ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ
ਕੈਬਨਿਟ ਮੰਤਰੀ ਵੱਲੋਂ ਕ੍ਰਸ਼ਨਾ ਚੈਰੀਟੇਬਲ ਲੈਬ ਬਰਨਾਲਾ ਵਾਸੀਆਂ ਨੂੰ ਸਮਰਪਿਤ, ਸੀਟੀ ਸਕੈਨ ਦੀ ਸਹੂਲਤ ਸ਼ੁਰੂ
ਰਘਵੀਰ ਹੈਪੀ , ਬਰਨਾਲਾ, 21 ਜਨਵਰੀ 2023
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕ੍ਰਸ਼ਨਾ ਚੈਰੀਟੇਬਲ ਲੈਬ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸਮਰਪਿਤ ਕੀਤੀ, ਜਿੱਥੇ ਬਹੁਤ ਘੱਟ ਰੇਟਾਂ ਉੱਤੇ ਸੀ. ਟੀ. ਸਕੈਨ ਅਤੇ ਹੋਰ ਡਾਕਟਰੀ ਟੈਸਟ ਸ਼ੁਰੂ ਕੀਤੇ ਗਏ ਹਨ। ਇਸ ਲੈਬ ਦੀ ਸਹੂਲਤ ਸਿਵਲ ਹਸਪਤਾਲ ਬਰਨਾਲਾ ਵਿਖੇ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 475 ਨਵੇਂ ਆਮ ਆਦਮੀ ਕਲੀਨਿਕ 27 ਜਨਵਰੀ ਨੂੰ ਖੋਲ੍ਹੇ ਜਾ ਰਹੇ ਨੇ ਤਾਂ ਜੋ ਪੰਜਾਬ ਵਾਸੀਆਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਨਵੇਂ ਆਮ ਆਦਮੀ ਕਲੀਨਿਕ ਬਣਨ ਨਾਲ ਸੂਬੇ ਵਿਚ ਇਨ੍ਹਾਂ ਦੀ ਗਿਣਤੀ 600 ਦੇ ਕਰੀਬ ਹੋ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਹਰ ਇੱਕ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਇਹ ਕਲੀਨਿਕ ਸਥਾਪਿਤ ਕੀਤੇ ਜਾਣਗੇ।
ਸਿਵਲ ਹਸਪਤਾਲ ਦੇ ਪਿਛਲੇ ਪਾਸੇ ਖੁੱਲ੍ਹੀ ਕ੍ਰਸ਼ਨਾ ਚੈਰੀਟੇਬਲ ਲੈਬ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਲੈਬ ‘ਚ ਆਧੁਨਿਕ ਸੀਟੀ ਸਕੈਨ (32 ਸਲਾਈਸ ਐਫ ਸੀ ਟੀ ਸਪੀਡੀਆ ਫੂਜੀਫਿਲਮ) ਬਹੁਤ ਹੀ ਘੱਟ ਰੇਟਾਂ ‘ਤੇ 24 ਘੰਟੇ ਹੋਇਆ ਕਰੇਗੀ, ਜਿਸ ਨਾਲ ਮਰੀਜ਼ਾਂ ਦੀ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ ਅਤੇ ਸਮੇਂ ਸਿਰ ਇਲਾਜ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਲੈਬ ‘ਚ ਸਾਰੇ ਟੈਸਟ ਵੀ ਬਹੁਤ ਘੱਟ ਰੇਟਾਂ ‘ਤੇ ਕੀਤੇ ਜਾਂਦੇ ਹਨ।
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ ਗੁਰਦੀਪ ਸਿੰਘ ਬਾਠ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ, ਐੱਸਐਮਓ ਡਾ. ਜਯੋਤੀ ਕੌਸ਼ਲ, ਓਐੱਸਡੀ ਹਸਨਪ੍ਰੀਤ ਭਾਰਦਵਾਜ, ਵੱਖ ਵੱਖ ਵਿਭਾਗਾਂ ਦੇ ਮੁਖੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।