ਦੁਕਾਨਦਾਰ ਦਾ ਦੋਸ਼- ਦੁਕਾਨ ਤੇ ਕਬਜ਼ੇ ਦੀ ਕੋਸ਼ਿਸ਼ , ਸਮਾਨ ਦੀ ਭੰਨਤੋੜ ਕਰਕੇ ਹਮਲਾਵਰ ਟਰਾਲੀ ‘ਚ ਸਮਾਨ ਲੱਦ ਕੇ ਹੋਏ ਫੁਰਰ
ਬੋਲਿਆ- ਮੁਕਾਮੀ ਪੁਲਿਸ ਨੂੰ ਅਦਾਲਤੀ ਹੁਕਮ ਬਾਰੇ ਕਰਵਾਇਆ ਜਾਣੂ ਅਤੇ ਧੱਕੇ ਨਾਲ ਕਬਜਾ ਕਰਨ ਦੀ ਪਹਿਲਾਂ ਜਤਾਈ ਸੀ ਸ਼ੰਕਾ
ਹਰਿੰਦਰ ਨਿੱਕਾ , ਬਰਨਾਲਾ 24 ਮਾਰਚ 2023
ਇਸ ਨੂੰ ਮੁਕਾਮੀ ਪੁਲਿਸ ਦੀ ਕਥਿਤ ਮਿਲੀਭੁਗਤ ਸਮਝੋ ਜਾਂ ਫਿਰ ਲਾਪਰਵਾਹੀ ! ਦਿਨ- ਦਿਹਾੜੇ ਸ਼ਹਿਰ ਦੇ ਆਈ.ਟੀ.ਆਈ. ਚੌਂਕ ਤੋਂ ਨਾਨਕਸਰ ਠਾਠ ਵਾਲੀ ਸੜਕ ਤੇ ਬਣੀ ਮਾਰਕੀਟ ਦੀ ਇੱਕ ਦੁਕਾਨ ਤੇ ਪਹੁੰਚੇ ਕੁੱਝ ਵਿਅਕਤੀਆਂ ਵੱਲੋਂ ਕਬਜ਼ੇ ਦੀ ਸ਼ਰੇਆਮ ਕੋਸ਼ਿਸ਼ ਕੀਤੀ ਗਈ। ਦੁਕਾਨ ਅੰਦਰ ਕਾਫੀ ਭੰਨਤੋੜ ਤੋਂ ਬਾਅਦ ਹਮਲਾਵਰ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਸਮਾਨ ਵੀ ਟ੍ਰੈਕਟਰ-ਟਰਾਲੀ ਵਿੱਚ ਲੱਦ ਕੇ ਫੁਰਰ ਹੋ ਗਏ। ਇਹ ਸਾਰਾ ਵਰਤਾਰਾ ਅਦਾਲਤ ਵੱਲੋਂ ਕੀਤੇ ਸਟੇਅ ਆਰਡਰ ਅਤੇ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਵਾਪਰਿਆ। ਪੁਲਿਸ ਘਟਨਾ ਵਾਲੀ ਥਾਂ ਤੇ ਉਦੋਂ ਪਹੁੰਚੀ ,ਜਦੋਂ ਹਮਲਾਵਰ ਉੱਥੋਂ ਜਾ ਚੁੱਕੇ ਸਨ। ਉਕਤ ਸਾਰੇ ਦੋਸ਼ ਦੁਕਾਨਦਾਰ ਜਤਿੰਦਰ ਸਿੰਘ ਕਾਲੇਕੇ ਨੇ ਮੀਡੀਆ ਨੂੰ ਪੂਰੀ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਲਗਾਏ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਜਤਿੰਦਰ ਸਿੰਘ ਵਾਸੀ ਕਾਲੇਕੇ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖਿਆਲਾ ਕਲਾਂ (ਮਾਨਸਾ) ਨੇ ਗੁਰਦੇਵ ਨਗਰ ਵਿੱਚ ਸਥਿਤ ਮਾਰਕੀਟ ਦੀ ਦੁਕਾਨ ਵਿੱਚ, ਦੁਕਾਨ ਕਿਰਾਏ ਤੇ ਲਈ ਹੋਈ ਹੈ , ਦੁਕਾਨ ਦਾ ਨਾਮ ਗੁਰੂਕ੍ਰਿਪਾ ਅਲਾਈਨਮੈਂਟ ਹੈ। ਜਿੱਥੇ ਮੈਂ ਵੀ ਜਸਵਿੰਦਰ ਸਿੰਘ ਕੋਲ ਕਾਰਾਂ ਦੀ ਅਲਾਈਨਮੈਂਟ ਦਾ ਕੰਮ ਲੰਬੇ ਅਰਸੇ ਤੋਂ ਕਰਦਾ ਹਾਂ। ਪਰੰਤੂ ਕੁੱਝ ਸਮਾਂ ਪਹਿਲਾਂ ਜਸਵਿੰਦਰ ਸਿੰਘ , ਦੁਕਾਨ ਮੈਨੂੰ ਸੰਭਾਲ ਕੇ ਖੁਦ ਵਿਦੇਸ਼ ਚਲਾ ਗਿਆ । ਦੁਕਾਨ ਦਾ ਕਿਰਾਇਆ ਐਗਰੀਮੈਂਟ ਵੀ ਜਸਵਿੰਦਰ ਸਿੰਘ ਦੇ ਨਾਮ ਪਰ ਹੀ ਹੈ । ਜਸਵਿੰਦਰ ਸਿੰਘ ਨੇ ਵਿਦੇਸ਼ ਜਾਣ ਕਾਰਨ ਉਕਤ ਦੁਕਾਨ ਦੇ ਕਿਰਾਏ ਦਾ ਮੁਖਤਿਆਰਨਾਮਾ ਮੈਨੂੰ ਦੇ ਦਿੱਤਾ ਸੀ ਅਤੇ ਮੈਂ ਹੀ ਜਸਵਿੰਦਰ ਸਿੰਘ ਦੇ ਵਿਦੇਸ਼ ਜਾਣ ਤੋਂ ਬਾਅਦ ਉਕਤ ਦੁਕਾਨ ਦਾ ਕਿਰਾਇਆ ਲਗਾਤਾਰ ਭਰਦਾ ਆ ਰਿਹਾ ਹੈ। ਕੁਝ ਦਿਨ ਪਹਿਲਾਂ ਦੁਕਾਨ ਦਾ ਮਾਲਕ ਦੁਕਾਨ ਤੇ ਆ ਕੇ ਕਹਿਣ ਲੱਗਾ ਕਿ ਇਹ ਦੁਕਾਨ ਪੰਜ ਦਿਨਾਂ ਦੇ ਅੰਦਰ-ਅੰਦਰ ਖਾਲੀ ਕਰ ਦਿਓ, ਪਰ ਮੈਂ ਉਸ ਤੋਂ ਦੁਕਾਨ ਖਾਲੀ ਕਰਨ ਲਈ ਦੋ ਮਹੀਨੇ ਦਾ ਸਮਾਂ ਮੰਗਿਆ ।
ਅਦਾਲਤ ਦੇ ਸਟੇਅ ਆਰਡਰ ਨੂੰ ਵੀ ਨਹੀਂ ਮੰਨਿਆ
ਜਤਿੰਦਰ ਸਿੰਘ ਨੇ ਦੱਸਿਆ ਕਿਰਾਏਦਾਰ ਜਸਵਿੰਦਰ ਸਿੰਘ ਨੇ ਮੇਰੇ ਰਾਹੀਂ ਮਾਨਯੋਗ ਬਰਨਾਲਾ ਅਦਾਲਤ ਵਿਖੇ , ਸਾਡੀ ਦੁਕਾਨ ਅੰਦਰ ਲੱਗਿਆ ਬਿਜਲੀ ਦਾ ਕੁਨੈਕਸ਼ਨ ਨਾ ਕੱਟਣ ਅਤੇ ਧੱਕੇ ਨਾਲ ਦੁਕਾਨ ਖਾਲੀ ਨਾ ਕਰਵਾਏ ਜਾਣ ਸਬੰਧੀ ਕੇਸ ਦਾਇਰ ਕੀਤਾ। ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਰੇਖਾ ਡਡਵਾਲ ਦੀ ਅਦਾਲਤ ਵਲੋਂ 22 ਮਾਰਚ 2023 ਨੂੰ ਸਟੇਅ ਆਰਡਰ ਜ਼ਾਰੀ ਕਰਕੇ ਕੇਸ ਦੀ ਅਗਲੀ ਸੁਣਵਾਈ 17/4/2023 ਮੁਕਰਰ ਕਰ ਦਿੱਤੀ। ਅਦਾਲਤੀ ਹੁਕਮ ਦੇ ਬਾਵਜੂਦ ਲੰਘੀ ਕੱਲ੍ਹ , ਦੁਕਾਨ ਮਾਲਿਕ ਜਗਸੀਰ ਸਿੰਘ ਆਪਣੇ ਨਾਲ ਕੁੱਝ ਹੋਰ ਬੰਦੇ ਲੈ ਕੇ ਦੁਕਾਨ ਤੇ ਆਇਆ ਅਤੇ ਕਹਿਣ ਲੱਗਾ ਕਿ 24 ਮਾਰਚ ਤੱਕ ਇਹ ਦੁਕਾਨ ਖਾਲੀ ਕਰਦੇ, ਨਹੀਂ ਤਾਂ ਤੇਰਾ ਸਮਾਨ ਸੜਕ ਤੇ ਸੁੱਟ ਦੇਵਾਂਗੇ। ਦੁਕਾਨ ਮਾਲਕ ਵਲੋਂ ਦਿੱਤੀ ਧਮਕੀ ਤੋਂ ਬਾਅਦ ਮੈਂ ਪੁਲਿਸ ਥਾਣਾ ਸਿਟੀ -2 ਬਰਨਾਲਾ ਦੇ ਐਸ.ਐਚ.ੳ. ਕੋਲ ਦਰਖ਼ਾਸਤ ਦੇ ਕੇ ਪੂਰੀ ਜਾਣਕਾਰੀ ਦਿੱਤੀ। ਪਰ ਪੁਲਿਸ ਵਲੋਂ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਅੱਜ ਦੁਪਹਿਰ ਸਮੇਂ ਦੌਰਾਨ ਦੁਕਾਨ ਮਾਲਿਕ ਆਪਣੇ ਕੁੱਝ ਹੋਰਨਾਂ ਸਾਥੀਆਂ ਨਾਲ ਟ੍ਰੈਕਟਰ -ਟਰਾਲੀ ਲੈ ਕੇ ਆਇਆ ਤੇ ਉਨ੍ਹਾਂ ਮਾਨਯੋਗ ਅਦਾਲਤ ਦੇ ਹੁਕਮ ਦੀਆਂ ਧੱਜੀਆਂ ਉਡਾਉਂਦਿਆਂ ਦੁਕਾਨ ਤੇ ਕਬਜ਼ੇ ਦੀ ਕੋਸ਼ਿਸ਼ ਤਹਿਤ ਦੁਕਾਨ ਅੰਦਰ ਕੈਬਿਨ ਅਤੇ ਹੋਰ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਉਕਤ ਹਮਲਾਵਰ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ, ਅਤੇ ਹੋਰ ਕਾਫ਼ੀ ਕੀਮਤੀ ਸਮਾਨ ਟ੍ਰੈਕਟਰ-ਟਰਾਲੀ ‘ਚ ਲੱਦ ਕੇ ਫਰਾਰ ਹੋ ਗਏ ।
ਪੁਲਿਸ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ !
ਦੁਕਾਨਦਾਰ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇੱਕ ਦਿਨ ਪਹਿਲਾਂ ਜਾਣੂ ਕਰਵਾਉਣ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ। ਜੇਕਰ ਪੁਲਿਸ ਵਲੋਂ ਸਮੇਂ ਸਿਰ , ਦਿੱਤੀ ਗਈ ਦਰਖ਼ਾਸਤ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ ਅਤੇ ਸਾਡਾ ਲੱਖਾਂ ਰੁਪਏ ਦਾ ਸਮਾਨ ਚਕਨਾਚੂਰ ਹੋਣੋ ਬਚ ਜਾਂਦਾ।
ਘਟਨਾ ਦੀ ਪੜਤਾਲ ਜ਼ਾਰੀ-ਐਸ.ਐਚ.ੳ.
ਥਾਣਾ ਸਿਟੀ – 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਮੈਂ ਪੁਲਿਸ ਪਾਰਟੀ ਸਣੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਕੇ, ਪੜਤਾਲ ਸ਼ੁਰੂ ਕਰ ਦਿੱਤੀ ਹੈ । ਪੜਤਾਲ ਉਪਰੰਤ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਨਾਮਜ਼ਦ ਦੋਸ਼ੀਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।