ਇੱਕੋ ਲੈਬ ਦਾ , 2 ਵਾਰ ਉਦਘਾਟਨ ! ਸਿਵਲ ਹਸਪਤਾਲ ‘ਚ ਪਹਿਲਾਂ ਤੋਂ ਚੱਲ ਰਹੀ ਸੀ ਕ੍ਰਸ਼ਨਾ ਚੈਰੀਟੇਬਲ ਲੈਬ
ਡੀਸੀ ਪੂਨਮਦੀਪ ਕੌਰ ਨੇ ਕਿਹਾ, ਪਹਿਲਾਂ ਹੋਏ ਉਦਘਾਟਨ ਦੀ ਨਹੀਂ ਕੋਈ ਜਾਣਕਾਰੀ
ਹਰਿੰਦਰ ਨਿੱਕਾ , ਬਰਨਾਲਾ 21 ਜਨਵਰੀ 2023
ਸਿਵਲ ਹਸਪਤਾਲ ਅੰਦਰ ਪਹਿਲਾਂ ਤੋਂ ਹੀ ਚੱਲ ਰਹੀ ਕ੍ਰਸ਼ਨਾ ਚੈਰੀਟੇਬਲ ਲੈਬ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਰਸਮੀ ਤੌਰ ਤੇ ਲੋਕ ਅਰਪਣ ਕਰ ਦਿੱਤਾ । ਜਦੋਂਕਿ ਇਹੋ ਲੈਬ ਦਾ ਇੱਕ ਸਾਲ ਪਹਿਲਾਂ ਵੀ ਸੂਬੇ ਦੇ ਉਪ ਮੁੱਖ ਮੰਤਰੀ ੳ.ਪੀ. ਸੋਨੀ ਵੱਲੋਂ 7 ਜਨਵਰੀ 2022 ਨੂੰ ਹੀ ਉਦਘਾਟਨ ਕੀਤਾ ਹੋਇਆ ਹੈ। ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਪਹਿਲਾਂ ਤੋਂ ਚੱਲ ਰਹੀ ਲੈਬ ਦਾ ਉਦਘਾਟਨ ਦੁਬਾਰਾ ਕੀਤੇ ਜਾਣ ਬਾਰੇ ਪੁੱਛੇ ਜਾਣ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਲੈਬ ਦਾ ਪਹਿਲਾਂ ਕੋਈ ਉਦਘਾਟਨ ਹੋਣ ਬਾਰੇ ਜਾਣਕਾਰੀ ਨਹੀਂ ਹੈ। ਵਰਣਨਯੋਗ ਹੈ ਕਿ ਜਿਸ ਥਾਂ ਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਲੈਬ ਲੋਕ ਅਰਪਣ ਕਰਨ ਲਈ ਰੀਬਨ ਕੱਟਿਆ ਹੈ , ਬਿਲਕੁਲ ਉਸਦੇ ਸੱਜੇ ਹੱਥ ਕ੍ਰਸ਼ਨਾ ਚੈਰੀਟੇਬਲ ਲੈਬ ਦਾ ਉਦਘਾਟਨ ਹੋਣ ਬਾਰੇ ਬਕਾਇਦਾ ਸਟੀਲ ਦਾ ਵੱਡਾ ਉਦਘਾਟਨੀ ਬੋਰਡ ਵੀ ਲੱਗਿਆ ਹੋਇਆ ਹੈ। ਬੋਰਡ ਪਰ, ਉਪ ਮੁੱਖ ਮੰਤਰੀ ੳ.ਪੀ. ਸੋਨੀ , ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਰਾਜ ਕਮਲ ਚੌਧਰੀ , ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਆਦਿ ਹੋਰਨਾਂ ਅਧਿਕਾਰੀਆਂ ਦੇ ਨਾਮ ਵੀ ਅੰਕਿਤ ਹਨ। ਪਹਿਲਾਂ ਉਦਘਾਟਨ ਸਮੇਂ ਨਹੀਂ ਲੱਗਿਆ ਸੀ ਬਿਜਲੀ ਕੁਨੈਕਸ਼ਨ
ਪ੍ਰਾਪਤ ਜਾਣਕਾਰੀ ਮੁਤਾਬਿਕ ਪਹਿਲਾਂ ਉਦਘਾਟਨ ਸਮੇਂ ਰੇਡਿਉ ਡਾਇਗਨੋਸਟਿਕ ਸੈਂਟਰ ਅਤੇ ਲੈਬੋਰਟਰੀ ਲਈ ਲੋੜੀਂਦਾ ਬਿਜਲੀ ਦਾ ਲੋਡ ਉਪਲੱਭਧ ਨਹੀਂ ਸੀ। ਜਦੋਂਕਿ ਬਿਜਲੀ ਦਾ ਲੋਡ ਵਧਾਉਣ ਲਈ, 2 ਲੱਖ ਰੁਪਏ ਅਤੇ ਇੱਕ ਵੱਖਰੇ ਟਰਾਂਸਫਾਰਮਰ ਦੀ ਜਰੂਰਤ ਸੀ। ਲੋਡ ਵਧਾਉਣ ਅਤੇ ਟਰਾਂਸਫਾਰਮਰ ਦੇ ਹੋਣ ਵਾਲਾ ਖਰਚ ਕਰਨ ਨੂੰ ਲੈ ਕੇ ਪ੍ਰੋਜੈਕਟ ‘ਚ ਭਾਈਵਾਲ ਪ੍ਰਾਈਵੇਟ ਕੰਪਨੀ ਅਤੇ ਹਸਪਤਾਲ ਪ੍ਰਬੰਧਕਾਂ ਵਿੱਚ ਖਿੱਚੋਤਾਣ ਚੱਲਦੀ ਰਹੀ। ਆਖਿਰ ਕੁੱਝ ਸਮਾਂ ਦੋਵਾਂ ਧਿਰਾਂ ਵਿੱਚ ਸਹਿਮਤੀ ਬਣ ਗਈ ਕਿ ਟਰਾਂਸਫਾਰਮਰ ਭਾਈਵਾਲ ਕੰਪਨੀ ਲਵਾਊਗੀ ਅਤੇ ਲੋਡ ਵਧਾਉਣ ਦਾ ਖਰਚਾ ਹਸਪਤਾਲ ਪ੍ਰਬੰਧਕ ਭਰਨਗੇ।
ਹਕੀਕਤ ਦੀ ਕਸੌਟੀ ਤੇ ਪਰਖ
ਦੋਵਾਂ ਧਿਰਾਂ ਦੀ ਸਹਿਮਤੀ ਬਣਨ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਲਈ ਨਵੀਂ ਸਮੱਸਿਆ ਖੜ੍ਹੀ ਹੋ ਗਈ। ਸੀ.ਐਮ.ੳ ਤੋਂ ਲੈ ਕੇ ਸਿਵਲ ਸਰਜਨ ਤੱਕ ਕਿਸੇ ਵੀ ਅਧਿਕਾਰੀ ਕੋਲ 2 ਲੱਖ ਰੁਪਏ ਦਾ ਖਰਚ ਕਰਨ ਦੀ ਸਮਰੱਥਾ ਨਹੀਂ ਸੀ। ਐਸ.ਐਮ.ਉ 30 ਹਜ਼ਾਰ ਅਤੇ ਸੀਐਮੳ ਕੋਲ 1 ਲੱਖ ਰੁਪਏ ਦਾ ਖਰਚ ਕਰਨ ਦੀ ਪਾਵਰ ਹੈ। 2 ਲੱਖ ਦੇ ਖਰਚੇ ਲਈ, ਸਿਹਤ ਕਾਰਪੋਰੇਸ਼ਨ ਦੇ ਆਲ੍ਹਾ ਅਧਿਕਾਰੀ ਤੋਂ ਪ੍ਰਵਾਨਗੀ ਲੈਣੀ ਲਾਜਿਮੀ ਹੈ। ਫਿਰ 2 ਲੱਖ ਦੀ ਪ੍ਰਵਾਨਗੀ ਲਈ ਚਿੱਠੀ ਪੱਤਰ ਸ਼ੁਰੂ ਹੋ ਗਿਆ। ਚਿੱਠੀ ਦਰ ਚਿੱਠੀ ਤੇ ਫਿਰ ਮੰਜੂਰੀ ਦੀ ਉਡੀਕ ਵਿੱਚ ਹੀ ਫਾਇਲਾਂ ਇੱਧਰ ਉੱਧਰ ਭਟਕਦੀਆਂ ਰਹੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੋਣ ਤੋਂ ਕਰੀਬ ਸੱਤ ਮਹੀਨਿਆਂ ਬਾਅਦ ਕੰਪਨੀ ਵਾਲਿਆਂ ਨੇ ਅਗਸਤ 2022 ਵਿੱਚ ਟਰਾਂਸਫਾਰਮਰ ਲੁਆ ਦਿੱਤਾ ਸੀ ਅਤੇ ਹਸਪਤਾਲ ਪ੍ਰਬੰਧਕਾਂ ਨੂੰ 2 ਲੱਖ ਰੁਪਏ ਖਰਚ ਕਰਨ ਦੀ ਵਿਭਾਗੀ ਮੰਜੂਰੀ ਵੀ ਮਿਲ ਗਈ ਸੀ । ਯਾਨੀ ਹਕੀਕਤ ਇਹ ਹੈ ਕਿ ਲੈਬ ਦਾ ਪੂਰਾ ਪ੍ਰੋਜੈਕਟ ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਹੀ ਕੰਪਲੀਟ ਹੋ ਗਿਆ ਸੀ। ਹੁਣ ਨਵੀਂ ਸਰਕਾਰ ਦੇ ਸਮੇਂ ਤਾਂ ਸਿਰਫ 2 ਲੱਖ ਰੁਪਏ ਖਰਚ ਕਰਨ ਦੀ ਮੰਜ਼ੂਰੀ ਹੀ ਮਿਲੀ ਹੈ। ਜਿਸ ਤੋਂ ਬਾਅਦ ਕਰੀਬ ਦੋ ਹਫਤੇ ਪਹਿਲਾਂ ਉਕਤ ਲੈਬ ਚਾਲੂ ਹੋ ਗਈ ਸੀ। ਜਿਸਦੀਆਂ ਸੇਵਾਵਾਂ ਕੁੱਝ ਦਿਨ ਪਹਿਲਾਂ 24 ਘੰਟਿਆਂ ਲਈ ਵੀ ਕਰ ਦਿੱਤੀਆਂ ਗਈਆਂ ਸਨ। ਅੱਜ ਤਾਂ ਸਿਰਫ ਕੈਬਨਿਟ ਮੰਤਰੀ ਮੀਤ ਹੇਅਰ ਨੇ ਇਸ ਦਾ ਸਿਹਰਾ ਆਪਣੇ ਸਿਰ ਲੈਣ ਲਈ ਰਸਮੀ ਲੋਕ ਅਰਪਣ ਕੀਤਾ ਹੈ। ਮੀਤ ਹੇਅਰ ਦੀ ਅਜਿਹੀ ਕਾਰਵਾਈ ਨੇ ਲੋਕਾਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ।