ਜਾਣੋ ! ਕਿਹੜੇ ਚੇਅਰਮੈਨ ਨੂੰ ਮਿਲਿਆ ਕਿੰਨ੍ਹਾਂ ਮੌਕਾ,,,,,,
ਉਡੀਕ ਮੁੱਕੀ -ਇੰਮਪਰੂਵਮੈਂਟ ਟਰੱਸਟ ‘ਚ ਭਲ੍ਹਕੇ ਲੱਗਣਗੀਆਂ “ ਰੌਣਕਾਂ ”
ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2023
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਆਪ ਆਗੂ ਰਾਮ ਤੀਰਥ ਮੰਨਾ ਦੀ ਕੀਤੀ ਨਿਯੁਕਤੀ ਤੋਂ 82 ਦਿਨ ਬਾਅਦ, ਆਖਿਰਕਾਰ ਨੋਟੀਫਿਕੇਸ਼ਨ ਹੋਣ ਵਿੱਚ ਫਸਿਆ ਪੇਚ ਖੁੱਲ੍ਹ ਹੀ ਗਿਆ। ਭਲ੍ਹਕੇ ਸਵੇਰੇ 10 ਵਜੇ ਰਾਮ ਤੀਰਥ ਮੰਨਾ ਬਤੌਰ ਚੇਅਰਮੈਨ ਆਪਣਾ ਅਹੁਦਾ ਸੰਭਾਲਣਗੇ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਆਗੂ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਰਾਮ ਤੀਰਥ ਮੰਨਾ, ਨਗਰ ਸੁਧਾਰ ਟਰੱਸਟ ਦੇ ਪਹਿਲੇ ਅਜਿਹੇ ਚੇਅਰਮੈਨ ਬਣੇ ਹਨ, ਜਿਹੜੇ ਮਿਹਨਤਕਸ਼/ ਮਜਦੂਰ ਪਰਿਵਾਰ ਵਿੱਚੋਂ ਹਨ। ਜਿੰਨ੍ਹਾਂ ਦਾ ਕੋਈ ਰਾਜਸੀ ਪਿਛੋਕੜ ਨਹੀਂ ਹੈ। ਮੰਨਾ ਦੀ ਨਿਯੁਕਤੀ ਨਾਲ, ਵੱਖ-ਵੱਖ ਰਾਜਸੀ ਪਾਰਟੀਆਂ ਦੇ ਦਰੀਆਂ ਝਾੜਨ ਵਾਲੇ, ਯਾਨੀ ਜਮੀਨੀ ਪੱਧਰ ਤੇ ਜੁੜੇ ਵਰਕਰਾਂ ਦੇ ਵੀ ਹੌਂਸਲੇ ਬੁਲੰਦ ਹੋਏ ਹਨ ਅਤੇ ਉਮੀਦਾਂ ਵੀ ਜਾਗ ਪਈਆਂ ਹਨ। ਮੰਨਾ ਹੀ ਨਗਰ ਸੁਧਾਰ ਟਰੱਸਟ ਦੇ ਅਜਿਹੇ ਪਹਿਲੇ ਚੇਅਰਮੈਨ ਹੋਣਗੇ, ਜਿੰਨ੍ਹਾਂ ਨੂੰ ਸਭ ਤੋਂ ਵਧੇਰੇ ਸਮਾਂ, ਇਸ ਅਹੁਦੇ ਤੇ ਸੇਵਾ ਨਿਭਾਉਣ ਦਾ ਮੌਕਾ ਮਿਲੇਗਾ। ਜਦੋਂਕਿ ਸਭ ਤੋਂ ਘੱਟ ਸਮਾਂ ਟਰੱਸਟ ਦੇ ਚੇਅਰਮੈਨ ਰਜਨੀਸ਼ ਕੁਮਾਰ ਗਰਗ( ਭੋਲਾ) ਦੇ ਹਿੱਸੇ ਆਇਆ, ਜਿੰਨ੍ਹਾਂ ਨੂੰ ਸਿਰਫ ਸਵਾ ਤਿੰਨ ਮਹੀਨੇ ਦਾ ਹੀ ਸਮਾਂ ਮਿਲਿਆ, ਇੱਥੇ ਹੀ ਬੱਸ ਨਹੀਂ, ਉਨਾਂ ਦੀ ਨਿਯੁਕਤੀ ਤੋਂ ਕੁੱਝ ਦਿਨ ਬਾਅਦ ਹੀ, ਚੋਣ ਜਾਬਤਾ ਲਾਗੂ ਹੋ ਜਾਣ ਕਾਰਣ, ਉਨਾਂ ਦਾ ਕਾਰਜਕਾਲ , ਚੋਣ ਜਾਬਤੇ ਦੀ ਭੇਟ ਹੀ ਚੜ੍ਹ ਗਿਆ ਸੀ।
ਟਰੱਸਟ ਦੇ ਪਹਿਲੇ ਚੇਅਰਮੈਨ ਬਣੇ ਸਨ ਸਾਬਕਾ ਐਮ.ਐਲ.ਏ
ਬੇਸ਼ੱਕ ਚੇਅਰਮੈਨ ਰਾਮ ਤੀਰਥ ਮੰਨਾ, ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ, ਪਰੰਤੂ ਨਗਰ ਸੁਧਾਰ ਟਰੱਸਟ ਦੇ ਸਭ ਤੋਂ ਪਹਿਲੇ ਚੇਅਰਮੈਨ ਬਰਨਾਲਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਰਣਜੀਤ ਸਿੰਘ ਨੈਣੇਵਾਲੀਆਂ ਨੂੰ ਲਗਾਇਆ ਗਿਆ ਸੀ। ਜਿੰਨ੍ਹਾਂ ਦੀ ਨਿਯੁਕਤੀ 1 ਮਾਰਚ 1976 ਨੂੰ ਹੋਈ ਸੀ ਤੇ ਉਨਾਂ ਨੂੰ ਢਾਈ ਸਾਲ ਟਰੱਸਟ ਦਾ ਕੰਮ ਕਰਨ ਦਾ ਸਮਾਂ ਮਿਲਿਆ। ਫਿਰ ਜਗਜੀਤ ਸਿੰਘ ਠੀਕਰੀਵਾਲਾ (MA) 20 ਦਸੰਬਰ 1978 ਨੂੰ ਚੇਅਰਮੈਨ ਬਣੇ, ਜਿੰਨ੍ਹਾਂ ਦਾ ਕਾਰਜਕਾਲ 20 ਮਹੀਨਿਆਂ ਦਾ ਰਿਹਾ। ਸੀਨੀਅਰ ਅਕਾਲੀ ਆਗੂ ਐਡਵੋਕੇਟ ਸੁਖਮਿੰਦਰ ਸਿੰਘ ਸੰਧੂ ਦੀ ਚੇਅਰਮੈਨ ਵਜੋਂ ਨਿਯੁਕਤੀ 21 ਮਾਰਚ 1987 ਨੂੰ ਹੋਈ, ਜਿੰਨ੍ਹਾਂ ਨੂੰ ਇੱਕ ਸਾਲ ਇਸ ਅਹੁਦੇ ਤੇ ਕੰਮ ਕਰਨ ਦਾ ਅਵਸਰ ਮਿਲਿਆ। ਤਤਕਾਲੀ ਰਾਜ ਮੰਤਰੀ ਪੰਡਤ ਸੋਮਦੱਤ ਨੇ ਆਪਣੇ ਕਰੀਬੀ ਸਾਥੀ ਅਤੇ ਬਰਨਾਲਾ ਦੇ ਵਪਾਰੀ ਆਗੂ ਅਮਰਨਾਥ ਗੁਪਤਾ ਨੂੰ 3 ਫਰਵਰੀ 1995 ਨੂੰ ਚੇਅਰਮੈਨ ਦੇ ਅਹੁਦੇ ਤੇ ਬਿਠਾਇਆ, ਉਨਾਂ ਨੇ 2 ਸਾਲ, ਇਸ ਅਹੁਦੇ ਆਨੰਦ ਮਾਣਿਆ। ਫਿਰ ਅਕਾਲੀ ਭਾਜਪਾ ਸਰਕਾਰ ਬਣੀ ਤਾਂ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਨੂੰ 3 ਮਈ 2000 ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਜਿੰਨ੍ਹਾਂ ਦੇ ਹਿੱਸੇ 23 ਮਹੀਨਿਆਂ ਦਾ ਕਾਰਜਕਾਲ ਆਇਆ। ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਪ੍ਰੇਮ ਚੰਦ ਅੱਗਰਵਾਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ 13 ਜੂਨ 2003 ਨੂੰ ਚੇਅਰਮੈਨ ਬਣਾਇਆ ਗਿਆ। ਜਿੰਨ੍ਹਾਂ ਦੀ ਇਸ ਅਹੁਦੇ ਤੇ ਰਹਿੰਦਿਆਂ ਹੀ ਮੌਤ ਹੋ ਗਈ। ਉੱਨ੍ਹਾਂ ਨੂੰ ਇਸ ਅਹੁਦੇ ਤੇ ਕਰੀਬ ਡੇਢ ਸਾਲ ਕੰਮ ਕਰਨ ਦਾ ਹੀ ਮੌਕਾ ਮਿਲਿਆ। ਪ੍ਰੇਮ ਚੰਦ ਅਗਰਵਾਲ ਦੀ ਮੌਤ ਉਪਰੰਤ 18 ਫਰਵਰੀ 2005 ਨੂੰ ਸੀਨੀਅਰ ਕਾਂਗਰਸੀ ਆਗੂ, ਸਾਹਿਤਕਾਰ ਅਤੇ ਸਾਬਕਾ ਸੈਨਿਕ ਪਰਮਜੀਤ ਸਿੰਘ ਮਾਨ ਨੂੰ ਚੇਅਰਮੈਨ ਦੀ ਜਿੰਮੇਵਾਰੀ ਸੰਭਾਲੀ ਗਈ। ਜਿੰਨ੍ਹਾਂ ਨੇ ਦੋ ਸਾਲ ਬਤੌਰ ਚੇਅਰਮੈਨ ਕੰਮ ਕੀਤਾ। ਸਾਬਕਾ ਕੇਂਦਰੀ ਵਜੀਰ ਸੁਖਦੇਵ ਸਿੰਘ ਢੀਂਡਸਾ ਦੇ ਬੇਹੱਦ ਕਰੀਬੀਆਂ ‘ਚ ਸ਼ੁਮਾਰ ਐਡਵੇਕੇਟ ਇੰਦਰਪਾਲ ਸਿੰਘ ਚਹਿਲ ਨੂੰ 29 ਸਤੰਬਰ 2008 ਨੂੰ ਚੇਅਰਮੈਨੀ ਮਿਲੀ, ਉਨਾਂ ਨੂੰ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਕਾਇਮੀ ਤੋਂ ਬਾਅਦ ਸਭ ਤੋਂ ਵਧੇਰੇ ਕਰੀਬ ਪੌਣੇ ਚਾਰ ਸਾਲ, ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਾਂਗਰਸੀ ਪਿਛੋਕੜ ਵਾਲੇ ਤੇ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੇਮਚੰਦ ਅੱਗਰਵਾਲ ਦੇ ਪੁੱਤਰ ਰਜਨੀਸ਼ ਗਰਗ ਭੋਲਾ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਤੁਰੰਤ ਬਾਅਦ ਹੀ 23 ਦਸੰਬਰ 2016 ਨੂੰ ਚੇਅਰਮੈਨ ਲਾਇਆ ਗਿਆ ਅਤੇ ਜਿੰਨਾਂ ਨੂੰ 100 ਦਿਨ ਤੋਂ ਵੀ ਤੋਂ ਘੱਟ ਕੰਮ ਕਰਨ ਦਾ ਮੌਕਾ ਮਿਲਿਆ, ਯਾਨੀ ਉਨਾਂ ਦਾ ਕਾਰਜਕਾਲ ਚੋਣ ਜਾਬਤੇ ਦੀ ਭੇਂਟ ਹੀ ਚੜ੍ਹ ਗਿਆ। ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਮੱਖਣ ਸ਼ਰਮਾ 22 ਅਗਸਤ 2019 ਚੇਅਰਮੈਨ ਦੇ ਅਹੁਦੇ ਤੇ ਬਿਰਾਜਮਾਨ ਹੋਏ, ਜਿੰਨ੍ਹਾਂ ਨੂੰ ਢਾਈ ਸਾਲ ਤੋਂ ਵੱਧ ਕੰਮ ਕਰਨ ਦਾ ਮੌਕਾ ਮਿਲਿਆ। ਮੱਖਣ ਸ਼ਰਮਾ ਦੇ ਹਿੱਸੇ, ਹੋਰ ਵਿਕਾਸ ਕੰਮਾਂ ਤੋਂ ਇਲਾਵਾ ਟਰੱਸਟ ਦੇ ਦਫਤਰ ਦੀ ਨੁਹਾਰ ਬਦਲਣ ਦਾ ਕੰਮ ਵੀ ਆਇਆ। ਹੁਣ ਗੈਰ ਰਾਜਸੀ ਪਿਛੋਕੜ ਤੇ ਹਮੇਸ਼ਾ ਹਲੀਮੀ ਭਰੇ ਢੰਗ ਨਾਲ ਵਿਚਰਣ ਵਾਲੇ ਆਮ ਆਦਮੀ “ਰਾਮ ਤੀਰਥ ਮੰਨਾ” ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੇਅਰਮੈਨ ਲਗਾਇਆ ਹੈ। ਰਾਮ ਤੀਰਥ ਮੰਨਾ ਨੇ ਆਪਣੀ ਨਿਯੁਕਤੀ ਨੂੰ ਆਮ ਵਰਕਰਾਂ ਦਾ ਮਾਣ ਕਰਾਰ ਦਿੰਦਿਆਂ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ। ਰਾਮ ਤੀਰਥ ਮੰਨਾ ਨੇ ਕਿਹਾ “ ਮੈਂ ਮਿਹਨਤਕਸ਼ ਵਰਗ ਵਿੱਚੋਂ ਹਾਂ ”, ਸ਼ਹਿਰ ਦੀ ਬਿਹਤਰੀ ਲਈ ਦਿਨ ਰਾਤ ਸਖਤ ਮਿਹਨਤ ਕਰਕੇ, ਇਮਾਨਦਾਰੀ ਨਾਲ ਸੇਵਾ ਕਰਾਂਗਾ ਤੇ ਮੈਨੂੰ ਵੱਡੀ ਤੇ ਅਹਿਮ ਜਿੰਮੇਵਾਰੀ ਦੇਣ ਵਾਲਿਆਂ ਦੀ ਪੱਗ ਨੂੰ ਹਰਗਿਜ ਦਾਗ ਨਹੀਂ ਲੱਗਣ ਦਿਆਂਗਾ।