ਅਸ਼ੋਕ ਵਰਮਾ , ਸਰਸਾ, 25 ਮਾਰਚ 2023
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ‘ਐਮਐਸਜੀ ਗੁਰਮੰਤਰ ਭੰਡਾਰਾ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਸਮੇਤ ਦੁਨੀਆ ਭਰ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਗਈ 14ਵੀਂ ਰੂਹਾਨੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ। ਚਿੱਠੀ ਵਿੱਚ ਪੂਜਨੀਕ ਗੁਰੂ ਜੀ ਨੇ ਹਰਿਆਣਾ ਅਤੇ ਰਾਜਸਥਾਨ ’ਚ ਚਲਾਏ ਗਏ ਸਫਾਈ ਮਹਾਂ ਅਭਿਆਨਾਂ ਰੂਪੀ ਮਹਾਂਯੱਗਾਂ ’ਚ ਆਹੂਤੀ ਪਾਉਣ ਵਾਲੀ ਸਾਧ-ਸੰਗਤ ਦੀ ਖੂਬ ਪ੍ਰਸੰਸਾ ਕੀਤੀ ਅਤੇ ਪਵਿੱਤਰ ਅਸ਼ੀਰਵਾਦ ਦਿੱਤਾ। ਪੂਜਨੀਕ ਗੁਰੂ ਜੀ ਨੇ ਚਿੱਠੀ ਜ਼ਰੀਏ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਮਾਰਚ ਮਹੀਨੇ ’ਚ ਹੀ ਗੁਰਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।
ਇਸ ਲਈ ਅੱਗੇ ਤੋਂ 25 ਮਾਰਚ ਦੇ ਡੰਡਾਰੇ ਨੂੰ ਐਮਐਸਜੀ ਗੁਰਮੰਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾਵੇਗਾ। ਪੂਜਨੀਕ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਸਾਧ-ਸੰਗਤ ਨੇ ਹੀ ਸਾਧ-ਸੰਗਤ ਰਾਜਨੀਤਿਕ ਵਿੰਗ ਬਣਾਇਆ ਸੀ ਅਤੇ ਹੁਣ ਸਾਧ-ਸੰਗਤ ਨੇ ਹੀ ਉਸ ਨੂੰ ਭੰਗ ਕਰ ਦਿੱਤਾ ਹੈ। ‘ਐਮਐਸਜੀ ਗੁਰਮੰਤਰ ਭੰਡਾਰੇ’ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ 50 ਜ਼ਰੂਰਤਮੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਅਤੇ ਸੇਫ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 50 ਹੈਲਦੀ ਡਾਈਟ ਕਿੱਟਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਆਸ਼ਿਆਨਾ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਜ਼ਰੂਰਤਮੰਦ ਵਿਧਵਾ ਭੈਣ ਨੂੰ ਬਣਾ ਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪੀ ਗਈ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਰਚ ਮਹੀਨੇ ’ਚ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ 25 ਮਾਰਚ, 1973 ਦੇ ਦਿਨ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਮੰਤਰ ਦੀ ਦਾਤ ਬਖਸ਼ੀ ਸੀ। ਡੇਰਾ ਸੱਚਾ ਸੌਦਾ ਦਾ ਹਰ ਸ਼ਰਧਾਲੂ ਪੂਰੇ ‘ਮਾਰਚ’ ਮਹੀਨੇ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾ ਰਿਹਾ ਹੈ।
ਸਵੇਰੇ 11 ਵਜੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪਵਿੱਤਰ ‘ਐਮਐਸਜੀ’ ਭੰਡਾਰੇ ਦੀ ਵਧਾਈ ਨਾਲ ਨਾਮ ਚਰਚਾ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਜਨਾਂ ਜ਼ਰੀਏ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਸੀ ਅਤੇ ਆਸ਼ਰਮ ਦੇ ਚਾਰੇ ਪਾਸੇ ਰਸਤਿਆਂ ’ਤੇ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ।
ਇਸ ਮੌਕੇ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਦੇ ਜ਼ਰੀਏ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਬਚਨਾਂ ਦਾ ਲਾਭ ਉਠਾਇਆ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸੱਚਾ ਕਿਹੜਾ ਹੁੰਦਾ ਹੈ? ਸੰਤਾਂ ਦਾ ਕੰਮ ਕੀ ਹੁੰਦਾ ਹੈ? ਸੰਤ ਕਿਸ ਲਈ ਦੁਨੀਆ ’ਚ ਆਉਂਦੇ ਹਨ? ਸੰਤਾਂ ਦਾ ਮਕਸਦ ਕੀ ਹੁੰਦਾ ਹੈ ਇਸ ਸਮਾਜ ’ਚ ਆਉਣ ਦਾ, ਇਸ ਧਰਤੀ ’ਤੇ ਆਉਣ ਦਾ? ਸੰਤ, ਜਿਸ ਦੇ ਸੱਚ ਦਾ ਕੋਈ ਅੰਤ ਨਾ ਹੋਵੇ। ਸੰਤ, ਜੋ ਸੱਚ ਨਾਲ ਜੁੜਿਆ ਹੋਵੇ। ਸੰਤ, ਜੋ ਸਦਾ ਸਾਰਿਆਂ ਦੇ ਭਲੇ ਦੀ ਚਰਚਾ ਕਰੇ। ਸੰਤ, ਜੋ ਸਭ ਕੁਝ ਤਿਆਗ ਕੇ ਸਿਰਫ਼ ਅਤੇ ਸਿਰਫ਼ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਔਲਾਦ ਦਾ ਭਲਾ ਕਰੇ। ਸੰਤ, ਜੋ ਸੱਚੀ ਗੱਲ ਕਹੇ, ਚਾਹੇ ਕੌੜੀ ਲੱਗੇ ਜਾਂ ਮਿੱਠੀ ਲੱਗੇ। ਸੰਤ, ਜੋ ਸੱਚ ਨਾਲ ਜੋੜ ਦੇਵੇ ਅਤੇ ਸੱਚ ਕੀ ਹੈ, ਇਹ ਵੀ ਸੰਤ ਦੱਸੇ, ਕਿ ਭਾਈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਸੱਚ ਸੀ ਅਤੇ ਸੱਚ ਹੀ ਰਹੇਗਾ। ਪਵਿੱਤਰ ਐਮਐਸਜੀ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ‘ਅਸ਼ੀਰਵਾਦ ਮਾਓਂ ਕਾ’ ਭਜਨ ’ਤੇ ਨੱਚ ਕੇ ਖੁਸ਼ੀ ਮਨਾਈ। ਪੂਜਨੀਕ ਗੁਰੂ ਜੀ ਦੇ ਇਸ ਭਜਨ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਭਜਨ ਜ਼ਰੀਏ ਮੇਅਰਾਂ ਅਤੇ ਸਰਪੰਚਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਦੀ ਅਪੀਲ ਕੀਤੀ ਹੈ। ਇਸ ਭਜਨ ਨੂੰ ਹੁਣ ਤੱਕ ਇੱਕ ਕਰੋੜ 70 ਲੱਖ ਤੋਂ ਜਿਆਦਾ ਲੋਕ ਪਸੰਦ ਕਰ ਚੁੱਕੇ ਹਨ।
ਇਸ ਮੌਕੇ ਹਰਿਆਣਾ ਅਤੇ ਰਾਜਸਥਾਨ ’ਚ ਸਾਧ-ਸੰਗਤ ਵੱਲੋਂ ਚਲਾਏ ਗਏ ਮਹਾਂ-ਅਭਿਆਨਾਂ ਨਾਲ ਜੁੜੀ ਡਾਕੂਮੈਂਟਰੀ ਵੀ ਚਲਾਈ ਗਈ। ਜਿਸ ’ਚ ਦਿਖਾਇਆ ਗਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹਰਿਆਣਾ ਨੂੰ ਸਿਰਫ਼ ਸਾਢੇ ਪੰਜ ਘੰਟਿਆਂ ’ਚ ਅਤੇ ਹਰਿਆਣਾ ਤੋਂ ਅੱਠ ਗੁਣਾ ਵੱਡੇ ਰਾਜਸਥਾਨ ਨੂੰ ਸਿਰਫ਼ ਸਾਢੇ 6 ਘੰਟਿਆਂ ’ਚ ਚਮਕਾ ਦਿੱਤਾ ਸੀ।