ਐਸ.ਆਈ. ਮਨਜਿੰਦਰ ਸਿੰਘ ਨੂੰ ਸੌਂਪੀ ਐਸ.ਐਚ.ੳ. ਭਦੌੜ ਦੀ ਕਮਾਂਡ
ਹਰਿੰਦਰ ਨਿੱਕਾ , ਬਰਨਾਲਾ 8 ਜਨਵਰੀ 2023
ਭਦੌੜ ਦੇ ਇੱਕ ਕਬਾੜੀਏ ਤੋਂ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣਾ ਐਸ.ਐਚ.ੳ. ਭਦੌੜ ਤੇ ਉਸ ਦੇ ਰੀਡਰ ਅਤੇ ਇੱਕ ਥਾਣੇਦਾਰ ਨੂੰ ਮਹਿੰਗਾ ਪੈ ਗਿਆ। ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ, ਉਨ੍ਹਾਂ ਦੇ ਰੀਡਰ ਹੌਲਦਾਰ ਹਰਦੇਵ ਸਿੰਘ ਅਤੇ ਏ.ਐਸ.ਆਈ. ਮਨਜੀਤ ਸਿੰਘ ਨੂੰ ਲਾਈਨ ਹਾਜ਼ਿਰ ਕਰ ਦਿੱਤਾ । ਜਦੋਂ ਕਿ ਐਸ.ਆਈ. ਮਨਜਿੰਦਰ ਸਿੰਘ ਨੂੰ ਥਾਣਾ ਭਦੌੜ ਦਾ ਐਸ.ਐਚ.ੳ. ਲਗਾਇਆ ਗਿਆ ਹੈ। ਇਸ ਦੀ ਪੁਸ਼ਟੀ ਖੁਦ ਐਸ.ਐਸ.ਪੀ. ਸੰਦੀਪ ਮਲਿਕ ਨੇ ਵੀ ਕੀਤੀ ਹੈ। ਐਸ.ਐਸ.ਪੀ. ਸੰਦੀਪ ਮਲਿਕ ਨੇ ਕਿਹਾ ਕਿ ਉਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਰਿਸ਼ਵਤ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਸ਼ਕਾਇਤ ਦੇ ਅਧਾਰ ਮਾਮਲੇ ਦੀ ਪੜਤਾਲ ਵੀ ਕੀਤੀ ਜਾਵੇਗੀ। ਪੜਤਾਲ ਦੌਰਾਨ ਜਿਹੋ ਜਿਹੇ ਤੱਥ ਸਾਹਮਣੇ ਆਏ ਤਾਂ ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਜਿਕਰਯੋਗ ਹੈ ਕਿ ਭਦੌੜ ਦੇ ਕਬਾੜੀਏ ਲਵ ਕੁਮਾਰ ਨੇ ਦੋਸ਼ ਲਾਇਆ ਸੀ ਕਿ ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ , ਏ.ਐਸ.ਆਈ. ਮਨਜੀਤ ਸਿੰਘ ਅਤੇ ਐਸ.ਐਚ.ੳ. ਦਾ ਰੀਡਰ ਹਰਦੇਵ ਸਿੰਘ ਹੌਲਦਾਰ , ਉਸ ਨੂੰ ਤ਼ੰਗ ਪ੍ਰੇਸ਼ਾਨ ਕਰਕੇ, 20 ਹਜ਼ਾਰ ਰੁਪਏ ਮਹੀਨਾ ਦੇਣ ਲਈ ਮਜਬੂਰ ਕਰ ਰਹੇ ਸਨ। ਇਸ ਸਬੰਧੀ ਲਵ ਕੁਮਾਰ ਨੇ 6 ਜਨਵਰੀ ਨੂੰ ਲਿਖਤੀ ਸ਼ਕਾਇਤ ਮੁੱਖ ਮੰਤਰੀ ਅਤੇ ਜਿਲ੍ਹਾ ਪੁਲਿਸ ਦੇ ਪੋਰਟਲ ਤੇ ਵੀ ਕੀਤੀ ਸੀ। ਜਿਸ ਤੋਂ ਬਾਅਦ ਸਬੰਧਿਤ ਪੁਲਿਸ ਵਾਲਿਆਂ ਨੇ ਲਵ ਕੁਮਾਰ ਤੇ ਹੀ ਸ਼ਿਕੰਜਾ ਕਸ ਕੇ, ਉਸ ਨੂੰ ਘਰੋਂ ਬੇਘਰ ਹੋਣ ਲਈ ਮਜਬੂਰ ਕਰ ਦਿੱਤਾ ਸੀ। ਇਸ ਪੂਰੇ ਘਟਨਾਕ੍ਰਮ ਦਾ ਖੁਲਾਸਾ ਲਵ ਕੁਮਾਰ ਨੇ ਲੰਘੀ ਕੱਲ੍ਹ 7 ਜਨਵਰੀ ਨੂੰ ਬਰਨਾਲਾ ਟੂਡੇ/ ਟੂਡੇ ਨਿਊਜ ਕੋਲ ਕੀਤਾ ਸੀ। ਜਿਸ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਕੇ, ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰ ਕੇ ਸ਼ਾਸ਼ਨ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਆਖਿਰ ਲੋਕਾਂ ਵਿੱਚ ਜ਼ੀਰੋ ਟੌਲਰੈਂਸ ਭ੍ਰਿਸ਼ਟਾਚਾਰ ਵਾਲੀ ਸਰਕਾਰ ਦੀ ਫਜੀਹਤ ਤੋਂ ਬਾਅਦ ਐਸਐਸਪੀ ਮਲਿਕ ਨੇ ਐਸ.ਐਚ.ੳ. ਸਣੇ ਉਕਤ ਤਿੰਨੋਂ ਪੁਲਿਸ ਅਧਿਕਾਰੀਆਂ ਖਿਲਾਫ ਦੇਰ ਨਾਲ ਹੀ ਸਹੀ,ਕੁੱਝ ਦਰੁਸਤ ਕਦਮ ਚੁੱਕਿਆ ਹੈ। ਉੱਧਰ ਪੀੜਤ ਲਵ ਕੁਮਾਰ ਨੇ ਕਿਹਾ ਕਿ ਬੇਸ਼ੱਕ ਉਕਤ ਪੁਲਿਸ ਵਾਲਿਆਂ ਨੂੰ ਲਾਈਨ- ਹਾਜ਼ਿਰ ਕਰਕੇ,ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰੰਤੂ ਜਿੰਨੀਂ ਦੇਰ ਤੱਕ ਤਿੰਨੋਂ ਪੁਲਿਸ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ, ਮੈਂ ਇਨਸਾਫ ਦੀ ਲੜਾਈ ਜ਼ਾਰੀ ਰੱਖਾਂਗਾ।