ਟੈਟ ਦੀ ਪ੍ਰੀਖਿਆ ਆਈ ਸ਼ੱਕ ਦੇ ਘੇਰੇ ਵਿੱਚ…
ਟੈਟ ਦੇ ਵਿਦਿਆਰਥੀਆਂ ਨੂੰ ਸੇਮ ਕੋਡ ਦੇ ਪੇਪਰ ਨਾ ਮਿਲਣ ਤੇ ਰੌਲਾ ਰੱਪਾ ਪਿਆ
ਨਕਲ ਦਾ ਅਨੋਖਾ ਤਰੀਕਾ, ਉੱਤਰ ਪਹਿਲਾਂ ਹੀ ‘ ਕੀਤੇ ਹਾਈ ਲਾਈਟ ‘
ਬੇਅੰਤ ਸਿੰਘ ਬਾਜਵਾ , ਬਰਨਾਲਾ,12 ਮਾਰਚ 2023
ਕੁੱਝ ਸਮਾਂ ਪਹਿਲਾਂ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਰੱਦ ਹੋਣ ਨਾਲ ਜਿਵੇਂ ਪੰਜਾਬ ਸਰਕਾਰ ਦਾ ਪਾਰਦਰਸ਼ੀ ਭਰਤੀ ਕਰਨ ਵਾਲਾ ਢੋਲ ਪਾਟ ਗਿਆ ਸੀ। ਉਸੇ ਤਰਾਂ ਅੱਜ ਹੋਈ ਅਧਿਆਪਨ ਕਾਰਜ ਲਈ ਭਰਤੀ ਹੋਣ ਲਈ ਮੁੱਢਲੀ ਪ੍ਰੀਖਿਆ ‘ ਪੰਜਾਬ ਰਾਜ ਅਧਿਆਪਨ ਯੋਗਤਾ ਪ੍ਰੀਖਿਆ ‘ ਭਾਵ ਟੈਟ ਮੌਕੇ ਬਰਨਾਲਾ ਦੇ ਪ੍ਰੀਖਿਆਰਥੀਆਂ ਨੂੰ ਸੇਮ ਕੋਡ ਪੇਪਰ ਨਾ ਮਿਲਣ ਕਰਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆਰਥੀਆ ਨੇ ਪੇਪਰ ਦੇਣ ਤੋਂ ਬਾਅਦ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਮੁੱਖ ਗੇਟ ਤੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰੀਖਿਆਰਥੀ ਕੁਲਜਿੰਦਰ ਕੌਰ ਫਤਿਹਗੜ ਸਾਹਿਬ , ਵਿਨੀਤਾ ਸ਼ਰਮਾ ਤੇ ਸਾਹੁਲ ਕੁਮਾਰ ਬਰਨਾਲਾ ਆਦਿ ਨੇ ਦੱਸਿਆ ਕਿ ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ ਚਾਰ ਪ੍ਰਕਾਰ ਦੇ ਪੇਪਰ ਪਾਏ ਗਏ। ਜਿੰਨਾ ਵਿੱਚ ਏ,ਬੀ ,ਸੀ ਅਤੇ ਡੀ ਸੈੱਟ ਸਨ।ਕੁਲ 60 ਸਵਾਲਾਂ ਲਈ ,ਹਰੇਕ ਸਵਾਲ ਦੇ ਉੱਤਰ ਲਈ ਚਾਰ ਚਾਰ ਵਿਕਲਪ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋ ਕੋਈ ਇੱਕ ਢੁਕਵਾਂ ਉੱਤਰ ਬਣਦਾ ਸੀ। ਪ੍ਰੰਤੂ ਸਹੀ ਉੱਤਰ ਨੂੰ ਪਹਿਲਾਂ ਹੀ ਗੂੜਾ ਕੀਤਾ ਹੋਇਆ ਸੀ।ਜਿਸ ਤੋ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ?
ਇਸ ਤਰ੍ਹਾਂ ਹੋਣ ਨਾਲ ਜਿੱਥੇ ਬਿਨਾਂ ਤਿਆਰੀ ਤੋਂ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਪਾਸ ਹੋਣਗੇ। ਉੱਥੇ ਬਿਨਾਂ ਤਿਆਰੀ ਤੋਂ ਪੇਪਰ ਵਾਲੇ ਉਮੀਦਵਾਰ ਸਫਲ ਹੋਕੇ ਹੋਰਨਾਂ ਦੇ ਹੱਕ ਮਾਰਨਗੇ।ਪੀੜਤ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਹਰ ਸਬਜੈਕਟ ਵਿੱਚ ਸੇਮ ਕੋਡ ਦੇ ਪੇਪਰ ਦੀ ਵੰਡ ਹੋਣੀ ਸੀ, ਪਰ ਡਿਊਟੀ ਤੇ ਮੌਜੂਦ ਅਧਿਆਪਕ ਰੂਮ ਨੰਬਰ ਇੱਕ ਵਿਚ 24 ਪ੍ਰੀਖਿਆਰਥੀਆਂ ਨੂੰ ਅਲੱਗ ਅਲੱਗ ਕੋਡ ਦੇ ਪੇਪਰ ਦਿੱਤੇ ਗਏ, ਜਿਸ ਨਾਲ ਆਉਣ ਵਾਲੇ ਨਤੀਜੇ ਦੀ ਉਤਰ ਕੀ-ਕਾਪੀ ਨਾਲ ਮੇਲ ਨਹੀਂ ਖਾਵੇਗਾ ਅਤੇ ਨਤੀਜਾ ਪ੍ਰਭਾਵਿਤ ਹੋਵੇਗਾ।
ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਸਰਕਾਰ ਉੱਤੇ ਬੇਰੁਜ਼ਗਾਰਾਂ ਨੂੰ ਖੱਜਲ ਖੁਆਰ ਕਰਨ ਅਤੇ ਆਰਥਿਕ ਲੁੱਟ ਕਰਨ ਦਾ ਦੋਸ਼ ਲਗਾਇਆ । ਪ੍ਰੀਖਿਆਰਥੀਆਂ ਨੇ ਇਹ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਐਗਜਾਮੀਨੇਸ਼ਨ ਅਫਸਰ ਨੇ ਵੀ ਸਾਡੀ ਸਮੱਸਿਆ ਬਾਬਤ ਗੱਲ ਨਹੀਂ ਸੁਣੀ ਅਤੇ ਮੌਕੇ ਪਰ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਕਰ ਦਿੱਤਾ। ਉਨ੍ਹਾ ਕਿਹਾ ਅਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਕੋਨੇ ਕੋਨੇ ਤੋਂ ਟੈਟ ਦਾ ਪੇਪਰ ਦੇਣ ਲਈ ਆਏ ਹਾਂ, ਪਰ ਇੱਥੇ ਪ੍ਰੀਖਿਆ ਕੇਂਦਰ ਦੀਆਂ ਖ਼ਾਮੀਆਂ ਕਾਰਨ ਨਿਰਾਸ਼ ਹੋਣਾ ਪਿਆ ਹੈ। ਪ੍ਰੀਖਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾ ਤਾਂ ਸਾਨੂੰ ਪਾਸ ਕੀਤਾ ਜਾਵੇ, ਨਹੀਂ ਪੇਪਰ ਦੁਬਾਰਾ ਲਿਆ ਜਾਵੇ।