ਅਸ਼ੋਕ ਵਰਮਾ , ਬਠਿੰਡਾ , 25 ਮਾਰਚ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਕਰਨ ਤੇ ਮੋਹਰ ਲਾ ਦਿੱਤੀ ਹੈ। ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਡੇਰਾ ਪ੍ਰਬੰਧਕਾਂ ਅਤੇ ਹੋਰ ਸੇਵਾਦਾਰਾਂ ਦੇ ਨਾਮ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਵਿੰਗ ਭੰਗ ਕਰਨ ਦਾ ਖਾਸ ਜ਼ਿਕਰ ਕੀਤਾ ਗਿਆ ਹੈ । ਪਿਛਲੇ ਦਿਨਾਂ ਦੌਰਾਨ ਆਪਣੀ ਪੈਰੋਲ ਦੀ ਸਮਾਪਤੀ ਤੋਂ ਬਾਅਦ ਜੇਲ੍ਹ ਜਾਣ ਮਗਰੋਂ ਡੇਰਾ ਮੁਖੀ ਵੱਲੋਂ ਲਿਖੀ ਇਹ ਪਹਿਲੀ ਚਿੱਠੀ ਹੈ ਜਿਸਨੂੰ ਪੈਰੋਕਾਰਾਂ ਨੇ ਰੂਹਾਨੀ ਪੱਤਰ ਦਾ ਨਾਮ ਦਿੱਤਾ ਹੈ । ਡੇਰਾ ਮੁਖੀ ਇਨ੍ਹਾ ਦਿਨਾਂ ਦੌਰਾਨ ਹਰਿਆਣਾ ਦੇ ਰੋਹਤਕ ਜਿਲ੍ਹੇ ਵਿੱਚ ਸਥਿੱਤ ਸੁਨਾਰੀਆ ਜੇਲ੍ਹ ‘ਚ ਸਜ਼ਾ ਭੁਗਤ ਰਹੇ ਹਨ ਜੋ ਉਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ਵਿਚ ਦਿੱਤੀ ਗਈ ਹੈ।
ਡੇਰਾ ਸਿਰਸਾ ਮੁਖੀ ਵੱਲੋਂ ਲਿਖੀ ਇਸ ਚਿੱਠੀ ਰਾਹੀਂ ਸਿਆਸੀ ਵਿੰਗ ਸਬੰਧੀ ਚੱਲ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਨੂੰ ਇੱਕ ਤਰਾਂ ਨਾਲ ਵਿਰਾਮ ਲੱਗ ਗਿਆ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਡੇਰਾ ਮੁਖੀ ਨੂੰ ਮਿਲੀ ਪੈਰੋਲ ਦੌਰਾਨ ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਸਿਆਸੀ ਵਿੰਗ ਭੰਗ ਕਰਨਾ ਵੀ ਸ਼ਾਮਲ ਹੈ। ਪੱਤਰ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਇਹ ਸਿਆਸੀ ਵਿੰਗ ਡੇਰਾ ਪੈਰੋਕਾਰਾਂ ਨੇ ਬਣਾਇਆ ਸੀ। ਇਸ ਤਰਾਂ ਉਨ੍ਹਾਂ ਚੁੰਜ ਚਰਚਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹੈ ਕਿ ਸਿਆਸੀ ਵਿੰਗ ਬਣਾਉਣ ਵਿੱਚ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਭੂਮਿਕਾ ਨਹੀਂ ਸੀ।
ਹੁਣ ਇਸ ਪੱਤਰ ਨਾਲ ਸਿਆਸੀ ਵਿੰਗ ਦੀ ਹੋਂਦ ਖਤਮ ਹੋਣ ਦੀ ਪੂਰੀ ਤਰ੍ਹਾਂ ਪੁਸ਼ਟੀ ਹੋ ਗਈ ਹੈ । ਉਂਜ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਏਕਤਾ ਬਣਾ ਕੇ ਰੱਖਣ ਦੀ ਲੋੜ ਤੇ ਜੋਰ ਦਿੱਤਾ ਹੈ ਅਤੇ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਨਸੀਹਤ ਵੀ ਦਿੱਤੀ ਹੈ।ਡੇਰਾ ਸਿਰਸਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ, ਤੁਸੀਂ ਹੀ ਪਹਿਲਾਂ ਰਾਜਨੀਤਿਕ ਵਿੰਗ ਬਣਾਇਆ ਸੀ ਤੇ ਹੁਣ ਭੰਗ ਵੀ ਤੁਸੀਂ ਕੀਤਾ ਹੈ ।
ਉਨ੍ਹਾਂ ਕਿਹਾ ਕਿ ਗੁਰੂ ਹੋਣ ਦੇ ਨਾਤੇ ਅਸੀਂ ਆਪਣੇ ਛੇ ਕਰੋੜ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਭ ਇੱਕ ਬਣ ਕੇ ਰਹਿਣਾ , ” ਏਕਤਾ ਰੱਖਣਾ । ਉਨ੍ਹਾਂ ਕਿਹਾ ਕਿ ਕਿਸੇ ਦੀਆਂ ਗੱਲਾਂ ਵਿਚ ਆ ਕੇ ਏਕਤਾ ਨਹੀਂ ਤੋੜਨਾ ।ਵੱਖ ਵੱਖ ਪਲੇਟਫਾਰਮਾਂ ਤੇ ਡੇਰਾ ਸਿਰਸਾ ਮੁਖੀ ਦੀ ਗੱਦੀ ਤੇ ਬਿਰਾਜਮਾਨ ਹੋਣ ਸਬੰਧੀ ਚੱਲ ਰਹੀ ਚੁੰਝ ਚਰਚਾ ਨੂੰ ਪੂਰੀ ਤਰ੍ਹਾਂ ਸਮਾਪਤ ਕਰਦਿਆਂ ਆਖਿਆ ਕਿ ਅਸੀਂ ਤੁਹਾਨੂੰ ਫਿਰ ਤੋਂ ਇੱਕ ਵਾਰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੀ ਤੁਹਾਡੇ ਗੁਰੂ ਸੀ, ਸਾਂ ਤੇ ਅਸੀਂ ਹੀ ਤੁਹਾਡੇ ਐਮਐਸਜੀ ਗੁਰੂ ਰਹਾਂਗੇ।
ਪੱਤਰ ਵਿੱਚ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਉਹ ਮਾਨਵਤਾ ਭਲਾਈ ਤੇ ਹਰ ਚੰਗੇ ਕੰਮ ’ਚ ਉਨ੍ਹਾਂ ਦਾ ਸਾਥ ਦਿੰਦੇ ਅਤੇ ਮਾਰਗਦਰਸ਼ਨ ਕਰਦੇ ਰਹਿਣਗੇ । ਉਨ੍ਹਾਂ ਦੇ ਆਪਣੇ ਪੈਰੋਕਾਰਾਂ ਨੂੰ ਅੱਜ ਦੇ ਇਸ ਵੱਡੇ ਸਮਾਗਮ ਲਈ ਅਸ਼ੀਰਵਾਦ ਵੀ ਦਿੱਤਾ ਹੈ । ਉਨ੍ਹਾਂ ਪੱਤਰ ਵਿਚ ਆਪਣੇ ਹੀ ਗੁਰੂ ਰਹਿਣ ਦੀ ਗੱਲ ਉਭਰਵੇਂ ਰੂਪ ਵਿਚ ਸਪਸ਼ਟ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਯੂਪੀ ’ਚ 40 ਦਿਨ ਰਹਿਣ ਦੌਰਾਨ ਡੇਰੇ ਦੀ ਸੰਗਤ ਨੇ ਮਿਲ ਕੇ ਸਾਨੂੰ ਜੋ ਦੋ ਬਹੁਤ ਵੱਡੇ ਤੋਹਫੇ ਦਿੱਤੇ ਉਨ੍ਹਾਂ ਵਿੱਚੋ ਪਹਿਲਾ ਤੋਹਫਾ ਪੂਰੇ ਹਰਿਆਣਾ ਨੂੰ ਸਾਢੇ ਪੰਜ ਘੰਟਿਆਂ ’ਚ ‘ਸਫਾਈ ਮਹਾਂ ਅਭਿਆਨ’ ਚਲਾ ਕੇ ਪੂਰਾ ਸਾਫ ਕੀਤਾ ਜੋ ਆਪਣੇ ਆਪ ’ਚ ਇੱਕ ਰਿਕਾਰਡ ਹੈ ।ਫਿਰ ਤੁਸੀਂ ਹਰਿਆਣਾ ਤੋਂ 8 ਗੁਣਾ ਵੱਡੇ ਰਾਜਸਥਾਨ ਨੂੰ ਸਿਰਫ ਸਾਢੇ ਛੇ ਘੰਟਿਆਂ ’ਚ ਸਾਫ ਕਰਕੇ ਅਨੋਖੀ, ਬੇਮਿਸਾਲ, ਸਫਾਈ ਰੂਪੀ ‘ਮਹਾਂਯੱਗ’ ਨੂੰ ਪੂਰਾ ਕਰ ਵਿਖਾਇਆ ਹੈ ।
ਡੇਰਾ ਸਿਰਸਾ ਮੁਖੀ ਨੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਪਰਮ ਪਿਤਾ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਹੈ ਕਿ ਆਪਣੇ-ਆਪਣੇ ਘਰਾਂ ਤੋਂ ਜਿੰਨੀ ਕਿਲੋਮੀਟਰ ਦੂਰ ਜਾ ਕੇ ਇਹ ਸੇਵਾ ਕੀਤੀ ਹੈ, ਇੱਕ-ਇੱਕ ਕਿਲੋਮੀਟਰ ਦੇ ਬਦਲੇ ਪਰਮਾਤਮਾ ਤੁਹਾਨੂੰ ਇੱਕ-ਇੱਕ ਵੱਖਰੀ ਜਿਹੀ ਖੁਸੀ ਤੇ ਇੱਕ-ਇੱਕ ਤੁਹਾਡੇ ਕੰਮ ਧੰਦੇ ’ਚ ਲਾਭ ਦੇਵੇਗਾ । ਉਨ੍ਹਾਂ ਆਪਣੇ ਪੱਤਰ ਵਿਚ ਡੇਰਾ ਸੱਚਾ ਸੌਦਾ ਦੇ ਦੂਸਰੇ ਗੱਦੀ ਨਸ਼ੀਨ ਸਤਨਾਮ ਸਿੰਘ ਕੋਲੋਂ 25 ਮਾਰਚ 1973 ਨੂੰ ਆਪਣੇ ਵੱਲੋਂ ਨਾਮ ਲੈਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਆਪਣੇ ਪੈਰੋਕਾਰਾਂ ਨੂੰ ਅੱਜ ਦੇ ਸਮਾਗਮ ਦੀਆਂ ਵਧਾਈਆਂ ਵੀ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਅੱਜ ਇਕ ਵੱਡਾ ਸਮਾਗਮ ਕਰਵਾਇਆ ਸੀ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦਾ ਦਿਨ ਡੇਰਾ ਪੈਰੋਕਾਰਾਂ ਨੇ ਭੰਡਾਰੇ ਦੇ ਰੂਪ ਚ ਮਨਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਦੌਰਾਣ ਪੰਜਾਬ ਹਰਿਆਣਾ ਹਿਮਾਚਲ ਅਤੇ ਹੋਰ ਵੱਖ-ਵੱਖ ਸੂਬਿਆਂ ਤੋਂ ਲੱਖਾਂ ਲੋਕ ਜਿੰਨ੍ਹਾਂ ਵਿੱਚ ਡੇਰਾ ਪੈਰੋਕਾਰ ਔਰਤਾਂ ਵੀ ਸ਼ਾਮਲ ਸਨ ਨੇ ਹਾਜ਼ਰੀ ਭਰੀ ਹੈ ।