ਹਰਿੰਦਰ ਨਿੱਕਾ , ਬਰਨਾਲਾ 01 ਮਈ 2023
ਜਿਲ੍ਹੇ ਦੇ ਤਪਾ ਸ਼ਹਿਰ ‘ਚ ਬਿਊਟੀ ਪਾਰਲਰ ਚਲਾ ਰਹੀ, ਇੱਕ ਦਲਿਤ ਔਰਤ ਦੀ ਆਬਰੂ ਲੁੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਰੂਪ ਸਿੰਘ ਢਿੱਲਵਾ ਦੇ ਖਿਲਾਫ ਬਲਾਤਕਾਰ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਦੋਸ਼ ਵਿੱਚ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਬਿਊਟੀ ਪਾਰਲਰ ਦੀ ਸੰਚਾਲਕ ਨੇ ਦੱਸਿਆ ਕਿ 28/04/2023 ਨੂੰ ਉਹ ਆਪਣੀ ਸਹੇਲੀ ਦੇ ਘਰ ਫੈਂਸੀਅਲ ਕਰਨ ਜਾ ਰਹੀ ਸੀ । ਜਦੋਂ ਉਹ ਆਪਣੀ ਦੁਕਾਨ ਤੋਂ ਬਾਹਰ ਨਿਕਲੀ ਤਾਂ ਰੂਪ ਸਿੰਘ ਪ੍ਰਧਾਨ ਪੁੱਤਰ ਨਾਮਲੂਮ ਵਿਅਕਤੀ ਵਾਸੀ ਪਿੰਡ ਢਿੱਲਵਾ ਆਪਣੇ ਮੋਟਰਸਾਇਕਲ ਤੇ ,ਮੇਰੀ ਸਹੇਲੀ ਦੇ ਘਰ ਵੱਲ ਮੇਰੇ ਪਿੱਛੇ- ਪਿੱਛੇ ਹੀ ਚਲਾ ਆਇਆ । ਸ਼ਕਾਇਤਕਰਤਾ ਅਨੁਸਾਰ ਰੂਪ ਸਿੰਘ ਢਿੱਲਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਹੋਰ ਵੀ ਕੁਝ ਖਾਧਾ ਹੋਇਆ ਜਾਪਦਾ ਸੀ ਜੋ ਮੇਰੇ ਪਿੱਛੇ ਹੀ ਮੇਰੀ ਸਹੇਲੀ ਦੇ ਘਰ ਅੰਦਰ ਵੜ ਗਿਆ ਅਤੇ ਮੇਰੀ ਸਹੇਲੀ ਨੂੰ ਕਹਿਣ ਲੱਗਾ ਕਿ ਉਹ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਤੇ ਤੇਰੀ ਸਹੇਲੀ ਨਾਲ ਗੱਲ ਕਰਨੀ ਹੈ । ਜਦੋਂ ਰੂਪ ਸਿੰਘ ਤੇ ਮੈਂ ਇੱਕ ਕਮਰੇ ਵਿੱਚ ਗੱਲ ਕਰਨ ਲੱਗੇ ਤੇ ਮੇਰੀ ਸਹੇਲੀ ਰਸੋਈ ਵਿੱਚ ਚਲੀ ਗਈ । ਅਚਾਨਕ ਵਿੱਚ ਹੀ ਰੂਪ ਸਿੰਘ ਨੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰ ਲਈ ਤੇ ਜਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੌਰਾਨ ਮੈਂ ਕਾਫੀ ਰੌਲਾ ਰੱਪਾ ਪਾਇਆ ਤਾਂ ਰੂਪ ਸਿੰਘ ਢਿੱਲਵਾਂ ,ਮੈਨੂੰ ਧੱਕਾ ਮਾਰ ਕੇ ਕਮਰੇ ਦੀ ਕੁੰਡੀ ਖੋਲ੍ਹ ਕੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ। ਰੌਲਾ ਰੱਪਾ ਸੁਣਕੇ, ਮੇਰੀ ਸਹੇਲੀ ਅਤੇ ਵਿਜੇ ਸਿੰਘ ਉਰਫ ਮਿਰਜਾ ਵੀ ਮੌਕਾ ਪਰ ਆ ਗਏ। ਜਿੰਨਾ ਨੇ ਮੈਨੂੰ ਰੂਪ ਸਿੰਘ ਤੋਂ ਬਚਾਇਆ ਅਤੇ ਮਿਰਜੇ ਨੇ ਹੋਰ ਵੀ ਵਿਅਕਤੀਆਂ ਨੂੰ ਬੁਲਾ ਲਿਆ। ਰੂਪ ਸਿੰਘ ਢਿੱਲਵਾਂ, ਇਕੱਠ ਹੁੰਦਾ ਵੇਖ ਕੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੋਇਆ ਮੌਕਾ ਤੋਂ ਮੋਟਰਸਾਇਕਲ ਲੈ ਕੇ ਫਰਾਰ ਹੋ ਗਿਆ। ਥਾਣਾ ਤਪਾ ਦੇ ਐਸ.ਐਚ.ੳ.ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਕਾਇਤ ਦੇ ਅਧਾਰ ਪਰ,ਨਾਮਜਦ ਦੋਸ਼ੀ ਰੂਪ ਸਿੰਘ ਢਿੱਲਵਾਂ ਦੇ ਖਿਲਾਫ ਅਧੀਨ ਜੁਰਮ 376/503 ਆਈਪੀਸੀ ਤਹਿਤ ਥਾਣਾ ਤਪਾ ਵਿਖੇ ਕੇਸ ਦਰਜ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਰੂਪ ਸਿੰਘ ਢਿੱਲਵਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਜਾਹਿਰ ਕਰਦਾ ਜਿਲ੍ਹਾ ਪ੍ਰਧਾਨ ਹੈ। ਸੋਸ਼ਲ ਮੀਡੀਆ ਪਰ, ਰੂਪ ਸਿੰਘ ਢਿੱਲਵਾਂ ਦਾ ਯੂਨੀਅਨ ਦੀ ਲੈਟਰਪੈਡ ਤੇ ਲਿਖਿਆ ਇੱਕ ਇਕਬਾਲੀਆ ਬਿਆਨ / ਮਾਫੀਨਾਮਾ ਵੀ ਕਾਫੀ ਵਾਇਰਲ ਹੋ ਰਿਹਾ ਹੈ। ਜਦੋਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਦਾ ਕਹਿਣਾ ਹੈ ਕਿ ਰੂਪ ਸਿੰਘ ਢਿੱਲਵਾਂ ਨੂੰ ਯੂਨੀਅਨ ਵਿੱਚੋਂ ਕਾਫੀ ਸਮਾਂ ਪਹਿਲਾਂ ਹੀ ਕੱਢਿਆ ਹੋਇਆ ਹੈ। ਉਸ ਦਾ ਯੂਨੀਅਨ ਨਾਲ ਕੋਈ ਸਬੰਧ ਨਹੀਂ ਹੈ।