EO ਤੇ JE ਖਿਲਾਫ ਗੈਰਕਾਨੂੰਨੀ ਢੰਗ ਨਾਲ ਦਰੱਖਤ ਕੱਟਣ ਲਈ ਕਰੋ ਕਾਰਵਾਈ
ਹਰਿੰਦਰ ਨਿੱਕਾ , ਬਰਨਾਲਾ 8 ਫਰਵਰੀ 2023
ਨਗਰ ਕੌਂਸਲ ਦਫਤਰ ‘ਚ ਲੱਗੇ ਦਰੱਖਤਾਂ ਨੂੰ ਲੰਘੀ ਕੱਲ੍ਹ ਗੈਰਕਾਨੂੰਨੀ ਢੰਗ ਨਾਲ ਵੱਢਣ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਕੁੱਝ ਕੌਂਸਲਰ, ਕਾਂਗਰਸੀ ,ਅਕਾਲੀ ਤੇ ਭਾਜਪਾ ਆਗੂਆਂ ਦਾ ਇੱਕ ਵਫਦ ਅੱਜ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮਿਲਿਆ । ਵਫਦ ਨੇ ਲਿਖਤੀ ਮੰਗ ਪੱਤਰ ਦੇ ਕੇ ਕਿਹਾ ਕਿ ਨਗਰ ਕੌਂਸਲ ਦੇ ਈ.ੳ. ਸੁਨੀਲ ਦੱਤ ਵਰਮਾ ਅਤੇ ਜੇ.ਈ. ਮੁਹੰਮਦ ਸਲੀਮ ਦੇ ਵਿਰੁੱਧ ਦਰੱਖਤਾਂ ਦੀ ਨਜਾਇਜ ਕਟਾਈ ਕਰਨ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਮੰਗ ਪੱਤਰ ਵਿੱਚ ਲਿਖਿਆ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿਖੇ ਪਿਛਲੇ ਕਾਫੀ ਸਮੇਂ ਤੋਂ ਜੋ ਦਰਖਤ ਲੱਗੇ ਹੋਏ ਸੀ। ਉਹ ਬਹੁਤ ਹੀ ਸ਼ਾਨਦਾਰ ਦਰਖਤ ਸੀ, ਉਹਨਾਂ ਦਰਖਤਾਂ ਨੂੰ ਨਗਰ ਕੌਂਸਲ ਦੇ ਈ.ਓ. ਅਤੇ ਜੇ.ਈ. ਵੱਲੋਂ ਨਜਾਇਜ ਤੌਰ ਤੇ ਕਟਵਾਇਆ ਗਿਆ ਹੈ। ਜਿਸ ਦੀ ਹਾਊਸ ਪਾਸੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ । ਦਰਖਤਾਂ ਦੀ ਕਟਾਈ ਕਰਨੀ ਬਹੁਤ ਹੀ ਮੰਦਭਾਗੀ ਗੱਲ ਹੈ। ਕਿਉਂਕਿ ਇੱਕ ਪਾਸੇ ਸਰਕਾਰ ਪ੍ਰਦੂਸ਼ਿਤ ਵਾਤਾਵਰਣ ਨੂੰ ਬਚਾਉਣ ਲਈ ਦਰੱਖਤ ਲਗਵਾ ਰਹੀ ਹੈ , ਉੱਥੇ ਹੀ ਈ.ਓ. ਅਤੇ ਜੇ.ਈ. ਵੱਲੋਂ ਪੁਰਾਣੇ ਦਰਖਤਾਂ ਦੀ ਜੜ੍ਹਾਂ ਤੋਂ ਕਟਾਈ ਕਰਕੇ ਅਤੇ ਕੁਝ ਦਰਖਤਾਂ ਨੂੰ ਉੱਪਰੋਂ ਵੱਢ ਕੇ ਗੈਰ ਕਾਨੂੰਨੀ ਕੰਮ ਕੀਤਾ ਹੈ। ਵਫਦ ਨੇ ਇਹ ਵੀ ਕਿਹਾ ਕਿ ਲੰਘੀ ਕੱਲ੍ਹ ਨੂੰ ਸ਼ਾਮ ਦੇ ਸਮੇਂ ਇੱਕ ਆਈਸ਼ਰ ਟਰੈਕਟਰ ਜਿਸ ਦਾ ਰੰਗ ਲਾਲ ਉਸ ਉੱਪਰ ਕੋਈ ਵੀ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ। ਉਸ ਦੇ ਮਗਰ ਇੱਕ ਟਰਾਲੀ ਕੱਟੇ ਹੋਏ ਦਰਖਤਾਂ ਦੀ ਭਰੀ ਹੋਈ ਸੀ। ਜਿਸ ਦੇ ਡਰਾਈਵਰ ਨੂੰ ਮੌਕੇ ਤੇ ਪਹੁੰਚੇ ਕੁੱਝ ਕੌਂਸਲਰਾਂ ਨੇ ਪੁੱਛਿਆ ਕਿ ਇਹ ਦਰੱਖਤ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਮੈਂ ਕੱਟੇ ਹੋਏ ਦਰੱਖਤਾਂ ਦਾ ਪਹਿਲਾਂ ਵੀ ਇੱਕ ਗੇੜਾ ਲਾ ਆਇਆ ਹਾਂ ਅਤੇ ਕੁੱਝ ਦਰੱਖਤਾਂ ਦੇ ਵੱਡੇ ਮੁੱਢ ਸ਼ਟਰ ਵਾਲੇ ਕਮਰੇ ਦੇ ਅੰਦਰ ਹਨ । ਡਰਾਈਵਰ ਤੇ ਮੌਕੇ ਮੌਜੂਦ ਕਟਾਈ ਕਰ ਰਹੇ ਮਜਦੂਰਾਂ ਨੇ ਕਿਹਾ ਕਿ ਉਹ ਈ.ਓ. ਅਤੇ ਜੇ. ਈ. ਦੇ ਕਹਿਣ ਤੇ ਹੀ ਇਹ ਦਰੱਖਤ ਵੇਚਣ ਜਾ ਰਿਹਾ ਸੀ ਤਾਂ ਮੌਜੂਦਾ ਕੌਂਸਲਰਾਂ ਨੇ ਪ੍ਰੈਸ ਦੀ ਹਾਜਰੀ ਵਿੱਚ ਪੁਲਿਸ ਨੂੰ ਬੁਲਾ ਕੇ ਟ੍ਰੈਕਟਰ ਟਰਾਲੀ ਨੂੰ ਥਾਣੇ ਭੇਜ ਦਿੱਤਾ । ਵਫਦ ਨੇ ਮੰਗ ਕੀਤੀ ਕਿ ਈ.ਓ. ਅਤੇ ਜੇ.ਈ. ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਸੀ ਪੂਨਮਦੀਪ ਕੌਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਏ.ਡੀ.ਸੀ. ਰਾਹੀਂ ਪੂਰੀ ਰਿਪੋਰਟ ਲੈ ਕੇ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।