ਸਿੱਖਿਆ ਮੰਤਰੀ ਵੱਲੋਂ ਜਾਂਚ ਦੇ ਆਦੇਸ਼, 12 ਮਾਰਚ 2023 ਨੂੰ ਹੋਈ ਪ੍ਰੀਖਿਆ ਵਿਚ ਖਾਮੀਆ ਆਈਆਂ ਸਨ ਸਾਹਮਣੇ
ਬੇਅੰਤ ਸਿੰਘ ਬਾਜਵਾ , ਬਰਨਾਲਾ 13 ਮਾਰਚ 2023
ਲੰਘੀ ਕੱਲ੍ਹ ਪੰਜਾਬ ਅੰਦਰ ਹੋਈ ਪੰਜਾਬ ਰਾਜ ਅਧਿਆਪਕਾ ਯੋਗਤਾ ਟੈਸਟ (ਟੈਟ) ਦੀ ਪ੍ਰੀਖਿਆ ਦੌਰਾਨ ਆਈਆ ਖਾਮੀਆਂ ਨੂੰ ਲੈ ਕੇ ਪ੍ਰੀਖਿਆਰਥੀਆਂ ਨੂੰ ਵੱਡੀਆਂ ਸਮੱਸਿਆਵਾਂ ਦੀ ਗੱਲ ਸਾਹਮਣੇ ਆਈ ਸੀ। ਜਿਸ ਨੂੰ ਲੈ ਕੇ ਪੰਜਾਬ ਵਿਚ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੇ ਅੱਗੇ ਪੇਪਰ ਦੇਣ ਆਏ ਪ੍ਰੀਖਿਆਰਥੀਆਂ ਨੇ ਆਪਣਾ ਰੋਸ ਵੀ ਪ੍ਰਗਟ ਕੀਤਾ ਸੀ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਮੀਡੀਆ ਵਿਚ ਮਾਮਲਾ ਆਉਣ ਤੋਂ ਤੁਰੰਤ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ਤੇ ਨੋਟਿਸ ਲੈਂਦਿਆ ਜਾਂਚ ਦੇ ਹੁਕਮ ਦਿੱਤੇ ਹਨ। ਜਿਸ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਜਾਂਚ ਲਈ ਦਿੱਤੇ ਆਦੇਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਪ੍ਰੀਖਿਆਰਥੀਆਂ ਪੇਪਰ ਨੂੰ ਕੈਸ਼ਲ ਕਰਕੇ ਨਵੇਂ ਸਿਰੇ ਤੋਂ ਪ੍ਰੀਖਿਆ ਦੀ ਮੰਗ ਕਰ ਰਹੇ ਹਨ।
ਕੀ ਸੀ ਪੂਰਾ ਮਾਮਲਾ ?
ਜਿਕਰਯੋਗ ਹੈ ਕਿ ਮਿਤੀ 12 ਮਾਰਚ 2023 ਨੂੰ ਪੰਜਾਬ ਸਰਕਾਰ ਨੇ ਸੂਬੇ ਅੰਦਰ ਪੰਜਾਬ ਰਾਜ ਅਧਿਆਪਕਾ ਯੋਗਤਾ ਟੈਸਟ (ਟੈਟ) ਦੀ ਪ੍ਰੀਖਿਆ ਲਈ ਗਈ ਸੀ।ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਪ੍ਰਸ਼ਨ ਪੱਤਰ ਵਿਚ ਉੱਤਰਾਂ ਨੂੰ ਗੂੜ੍ਹਾ ਰੰਗ ਦਾ ਕਰਕੇ ਹਾਈਲਾਈਟ ਕੀਤਾ ਗਿਆ ਸੀ।ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਧਿਰ ਨੂੰ ਇਸ ਦਾ ਫਾਇਦਾ ਦਿੱਤਾ ਜਾ ਰਿਹਾ ਹੈ।ਪੀੜਤ ਪ੍ਰੀਖਿਆਰਥੀਆਂ ਨੇ ਇਹ ਵੀ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਸੇਮ ਪੇਪਰ ਕੋਡ ਵੀ ਨਹੀਂ ਦਿੱਤਾ ਗਿਆ।ਜਿਸ ਨਾਲ ਆਉਣ ਵਾਲਾ ਟੈਟ ਦਾ ਨਤੀਜਾ ਵੀ ਪ੍ਰਭਾਵਿਤ ਹੋਵੇਗਾ।