ਡਿਵੀਜ਼ਨਲ ਕਮੀਸ਼ਨਰ ਅਤੇ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਟ੍ਰੇਨ ਨੂੰ ਕੀਤਾ ਰਵਾਨਾ
ਫਿਰੋਜ਼ਪੁਰ ਤੋਂ ਹੁਣ ਤੱਕ 10 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਯੂਪੀ ਅਤੇ ਬਿਹਾਰ ਰਾਜਾਂ ਲਈ ਹੋ ਚੁੱਕਿਆਂ ਹਨ ਰਵਾਨਾ,
ਪ੍ਰਵਾਸੀ ਮਜ਼ਦੂਰਾਂ ਲਈ ਟਿਕਟ ਸਮੇਤ ਖਾਣ-ਪੀਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸੰਚਾਲਿਤ, ਪ੍ਰਵਾਸੀ ਮਜ਼ਦੂਰਾਂ ਨੇ ਤਾੜੀਆਂ ਵਜਾ ਕੇ ਪ੍ਰਸ਼ਾਸਨ ਅਤੇ ਸਰਕਾਰ ਦਾ ਕੀਤਾ ਧੰਨਵਾਦ
ਬਿੱਟੂ ਜਲਾਲਾਬਾਦੀ ਫ਼ਿਰੋਜਪੁਰ, 21 ਮਈ 2020
ਫ਼ਿਰੋਜ਼ਪੁਰ ਤੋਂ ਚੱਲਣ ਵਾਲੀ 10ਵੀਂ ਸ਼੍ਰਮਿਕ ਸਪੈਸ਼ਲ ਟ੍ਰੇਨ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਵਾਰਾਨਸੀ (ਯੂਪੀ) ਲਈ ਵੀਰਵਾਰ ਸ਼ਾਮ 7 ਵਜੇ ਨੂੰ ਰਵਾਨਾ ਹੋਈ, ਜਿਸ ਨੂੰ ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜ਼ਰ, ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਟ੍ਰੇਨ ਵਿਚ 750 ਪ੍ਰਵਾਸੀ ਮਜ਼ਦੂਰ ਸਵਾਰ ਹੋਏ।
ਇਸ ਮੌਕੇ ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜ਼ਰ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਪਿਤਰੀ ਰਾਜਾਂ ਵਿਚ ਭੇਜਣ ਲਈ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਜਿਸ ਤਹਿਤ ਅੱਜ ਪੰਜਾਬ ਰਾਜ ਦੀ 250ਵੀਂ ਅਤੇ ਫ਼ਿਰੋਜ਼ਪੁਰ ਤੋਂ ਚੱਲਣ ਵਾਲੀ 10ਵੀਂ ਟ੍ਰੇਨ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 750 ਮਜ਼ਦੂਰਾਂ ਨੂੰ ਲੈ ਕੇ ਵਾਰਾਨਸੀ(ਯੂਪੀ) ਲਈ ਰਵਾਨਾ ਹੋਈ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਟ੍ਰੇਨਾ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਚਲਾਈਆਂ ਜਾਣੀਆਂ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਭੇਜਿਆ ਜਾਣਾ ਹੈ।
ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਮਾਲਵਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਵਿਚ ਭੇਜਣ ਲਈ ਫ਼ਿਰੋਜ਼ਪੁਰ ਤੋਂ ਹੁਣ ਤੱਕ 10 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਯੂਪੀ ਅਤੇ ਬਿਹਾਰ ਰਾਜਾਂ ਲਈ ਰਵਾਨਾ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 61 ਲੱਖ ਦੇ ਕਰੀਬ ਟ੍ਰੇਨ ਟਿਕਟਾਂ ਦਾ ਖ਼ਰਚ ਕਰ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਸੂਬਿਆਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੂਡ ਪੈਕਟ, ਪਾਣੀ ਦੀਆਂ ਬੋਤਲਾਂ ਅਤੇ ਮਾਸਕ ਆਦਿ ਵੀ ਉਪਲਬਧ ਕਰਵਾਏ ਜਾਂਦੇ ਹਨ। ਟ੍ਰੇਨ ਦੀ ਰਵਾਨਗੀ ਦੌਰਾਨ ਟ੍ਰੇਨ ਅੰਦਰ ਬੈਠੇ ਪ੍ਰਵਾਸੀ ਮਜ਼ਦੂਰਾਂ ਨੇ ਤਾੜੀਆਂ ਵਜਾ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਘਰ ਭੇਜਣ ਲਈ ਕੀਤੇ ਗਏ ਪ੍ਰਬੰਧਾਂ ਤੇ ਖ਼ੁਸ਼ੀ ਜਤਾਈ।