ਰਘਵੀਰ ਹੈਪੀ, ਬਰਨਾਲਾ 14 ਨਵੰਬਰ 2024
ਲੰਘੀ ਰਾਤ ਬੱਸ ਸਟੈਂਡ ਰੋਡ ਤੇ ਸਥਿਤ ਗੁਰੂਦੁਆਰਾ ਬੀਬੀ ਪ੍ਰਧਾਨ ਕੌਰ ਸਾਹਮਣੇ ਇੱਕ ਤੇਜ ਰਫਤਾਰ ਬੱਸ ਨੇ ਮੋਟਰ ਸਾਇਕਲ ਸਵਾਰ ਦੋ ਜਣਿਆਂ ਨੂੰ ਦਰੜ ਦਿੱਤਾ। ਹਾਦਸਾ ਇੱਨਾਂ ਭਿਆਨਕ ਸੀ ਕਿ ਗੰਭੀਰ ਰੂਪ ਵਿੱਚ ਜਖਮੀ ਹੋਏ ਦੋਵਾਂ ਜਣਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਵੀ ਪੁਲਿਸ ਪਾਰਟੀ ਸਣੇ,ਮੌਕਾ ਪਰ ਪਹੁੰਚ ਗਏ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜੇ ਵਿੱਚ ਲੈ ਕੇ ਮੌਰਚਰੀ ਵਿਖੇ ਭੇਜ ਕੇ,ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਮੌਕਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਹੀ ਤੇਜ਼ ਰਫਤਾਰ ਔਰਬਿਟ ਬੱਸ ਨੰਬਰ PB-03 AP-9972 ਜਲੰਧਰ ਤੋਂ ਬੱਸ ਸਟੈਂਡ ਬਰਨਾਲਾ ਵੱਲ ਜਾ ਰਹੀ ਸੀ, ਜਦੋਂ ਬੱਸ ਗੁਰਦੁਆਰਾ ਸਾਹਿਬ ਕੋਲ ਪਹੁੰਚੀ ਤਾਂ ਉਸ ਨੇ ਰੌਂਗ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਦੋ ਜਣਿਆਂ ਨੂੰ ਦਰੜ ਦਿੱਤਾ। ਹਾਦਸੇ ‘ਚ ਮੋਟਰਸਾਈਕਲ ਸਵਾਰ ਸੁਰਿੰਦਰ ਸਿੰਘ ਉਰਫ ਸਨੀ ਪੁੱਤਰ ਜਸਮੇਲ ਸਿੰਘ ਉਮਰ ਕਰੀਬ 20 ਸਾਲ ਅਤੇ ਪ੍ਰਿਤਪਾਲ ਸਿੰਘ ਉਰਫ ਅਜੂ ਉਮਰ ਕਰੀਬ 19 ਪੁੱਤਰ ਜਗਸੀਰ ਸਿੰਘ ਵਾਸੀਆਨ ਨੈਣੇਵਾਲ ਮੁਹੱਲਾ ਭਦੌੜ ਦੀ ਮੌਕੇ ਪਰ ਹੀ ਮੌਤ ਹੋ ਗਈ। ਹਾਦਸੇ ਦੀ ਸੀਸੀਟੀਵੀ ਕੈਮਰੇ ਲਈ ਫੁਟੇਜ ਵੀ ਸਾਹਮਣੇ ਆਈ ਹੈ। ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੈਣੇਵਾਲ ਮੁਹੱਲਾ ਭਦੌੜ ਦੇ ਬਿਆਨ ਪਰ, ਬੱਸ ਦੇ ਡਰਾਇਵਰ ਗੁਰਪ੍ਰੀਤ ਸਿੰਘ ਫਰਾਟਾ ਦੇ ਖਿਲਾਫ ਅਧੀਨ ਜੁਰਮ 106, 281, 324 (4) B.N.S.ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰ ਦਿੱਤਾ। ਤਫਤੀਸ਼ ਅਧਿਕਾਰੀ ਅਨੁਸਾਰ ਹਾਦਸੇ ਦੀ ਗਹਿਰਾਈ ਨਾਲ ਪੜਤਾਲ ਜ਼ਾਰੀ ਹੈ। ਪੋਸਟਮਾਰਮ ਉਪਰੰਤ ਲਾਸ਼ਾਂ ਵਾਰਿਸਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ।