ਤਿੰਨ ਵੱਖ-ਵੱਖ ਪਰਿਵਾਰਾਂ ਦੇ 10 ਵਿਅਕਤੀਆਂ ਦੀ ਦਰਦਨਾਕ ਮੌਤ, 11ਵੀਂ ਮੌਤ ਦੀ ਹਾਲੇ ਸ਼ਨਾਖ਼ਤ ਹੋਣੀ ਬਾਕੀ
ਬੇਅੰਤ ਸਿੰਘ ਬਾਜਵਾ , ਲੁਧਿਆਣਾ, 30 ਅਪ੍ਰੈਲ 2023
ਪੰਜਾਬ ਸਰਕਾਰ ਵਲੋਂ ਸਥਾਨਕ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਕਾਰਨ ਵਾਪਰੀ ਮੰਦਭਾਗੀ ਘਟਨਾ ਵਿੱਚ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਬਿਮਾਰ ਹੋਏ ਅਤੇ ਇਲਾਜ ਅਧੀਨ ਪੀੜਤਾਂ ਨੂੰ 50,000 ਰੁਪਏ ਦੀ ਰਾਸ਼ੀ ਅਤੇ ਮੁਫ਼ਤ ਇਲਾਜ ਦਿੱਤਾ ਜਾਵੇਗਾ। ਘਟਨਾ ਸਥੱਲ ਅਤੇ ਸਿਵਲ ਹਸਪਤਾਲ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਉਹ ਹਸਪਤਾਲ ਵਿੱਚ ਦਾਖਲ ਪੀੜ੍ਹਤਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਹੋਰ ਪ੍ਰਭਾਵਿਤ ਪਰਿਵਾਰਾਂ ਦੇ ਸਹਿਯੋਗ ਲਈ ਤੱਤਪਰ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਦਾਖ਼ਲ ਵਿਅਕਤੀਆਂ ਵਿੱਚੋਂ ਚਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿੱਚ ਸਿਹਤ ਮੰਤਰੀ ਨੇ ਗਿਆਸਪੁਰਾ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਵੀ ਕੀਤਾ।
ਇਸ ਦੌਰਾਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਸਵੇਰੇ ਗੈਸ ਚੜ੍ਹਨ ਕਰਕੇ ਕੁੱਲ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਬੀਮਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਰਕਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਇਲਾਜ ਅਧੀਨ ਪੀੜਤਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਾਲ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ, ਐਨ.ਡੀ.ਆਰ.ਐਫ., ਪੀ.ਪੀ.ਸੀ.ਬੀ., ਲੁਧਿਆਣਾ ਦੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ।
ਐਨ.ਡੀ.ਆਰ.ਐਫ. ਟੀਮ ਵੱਲੋਂ ਵਰਤੇ ਗਏ ਏਅਰ ਕੁਆਲਿਟੀ ਸੈਂਸਰਾਂ ਵਿੱਚ ਹਾਈਡ੍ਰੋਜਨ ਸਲਫਾਈਡ ਗੈਸ ਦੇ ਉੱਚ ਪੱਧਰ ਦਾ ਪਤਾ ਲਗਾਇਆ ਗਿਆ ਹੈ ਅਤੇ ਇਹ ਵੀ ਘੋਖ ਪੜ੍ਹਤਾਲ ਕੀਤੀ ਜਾ ਰਹੀ ਹੈ ਕਿ ਇਸੇ ਗੈਸ ਕਾਰਨ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ। ਨਗਰ ਨਿਗਮ ਲੁਧਿਆਣਾ ਦੀ ਟੀਮ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ ਕਿ ਅੱਗੇ ਤੋਂ ਕੋਈ ਰਸਾਇਣਕ ਗੰਦਗੀ ਨਾ ਹੋਵੇ।
ਡੀ.ਐਮ, ਏ.ਡੀ.ਐਮ. ਅਤੇ ਐਸ.ਡੀ.ਐਮ. ਦੇ ਨਾਲ ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਨੇ ਬਚਾਅ, ਸਫਾਈ, ਘੇਰਾਬੰਦੀ ਅਤੇ ਨਿਕਾਸੀ ਦੀ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਹੈ ਅਤੇ ਤੁਰੰਤ ਸਥਿਤੀ ਦੇ ਨਿਯੰਤਰਣ ਲਈ ਐਨ.ਡੀ.ਆਰ.ਐਫ. ਅਤੇ ਐਨ.ਡੀ.ਐਮ.ਏ. ਨਾਲ ਤਾਲਮੇਲ ਕੀਤਾ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਅੱਜ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਐਨ.ਡੀ.ਆਰ.ਐਫ. ਅਤੇ ਪੀ.ਪੀ.ਸੀ.ਬੀ. ਦੀਆਂ ਸੰਯੁਕਤ ਟੀਮਾਂ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਅੱਜ ਦੀ ਘਟਨਾ ਤੋਂ ਬਾਅਦ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਲੁਧਿਆਣਾ ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਹੈ।