ਦਰੱਖਤਾਂ ਦਾ ਸ਼ਰੇਆਮ ਕਤਲ ,ਗੰਦਗੀ ਹਟਾਉਣ ਦੇ ਨਾਂ ਹੇਠ, ਹਰਿਆਲੀ ਦਾ ਉਜ਼ਾੜਾ
ਈ.ੳ. ਵਰਮਾ ਬੋਲੇ, ਦਰਖੱਤਾਂ ਦੀ ਕਟਾਈ ਨਹੀਂ, ਛੰਗਾਈ ਕਰਵਾ ਰਹੇ ਹਾਂ
ਹਰਿੰਦਰ ਨਿੱਕਾ , ਬਰਨਾਲਾ 7 ਜਨਵਰੀ 2023
ਵਾਤਾਵਰਣ ਨੂੰ ਬਚਾਉਣ ਲਈ ਹਰ ਵੇਲੇ ਲੋਕਾਂ ਨੂੰ ਉਪਰਾਲੇ ਕਰਦੇ ਰਹਿਣ ਲਈ ਪੌਦੇ ਲਗਾਉਣ ਅਤੇ ਰੁੱਖ ਬਚਾਉਣ ਦਾ ਹੌਕਾ ਦੇਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਉਲਟ ਨਗਰ ਕੌਂਸਲ ਬਰਨਾਲਾ ਦੇ ਈ.ੳ. ਸੁਨੀਲ ਦੱਤ ਵਰਮਾ ਵੱਲੋਂ ਕੌਂਸਲ ਦਫਤਰ ਅੰਦਰ ਲੱਗੇ ਵੀਹ-ਵੀਹ ਵਰ੍ਹੇ ਪੁਰਾਣੇ, ਛਾਂ ਵਾਲੇ ਦਰੱਖਤਾਂ ਤੇ ਬੇਰਹਿਮੀ ਨਾਲ ਆਰਾ ਚਲਾਉਣ ਦਾ ਫੁਰਮਾਨ ਜ਼ਾਰੀ ਕਰ ਦਿੱਤਾ। ਦੇਖਦੇ ਹੀ ਦੇਖਦੇ ਨਗਰ ਕੌਂਸਲ ਦੇ ਕੁੱਝ ਕਰਮਚਾਰੀਆਂ ਨੇ ਪੁੱਤਾਂ ਵਾਂਗ ਪਾਲੇ ਹੋਏ ਦਰਖਤਾਂ ਦੇ ਟੋਟੇ-ਟੋਟੇ ਕਰ ਦਿੱਤੇ। ਵਾਤਾਵਰਣ ਬਚਾਉਣ ਲਈ ਹਮੇਸ਼ਾਂ ਤਤਪਰ ਰਹਿਣ ਵਾਲੇ ਕੰਪੇਟ ਅਗੇਂਸਟ ਕੁਰੱਪਸ਼ਨ ਹਿੰਦੁਸਤਾਨ ( ਕੈਚ) ਦੇ ਕੌਮੀ ਪ੍ਰਧਾਨ ਬੇਅੰਤ ਸਿੰਘ ਬਾਜਵਾ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਇਸ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ, ਮੁੱਖ ਮੰਤਰੀ ਪੰਜਾਬ ਅਤੇ 112 ਨੰਬਰ ਤੇ ਲਿਖਤੀ ਸ਼ਕਾਇਤ ਵੀ ਕਰ ਦਿੱਤੀ। ਬਾਜਵਾ ਵੱਲੋਂ 112 ਨੰਬਰ ਤੇ ਦਰਜ਼ ਕਰਵਾਈ ਸ਼ਕਾਇਤ ਤੋਂ ਬਾਅਦ ਥਾਣਾ ਸਿਟੀ 1 ਬਰਨਾਲਾ ਦੇ ਡਿਊਟੀ ਅਫਸਰ ਏ.ਐਸ.ਆਈ. ਪਰਦੀਪ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੀ ਦਰਖੱਤਾਂ ਦੀ ਹੋ ਰਹੀ ਕਟਾਈ ਦਾ ਮੌਕਾ ਵੇਖਣ ਲਈ ਪਹੁੰਚ ਗਈ। ਇਸ ਮੌਕੇ ਉਨਾਂ ਦਰੱਖਤ ਵੱਢਣ ਵਾਲਿਆਂ ਤੋਂ ਤਹਿਕੀਕਾਤ ਕੀਤੀ ਤਾਂ ਉਨਾਂ ਨੇ ਡਿਊਟੀ ਅਫਸਰ ਦੀ ਗੱਲ ਨਗਰ ਕੌਂਸਲ ਦੇ ਈ.ੳ. ਵਰਮਾ ਨਾਲ ਫੋਨ ਤੇ ਕਰਵਾ ਦਿੱਤੀ। ਈ.ੳ. ਨੇ ਆਪਣਾ ਪੱਖ ਦੱਸਿਆ ਕਿ ਦਰਖਤਾਂ ਦੀ ਕਟਾਈ ਨਹੀਂ ਛੰਗਾਈ ਕੀਤੀ ਜਾ ਰਹੀ ਹੈ। ਜਦੋਂਕਿ ਮੌਕੇ ਤੇ ਮੋਜੂਦ ਵਿਅਕਤੀਆਂ ਨੇ ਡਿਊਟੀ ਅਫਸਰ ਨੂੰ ਦਿਖਾਇਆ ਕਿ ਦਰਖਤਾਂ ਦਾ ਬਹੁਤਾ ਹਿੱਸਾ ਵੱਢਿਆ ਜਾ ਚੁੱਕਾ ਹੈ, ਤੇ ਸਿਰਫ ਥੋਡ੍ਹਾ ਜਿਹਾ ਮੁੱਢ ਹੀ ਨਿਸ਼ਾਨੀ ਦੇ ਤੌਰ ਤੇ ਬਚਿਆ ਹੈ। ਡਿਊਟੀ ਅਫਸਰ ਨੇ ਮੌਕੇ ਤੇ ਪਹੁੰਚੇ ਮੀਡੀਆ ਨੂੰ ਕਿਹਾ ਕਿ ਅਸੀਂ ਮੌਕਾ ਵੇਖ ਲਿਆ ਹੈ, ਸਾਰੀ ਰਿਪੋਰਟ ਐਸ.ਐਸ.ੳ. ਨੂੰ ਦਿੱਤੀ ਜਾਵੇਗੀ, ਜਿਹੋ ਜਿਹਾ ਹੁਕਮ ਮਿਲੇਗਾ, ਉਹੋ ਜਿਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੈਚ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਸਾਫ ਹਿਦਾਇਤਾਂ ਹਨ ਕਿ ਬਿਨਾਂ ਮੰਜੂਰੀ ਤੇ ਐਮਰਜੈਂਸੀ ਹਾਲਤ ਤੋਂ, ਦਰਖੱਤਾਂ ਦੀ ਕਟਾਈ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਚਾਹੀਦਾ ਦਾ ਤਾਂ ਇਹ ਸੀ ਕਿ ਨਗਰ ਕੌਂਸਲ, ਪਹਿਲਾਂ ਦਰਖਤਾਂ ਦੀ ਕੀਮਤ ਵਣ ਵਿਭਾਗ ਦੇ ਸਮਰੱਥ ਅਧਿਕਾਰੀਆਂ ਤੋਂ ਪਵਾਉਂਦੀ, ਫਿਰ ਹੋਰ ਦਰਖਤ ਲਾਉਣ ਦਾ ਲਿਖਤੀ ਭਰੋਸਾ ਦਿੰਦੀ। ਪਰੰਤੂ ਕਾਰਜ ਸਾਧਕ ਅਫਸਰ ਨੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ, ਲੱਖਾਂ ਲੋਕਾਂ ਨੂੰ ਆਕਸੀਜਨ ਦੇ ਰੂਪ ਵਿੱਚ ਜੀਵਨ ਦੇ ਰਹੇ, ਅਤੇ ਪੰਛੀਆਂ ਦਾ ਰੈਣ ਬਸੇਰਾ ਬਣੇ ਦਰੱਖਤਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅਜਿਹਾ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਨਗਰ ਕੌਂਸਲ ਨੇ ਹਰਿਆਵਲ ਦੇ ਉਜਾੜੇ ਲਈ, ਮੁਹਿੰਮ ਦਫਤਰ ਤੋਂ ਕਰ ਦਿੱਤੀ ਹੈ। ਹਰਿਆਲੀ ਦੇ ਦੁਸ਼ਮਣਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਸਿਰਤੋੜ ਯਤਨ ਕੀਤਾ ਜਾਵੇਗਾ। ਜੇਕਰ ਪ੍ਰਸ਼ਾਸ਼ਨ ਨੇ ਸਰਕਾਰ ਦੇ ਦਬਾਅ ਹੇਠ, ਗੈਰਕਾਨੂੰਨੀ ਅਤੇ ਵਾਤਾਵਰਣ ਵਿਰੋਧੀ ਕੰਮ ਕਰਨ ਵਾਲਿਆਂ ਨੂੰ ਬਚਾਉਣ ਲਈ ਯਤਨ ਕੀਤਾ ਤਾਂ, ਇਸ ਸਬੰਧੀ ਹਾਈਕੋਰਟ ਦਾ ਬੂਹਾ ਵੀ ਖੜਕਾਇਆ ਜਾਵੇਗਾ। ਕੌਂਸਲਰ ਅਜੇ ਕੁਮਾਰ ਤੇ ਗੁਰਪ੍ਰੀਤ ਸਿੰਘ ਕਾਕਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਦਰੱਖਤਾਂ ਦੀ ਕਟਾਈ ਲਈ, ਕੋਈ ਮਤਾ ਨਹੀਂ ਪਾਇਆ ਗਿਆ, ਇਹ ਕਟਾਈ ਈ.ੳ. ਨੇ ਆਪਣੇ ਪੱਧਰ ਤੇ ਹੀ ਕਰਵਾਈ ਹੈ। ਉਨਾਂ ਈ.ੳ. ਦੀ ਅਜਿਹੀ ਕਾਰਵਾਈ ਦਾ ਸਖਤ ਵਿਰੋਧ ਕੀਤਾ।