ਜਾਲ੍ਹੀ ਨਿਯੁਕਤੀ ਪੱਤਰ ਵੀ ਦਿੱਤੇ, ਫਿਰ ਖੁੱਲ੍ਹਿਆ ਭੇਦ ਤੇ ਪਿਆ ਖਿਲਾਰਾ
ਹਰਿੰਦਰ ਨਿੱਕਾ , ਪਟਿਆਲਾ 24 ਮਾਰਚ 2023
ਠੱਗਾਂ ਦੇ ਕਿਹੜੇ ਹਲ ਚੱਲਦੇ, ਮਾਰ ਠੱਗੀਆਂ ਗੁਜਾਰਾ ਕਰਦੇ, ਜੀ ਹਾਂ ! ਅਜਿਹੇ ਹੀ ਇੱਕ ਕਥਿਤ ਠੱਗ ਟੋਲੇ ਦਾ ਆਪਣੀ ਕਿਸਮ ਦਾ ਵੱਖਰਾ ਹੀ ਕਾਰਨਾਮਾ ਉਜਾਗਰ ਹੋਇਆ ਹੈ। ਹੋਇਆ ਇਉਂ ਕਿ ਸਮਾਣਾ ਸ਼ਹਿਰ ਦੇ ਅਜੀਤ ਨਗਰ ਇਲਾਕੇ ‘ਚ ਰਹਿਣ ਵਾਲੇ ਦਿਉਲ ਹਵੇਲੀ ਵਾਲਿਆਂ ਦੇ ਬੜੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਦੋ ਕਾਕਿਆਂ ਨੇ ਬੇਰੁਜਗਾਰੀ ਦੇ ਝੰਬੇ ਪੇਂਡੂ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਮਹਿਕਮੇ ‘ਚ ਕਾਂਸਟੇਬਲ ਭਰਤੀ ਕਰਵਾਉਣ ਦੇ ਨਾਂ ਤੇ ਅਜਿਹਾ ਸਬਜਬਾਗ ਦਿਖਾਇਆ ਕਿ ਉਨਾਂ ਤੋਂ ਲੱਖਾਂ ਰੁਪਏ ਬਟੋਰ ਲਏ । ਤਿੰਨੋਂ ਨੋਜਵਾਨਾਂ ਨੂੰ ਡੀਜੀਪੀ ਪੰਜਾਬ ਦੇ ਦਸਤਖਤਾਂ ਵਾਲੇ ਨਿਯੁਕਤੀ ਪੱਤਰ ਵੀ ਲਿਆ ਦਿੱਤੇ। ਆਖਿਰ ਗੱਲ ਖੁੱਲ੍ਹੀ ਤਾਂ ਪੁਲਿਸ ਨੇ ਨਾਮਜ਼ਦ ਦੋਸ਼ੀ ਦੋ ਸਕੇ ਭਰਾਵਾਂ ਸਣੇ ਤਿੰਨ ਜਣਿਆਂ ਖਿਲਾਫ, ਬਾਅਦ ਪੜਤਾਲ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਪੈੜ ਲੱਭਣੀ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਜਸਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪ੍ਰੇਮ ਸਿੰਘ ਵਾਲਾ , ਥਾਣਾ ਸਦਰ ਸਮਾਣਾ ਨੇ ਦੱਸਿਆ ਕਿ ਗੁਰਸੇਵਕ ਸਿੰਘ, ਗੁਰਭੇਜ ਸਿੰਘ ਦੋਵੇਂ ਪੁੱਤਰ ਦਿਲਬਾਗ ਸਿੰਘ ਵਾਸੀ ਦਿਉਲ ਹਵੇਲੀ ਅਜੀਤ ਨਗਰ ਸਮਾਣਾ ਅਤੇ ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ਾਹਪੁਰ , ਥਾਣਾ ਸਦਰ ਸਮਾਣਾ ਨੇ ਮੁਦਈ ਦੇ ਰਿਸ਼ਤੇਦਾਰਾਂ ਸੁਖਚੈਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬੰਮਣਾ, ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਹਰੀ ਨਗਰ ਖੇੜਕੀ ਅਤੇ ਭਵੀਸ਼ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਪਿੰਡ ਤੁਲੇਵਾਲ ਨੂੰ ਪੁਲਿਸ ਮਹਿਕਮਾ ਵਿੱਚ ਭਰਤੀ ਕਰਾਉਣਾ ਦਾ ਝਾਂਸਾ ਦੇ ਕੇ ਹਰੇਕ ਪਾਸੋਂ 15/15 ਲੱਖ ਰੁਪਏ ਯਾਨੀ ਕੁੱਲ 45 ਲੱਖ ਰੁਪਏ ਲੈ ਲਏ। ਇੱਥੇ ਹੀ ਬੱਸ ਨਹੀਂ, ਨਾਮਜ਼ਦ ਦੋਸ਼ੀਆਂ ਨੇ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਜਾਲੀ ਫਰਜੀ ਨਿਯੁਕਤੀ ਪੱਤਰ ਵੀ ਦੇ ਦਿੱਤੇ। ਭੇਦ ਖੁੱਲਿਆ ਤਾਂ ਖਿਲਾਰਾ ਪੈ ਗਿਆ , ਫਿਰ ਬਾਅਦ ਵਿੱਚ ਜਦੋਂ ਦੋਸ਼ੀਆਂ ਤੋਂ ਦਿੱਤੇ ਹੋਏ ਲੱਖਾਂ ਰੁਪਏ ਮੋੜਨ ਦੀ ਮੰਗ ਕੀਤੀ ਤਾਂ ਉਨਾਂ ਟਾਲ ਮਟੋਲ ਸ਼ੁਰੂ ਕਰ ਦਿੱਤੀ। ਆਖਿਰ ਨਾ ਤਾਂ ਨਾਮਜ਼ਦ ਦੋਸ਼ੀਆਂ ਨੇ ਝਾਂਸੇ ਵਿੱਚ ਲਏ ਨੌਜਵਾਨਾਂ ਨੂੰ ਭਰਤੀ ਕਰਵਾਇਆ ਅਤੇ ਨਾ ਹੀ ਉਨ੍ਹਾਂ ਤੋਂ ਭਰਤੀ ਕਰਵਾਉਣ ਲਈ ਲਏ 45 ਲੱਖ ਰੁਪੱਈਏ ਵਾਪਿਸ ਮੋੜੇ। ਐਸ.ਐਚ.ੳ. ਸਿਟੀ ਸਮਾਣਾ ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਤਿੰਨੋਂ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 420,465, 468,471,120-B IPC ਤਹਿਤ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇ। ਸ਼ਕਾਇਤਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਦਿਉਲ ਤੇ ਉਸ ਦੇ ਭਰਾ ਗੁਰਭੇਜ ਸਿੰਘ ਦਿਉਲ ਹੋਰਾਂ ਦੇ ਖਿਲਾਫ ਕੁੱਝ ਦਿਨ ਪਹਿਲਾਂ ਹੋਰ ਨੌਜਵਾਨਾਂ ਨੂੰ ਸਰਕਾਰੀ ਨੋਕਰੀ ਦਾ ਝਾਂਸਾ ਦੇ ਕੇ 65 ਲੱਖ ਰੁਪਏ ਦੀ ਠੱਗੀ ਦੇ ਜੁਰਮ ਵਿੱਚ ਵੀ ਕੇਸ ਦਰਜ਼ ਹੋਇਆ ਹੈ। ਉਨਾਂ ਪੁਲਿਸ ਤੋਂ ਮੰਗ ਕੀਤੀ ਕਿ ਨਾਮਜ਼ਦ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗਿਰਫਤਾਰ ਕਰਕੇ,ਉਨਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋਏ ਪੀੜਤ ਨੋਜਵਾਨਾਂ ਨੂੰ ਇਨਸਾਫ ਦਿੱਤਾ ਜਾਵੇ।