ ਲਾਡਲਿਆਂ ਨੂੰ ਇੱਕ ਵਾਰ ਮੁਆਫੀ ਦਿਵਾਉਣ ਲਈ ਪਹੁੰਚ ਗਏ। ਇਸ ਘਿਨਾਉਣੀ ਘਟਨਾ ਦੀ ਪੁਸ਼ਟੀ ਕਲੱਬ ਦੇ ਦੋ ਸੀਨੀਅਰ ਮੈਂਬਰਾਂ ਨੇ ਵੀ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਬਰਨਾਲਾ ਕਲੱਬ ਵਿੱਚ ਬਣੇ ਸਵੀਮਿੰਗ ਪੂਲ ਵਿੱਚ ਕਲੱਬ ਮੈਂਬਰਾਂ ਦੇ ਬੱਚਿਆਂ ਤੋਂ ਇਲਾਵਾ ਤਿਮਾਹੀ ਫੀਸ ਦੇ ਕੇ ਵੀ ਐਂਟਰੀ ਕਰਵਾਈ ਜਾਂਦੀ ਹੈ। ਸਵੀਮਿੰਗ ਪੂਲ ਦਾ ਸਮਾਂ ਸਵੇਰੇ 6 ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਨਿਸਚਿਤ ਕੀਤਾ ਹੋਇਆ ਹੈ। ਸਵੇਰ ਵੇਲੇ ਸਵੀਮਿੰਗ ਪੂਲ ਉੱਤੇ ਦੋ ਪੁਰਸ਼ ਲਾਈਫ ਗਰਾਡ ਵੀ ਮੌਜੂਦ ਰਹਿੰਦੇ ਹਨ। ਜਦੋਂਕਿ ਸ਼ਾਮ ਸਮੇਂ ਇੱਕ ਔਰਤ ਲਾਈਫ ਗਾਰਡ ਮੌਜੂਦ ਰਹਿੰਦੀ ਹੈ। ਹੋਇਆ ਇਉਂ ਕਿ ਅੱਜ ਸਵੇਰੇ ਕਰੀਬ ਸਾਢੇ ਕੁ ਸੱਤ ਵਜੇ 10/12 ਵਰ੍ਹਿਆਂ ਦੀ ਇੱਕ ਨਾਬਾਲਿਗ ਕੁੜੀ ਸਵੀਮਿੰਗ ਪੂਲ ਵਿੱਚੋਂ ਨਹਾ ਕੇ ਬਾਹਰ ਬਾਥਰੂਮ ਵੱਲ ਜਾ ਰਹੀ ਸੀ ਤਾਂ ਕਲੱਬ ਮੈਂਬਰ ਇੱਕ ਆਬਕਾਰੀ ਇੰਸਪੈਕਟਰ ਦੇ ਮੁੰਡੇ ਅਤੇ ਇੱਕ ਹੋਰ ਮੁੰਡੇ ਨੇ ਨਹਾ ਕੇ ਜਾ ਰਹੀ ਕੁੜੀ ਦੀ ਆਪਣੇ ਮੋਬਾਇਲ ਵਿੱਚ ਵੀਡੀੳ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੀ ਭਿਣਕ ਕਲੱਬ ‘ਚ ਮੌਜੂਦ ਕਲੱਬ ਦੇ ਮੈਂਬਰਾਂ ਅਤੇ ਡਿਊਟੀ ਦੇ ਰਹੇ ਕਲੱਬ ਦੇ ਸਟਾਫ ਨੂੰ ਵੀ ਪੈ ਗਈ। ਕੁੜੀ ਤਾਂ ਬਾਥਰੂਮ ਵਿੱਚ ਜਾ ਵੜੀ ਅਤੇ ਕਲੱਬ ਮੈਂਬਰਾਂ ਅਤੇ ਕਲੱਬ ਦੇ ਮੁਲਾਜਮਾਂ ਨੇ ਮੁੰਡਿਆਂ ਤੋਂ ਮੋਬਾਇਲ ਖੋਹ ਲਿਆ ਅਤੇ ਉਨ੍ਹਾਂ ਦੀ ਕਾਫੀ ਛਿੱਤਰ ਪਰੇਡ ਵੀ ਕੀਤੀ । ਆਖਿਰ ਦੋਵਾਂ ਮੁੰਡਿਆਂ ਨੂੰ ਉਨ੍ਹਾਂ ਦੇ ਘਰੋਂ-ਘਰੀਂ ਭੇਜ ਦਿੱਤਾ। ਪਤਾ ਇਹ ਵੀ ਲੱਗਿਆ ਹੈ ਕਿ ਦੋਵਾਂ ਮੁੰਡਿਆਂ ਦੇ ਮਾਪੇ ਵੀ ਕਲੱਬ ਵਿੱਚ ਪਹੁੰਚ ਗਏ। ਪਹਿਲਾਂ ਤਾਂ ਉਨਾਂ ਨੇ ਆ ਕੇ, ਆਪਣੇ ਲਾਡਲਿਆਂ ਦੀ ਕੁੱਟਮਾਰ ਕਰਨ ਲਈ ਕਾਫੀ ਗੁੱਸਾ ਦਿਖਾਇਆ। ਪਰੰਤੂ ਜਦੋਂ ਉਨ੍ਹਾਂ ਨੂੰ ਮੁੰਡਿਆਂ ਤੋਂ ਬਰਾਮਦ ਮੋਬਾਇਲ ਵਿੱਚ ਬਣਾਈ ਵੀਡੀੳ ਹੋਣ ਬਾਰੇ ਦੱਸਿਆ ਗਿਆ ਤਾਂ ਉਹ ਦੁੱਧ ਦੇ ਉਬਾਲ ਵਾਂਗੂ ਸ਼ਾਂਤ ਹੋ ਗਏ ਅਤੇ ਆਪਣੇ ਲਾਡਲਿਆਂ ਦੀ ਗਲਤੀ ਨੂੰ ਮੁਆਫ ਕਰਨ ਲਈ ਕਹਿਣ ਲੱਗ ਪਏ। ਕਿਸੇ ਤਰਾਂ ਨਾਲ ਕੁੱਝ ਹਦਾਇਤਾਂ ਉਪਰੰਤ ਮਾਮਲਾ, ਕਲੱਬ ਦੀ ਬੇਇੱਜਤੀ ਹੋਣ ਤੋਂ ਬਚਾਉਣ ਲਈ, ਰਫਾ ਦਫਾ ਕੀਤਾ ਜਾ ਰਿਹਾ ਹੈ । ਪਰੰਤੂ ਇਹ ਘਟਨਾ ਦੀ ਖਬਰ ਸ਼ਹਿਰ ਅੰਦਰ ਵੀ ਜੰਗਲ ਦੀ ਅੱਗ ਵਾਂਗ ਫੈਲ ਗਈ। ਬੇਸ਼ੱਕ ਉਕਤ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕਲੱਬ ਦੇ ਦੋ ਸੀਨੀਅਰ ਮੈਂਬਰਾਂ ਨੇ ਜਰੂਰ ਕਰ ਦਿੱਤੀ ਹੈ। ਪਰੰਤੂ ਦੂਜੇ ਪਾਸੇ ਕਲੱਬ ਦੇ ਪ੍ਰਬੰਧਕ ਇਸ ਘਟਨਾ ਤੇ ਪਰਦਾ ਪਾਉਣ ਲਈ, ਤਰਾਂ ਤਰਾਂ ਦੇ ਤਰਕ ਘੜ੍ਹ ਰਹੇ ਹਨ ਕਿ ਘਟਨਾ ਕਿਸੇ ਕੁੜੀ ਨਾਲ ਨਹੀਂ ਵਾਪਰੀ, ਕਿਉਂਕਿ ਜਿਸ ਸਮੇਂ ਦੀ ਘਟਨਾ ਹੈ, ਉਹ ਸਮਾਂ ਔਰਤਾਂ ਲਈ ਨਿਸਚਿਤ ਨਹੀਂ ਹੈ ਅਤੇ ਨਾ ਹੀ ਕਲੱਬ ਦੇ ਐਂਟਰੀ ਰਜਿਸਟਰ ਵਿੱਚ ਕਿਸੇ ਕੁੜੀ ਦੇ ਆਉਣ ਦੀ ਕੋਈ ਐਂਟਰੀ ਰਜਿਸਟਰ ਵਿੱਚ ਦਰਜ਼ ਹੈ। ਦੋਵੇਂ ਮੁੰਡੇ ਖੁਦ ਹੀ ਇੱਕ ਦੂਸਰੇ ਦੀ ਵੀਡੀੳ ਬਣਾ ਰਹੇ ਸਨ। ਜਿਸ ਕਾਰਣ ਉਨ੍ਹਾਂ ਨੂੰ ਵਰਜਿਆ ਗਿਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜੇਕਰ, ਉੱਥੇ ਕੋਈ ਕੁੜੀ ਮੌਜੂਦ ਹੀ ਨਹੀਂ ਸੀ ਤਾਂ ਫਿਰ ਦੋਵਾਂ ਮੁੰਡਿਆਂ ਨੂੰ ਕਿਸ ਕਸੂਰ ਕਾਰਣ ਕੁੱਟਿਆ ਗਿਆ । ਇਸ ਘਿਨਾਉਣੇ ਕਾਂਡ ਸਬੰਧੀ ਪੁਲਿਸ ਨੂੰ ਕੋਈ ਸੂਚਨਾ ਨਾ ਦਿੱਤੇ ਜਾਣ ਬਾਰੇ, ਕਲੱਬ ਦੇ ਸੀਨੀਅਰ ਮੈਂਬਰ ਨੇ ਆਪਣਾ ਨਾਂ ਨਹੀਂ ਛਾਪਣ ਤੇ ਕਿਹਾ ਕਿ ਬੇਸ਼ੱਕ ਇਹ ਘਟਨਾ ਬੇਹੱਤ ਸ਼ਰਮਨਾਕ ਤੇ ਮਾੜੀ ਹੈ। ਪਰੰਤੂ ਫਿਰ ਵੀ ਮਾਮਲਾ ਕੁੜੀ ਦੀ ਇੱਜਤ ਨਾਲ ਜੁੜਿਆ ਹੋਇਆ ਹੈ। ਇਸ ਲਈ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣਾ ਵਾਜਿਬ ਨਹੀਂ ਸਮਝਿਆ। ਉਨ੍ਹਾਂ ਮੰਨਿਆ ਕਿ ਜੇਕਰ ਮੌਕੇ ਤੇ ਵੀਡੀੳ ਬਣਾਏ ਜਾਣ ਬਾਰੇ ਪਤਾ ਨਾ ਲੱਗਦਾ , ਇਹੋ ਮੁੰਡੇ, ਕੁੜੀ ਨੂੰ ਉਸ ਦੀ ਵੀਡੀੳ ਵਾਇਰਲ ਕਰ ਦੇਣ ਦਾ ਡਰ ਦਿਖਾ ਕੇ, ਬਨੇਕਮੇਲ ਵੀ ਕਰ ਸਕਦੇ ਸਨ। ਉੱਧਰ ਇੱਕ ਮੁੰਡੇ ਦੇ ਪਿਤਾ ਨੇ ਕਿਹਾ ਕਿ ਲੜਕੀ ਦੇ ਪਿਤਾ ਨੂੰ ਸ਼ੱਕ ਪੈ ਗਿਆ ਸੀ ਕਿ ਮੁੰਡੇ ਨੇ ਉਸਦੀਆਂ ਕੁੜੀਆਂ ਦੀ ਵੀਡੀਓ ਬਣਾਈ ਹੈ। ਉਸ ਨੇ ਰੌਲਾ ਪਾਇਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵੀਡੀਓ ਕੁੜੀਆਂ ਦੀ ਨਹੀਂ, ਬਲਕਿ ਦੂਜੇ ਮੁੰਡੇ ਦੀ ਬਣਾਈ ਸੀ। ਸੱਚਾਈ ਕੀ ਹੈ,ਇਹ ਤਾਂ ਡੂੰਘਾਈ ਨਾਲ ਪੜਤਾਲ ਉਪਰੰਤ ਹੀ ਸਾਹਮਣੇ ਆਵੇਗੀ।