ਇਨਸਾਫ਼ ਲਈ ਗੁਹਾਰ, ਸੰਘਰਸ਼ ਦੀ ਚਿਤਾਵਨੀ
ਰਘਵੀਰ ਹੈਪੀ , ਬਰਨਾਲਾ,20 ਜਨਵਰੀ 2023
ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦੇ ਬੇਰੁਜ਼ਗਾਰ ਨੌਜਵਾਨ ਆਕਾਸ਼ ਦੀਪ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਅਤੇ ਇਨਸਾਫ ਦਿਵਾਉਣ ਲਈ “ਆਕਾਸ਼ ਦੀਪ ਇਨਸਾਫ਼ ਦਿਵਾਊ ਕਮੇਟੀ ” ਵੱਲੋ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਵੀ ਵਿਧਾਇਕ / ਮੰਤਰੀ ਜਾਂ ਕਿਸੇ ਸਰਕਾਰੀ ਅਧਿਕਾਰੀ ਨੂੰ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਚੁੱਕੇ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਕਰਨ ਦੀ ਫੁਰਸਤ ਨਹੀਂ ਮਿਲੀ।
ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਆਮ ਲੋਕਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ। ਉਹਨਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ,ਪਰਿਵਾਰ ਸਿਰ ਚੜ੍ਹੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਨੂੰ ਮਾਫ ਕਰਨ ਅਤੇ ਕਿਸੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਜਿਵੇਂ ਸਰਕਾਰ ਕਰਜ਼ਾ ਪੀੜਤ ਖ਼ੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਕੇ ਬੋਝ ਹਲਕਾ ਕਰਦੀ ਹੈ ਉਸ ਤਰ੍ਹਾਂ ਬੇਰੁਜ਼ਗਾਰੀ ਅਤੇ ਕਰਜ਼ੇ ਨਾਲ ਝੰਬੇ ਬਿਮਾਰ ਮਾਪਿਆਂ ਦੇ ਇਕਲੌਤੇ ਦਲਿਤ ਨੌਜਵਾਨ ਦੀ ਖੁਦਕੁਸ਼ੀ ਉੱਤੇ ਵੀ ਪਰਿਵਾਰ ਨੂੰ ਇਨਸਾਫ ਦੇਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮਸਲਾ ਫੌਰੀ ਹੱਲ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਭਿੰਦਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੂਪ ਸਿੰਘ ਢਿੱਲਵਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਗੋਰਾ ਸਿੰਘ,ਗੁਰਮੀਤ ਸਿੰਘ ਅਤੇ ਰਾਮ ਸਿੰਘ ਢਿੱਲਵਾਂ,ਪੰਜਾਬ ਜਮਹੂਰੀ ਮੋਰਚਾ ਦੇ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਠੀਕਰੀਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਗੁਰਲਾਲ ਸਿੰਘ ਲਾਲੀ,ਗੁਰਮੀਤ ਸਿੰਘ ਢਿੱਲਵਾਂ, ਦਵਿੰਦਰ ਸਿੰਘ ਢਿੱਲਵਾਂ,ਡਾਕਟਰ ਗੁਰਮੇਲ ਸਿੰਘ ਅਤੇ ਭਿੰਦਰ ਸਿੰਘ ਪਰਿਵਾਰਕ ਮੈਂਬਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 12 ਅਤੇ 13 ਜਨਵਰੀ ਦੀ ਦਰਮਿਆਨੀ ਰਾਤ 22 ਸਾਲਾ ਬੇਰੁਜ਼ਗਾਰ ਨੌਜਵਾਨ ਬੇਰੁਜ਼ਗਾਰੀ ਅਤੇ ਘਰੇਲੂ ਆਰਥਿਕਤਾ ਤੋਂ ਤੰਗ ਆਕੇ ਮਾਨਸਿਕ ਪ੍ਰੇਸ਼ਾਨੀ ਵਿੱਚੋ ਗੁਜ਼ਰਦੇ ਪਿੰਡ ਢਿੱਲਵਾਂ ਦੀ ਅਨਾਜ ਮੰਡੀ ਵਿੱਚ ਲੱਗੇ ਬਿਜਲੀ ਵਾਲੇ ਟਾਵਰ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਗਿਆ ਸੀ।ਜਿਹੜਾ ਕਿ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਪਰਿਵਾਰਕ ਮੈਂਬਰਾਂ ਨੇ ਹਲਕੇ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਪ੍ਰਤੀ ਵੀ ਗੁੱਸਾ ਜ਼ਾਹਿਰ ਕੀਤਾ ਹੈ।