ਰਘਵੀਰ ਹੈਪੀ, ਬਰਨਾਲਾ, 4 ਅਪ੍ਰੈਲ 2023
5 ਅਪ੍ਰੈਲ ਦਿਨ ਬੁੱਧਵਾਰ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਸਾਉਣੀ 2023 ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਸਿੰਗਲਾ ਮੈਰਿਜ ਪੈਲੇਸ, ਬਾਜਾਖਾਨਾ ਰੋਡ, ਬਰਨਾਲਾ ਵਿਖੇ ਸਵੇਰੇ 9.30 ਵਜੇ ਲਗਾਇਆ ਜਾ ਰਿਹਾ ਹੈ ।
ਇਸ ਕੈਪ ਦੇ ਮੁੱਖ ਮਹਿਮਾਨ ਮਾਨਯੋਗ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ, ਪੰਜਾਬ ਸਰਕਾਰ ਹੋਣਗੇ ਅਤੇ ਇਸ ਕੈਂਪ ਦਾ ਉਦਘਾਟਨ ਸ੍ਰੀਮਤੀ ਪੂਨਮਦੀਪ ਕੌਰ,ਆਈ.ਏ.ਐਸ ਡਿਪਟੀ ਕਮਿਸ਼ਨਰ ਬਰਨਾਲਾ ਕਰਨਗੇ। ਇਸ ਕੈਂਪ ਦੀ ਪ੍ਰਧਾਨਗੀ ਸ੍ਰੀ ਰਾਜੇਸ਼ ਕੁਮਾਰ ਰਹੇਜਾ, ਕੇਨ ਕਮਿਸ਼ਨਰ, ਪੰਜਾਬ ਕਰਨਗੇ।
ਇਸ ਕੈਂਪ ਵਿੱਚ ਬਰਨਾਲਾ ਜਿ਼ਲ੍ਹੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਭਾਗ ਲੈਣਗੇ। ਕੈਂਪ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਤੇ ਵਧੇਰੇ ਪੈਦਾਵਾਰ ਲੈਣ ਆਦਿ ਦੇ ਢੰਗ ਤਰੀਕਿਆਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਵਿੱਚ ਖੇਤੀ ਨਾਲ ਸਬੰਧਤ ਸਰਕਾਰੀ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਕੇ.ਵੀ.ਕੇ ਹੰਡਿਆਇਆ ਵੱਲੋਂ ਵੱਖ—2 ਸਾਉਣੀ ਦੀਆਂ ਫਸਲਾਂ ਦੇ ਬੀਜ ਵੀ ਵਾਜਬ ਰੇਟਾਂ ਤੇ ਵਿੱਕਰੀ ਕੀਤੇ ਜਾਣਗੇ।
ਡਾ ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਜਿ਼ਲ੍ਹੇ ਦੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਕੇ ਲਾਭ ਉਠਾਉਣ।