ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦੇਣ ਦਾ ਲਿਆ ਪ੍ਰਣ
ਅਸ਼ੋਕ ਵਰਮਾ , ਸਲਾਬਤਪੁਰਾ (ਬਠਿੰਡਾ) 8 ਜਨਵਰੀ 2023
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰੇ ਦੇ ਰੂਪ ਵਿੱਚ ਕੀਤੀ ਗਈ ਨਾਮ ਚਰਚਾ ’ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਬਾਵਜੂਦ ਹੁੰਮ-ਹੁਮਾ ਕੇ ਪੁੱਜੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਸੀ। ਨਾਮਚਰਚਾ ’ਤੇ ਆਉਣ ਵਾਲੀ ਸਾਧ-ਸੰਗਤ ਦੇ ਵਾਹਨਾਂ ਦੀਆਂ ਸੜਕ ’ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਕਵੀਰਾਜ ਵੀਰਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਬਦਾਂ ਨਾਲ ਗੁਰੂਜੱਸ ਗਾਇਆ।
ਇਸ ਖੁਸ਼ੀ ਦੇ ਮੌਕੇ ਪੂਰੇ ਦਰਬਾਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਸੀ । ਪੰਡਾਲ ਵਿੱਚ ਰੰਗ-ਬਰੰਗੇ ਗੁਬਾਰੇ, ਰੰਗੋਲੀ ਤੇ ਫੁੱਲਾਂ ਨਾਲ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕੀਤੀ ਗਈ ਸੀ। ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੁੱਜਣ ਕਰਕੇ ਮੁੱਖ ਪੰਡਾਲ ਤੋਂ ਇਲਾਵਾ ਬਾਹਰ ਵੀ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ ਤੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ।
ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੂਜਨੀਕ ਗੁਰੂ ਜੀ ਨੇ ਚਲਾਈ ‘ਡੈੱਪਥ’ ਮੁਹਿੰਮ: ਰਾਮ ਸਿੰਘ
ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਤੇ ਪੰਜਾਬ ਦੀ ਭੰਡਾਰੇ ਰੂਪੀ ਨਾਮਚਰਚਾ ਦੀ ਸਾਧ-ਸੰਗਤ ਨੂੰ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ’ ਲਾ ਕੇ ਵਧਾਈ ਦਿੱਤੀ। ਉਹਨਾ ਕਿਹਾ ਕਿ ਅੱਜ ਜੋ ਕਲਿਯੁਗ ਦਾ ਸਮਾਂ ਹੈ, ਇਸ ਵਿੱਚ ਕੋਈ ਆਪਣੇ ਪਿੰਡੇ ਦਾ ਵਾਲ ਤੱਕ ਨਹੀਂ ਦਿੰਦਾ ਪਰ ਇਹ ਪੂਜਨੀਕ ਗੁਰੂ ਜੀ ਦੀ ਸਿੱਖਿਆ ਤੇ ਰਹਿਮੋ ਕਰਮ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਿਨ-ਰਾਤ 147 ਮਾਨਵਤਾ ਭਲਾਈ ਕਾਰਜਾਂ ’ਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ‘ਡੈੱਪਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ‘ਜਾਗੋ ਦੁਨੀਆ ਦੇ ਲੋਕੋ, ਨਸ਼ਾ ਜੜ੍ਹ ਤੋਂ ਪੁੱਟਣੈ’ ਗੀਤ ਰਿਲੀਜ ਕੀਤਾ, ਜੋ ਕਿ ਅੱਜ ਘਰ-ਘਰ ’ਚ ਦਿਨ-ਰਾਤ ਚੱਲ ਰਿਹਾ ਹੈ। ਅੱਜ ਨਸ਼ਿਆਂ ਕਾਰਨ ਨੌਜਵਾਨ ਤੇ ਜਵਾਨੀ ਖ਼ਤਮ ਹੋ ਰਹੀ ਹੈ, ਜਿਸ ਲਈ ਪੂਜਨੀਕ ਗੁਰੂ ਜੀ ਨੇ ਜਵਾਨੀ ਤੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ‘ਡੈੱਪਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਨੂੰ ਅੱਜ ਪ੍ਰਸ਼ਾਸਨ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਅਪਣਾਇਆ ਹੈ ਤੇ ਨਸ਼ਿਆਂ ਦੇ ਖਾਤਮੇ ਲਈ ਪਿੰਡ-ਪਿੰਡ ’ਚ ਮਤੇ ਪਾਏ ਜਾ ਰਹੇ ਹਨ। ਇਸ ਮੌਕੇ ਸਾਰੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਣ ਲਿਆ ਕਿ ਉਹ ਆਪਣੇ ਮਾਲਕ ’ਤੇ ਦਿ੍ਰੜ ਵਿਸ਼ਵਾਸ ਰੱਖਦਿਆਂ ਡੇਰਾ ਸੱਚਾ ਸੌਦਾ ਦੇ 147 ਮਾਨਵਤਾ ਭਲਾਈ ਕਾਰਜਾਂ ਨੂੰ ਵੱਧ ਚੜ੍ਹ ਕੇ ਕਰਦੇ ਰਹਿਣਗੇ ਤੇ ਨਸ਼ਿਆਂ ਦੇ ਖਾਤਮੇ ਲਈ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਮੁਹਿੰਮ ਨੂੰ ਘਰ-ਘਰ ਪਹੁੰਚਾਵਾਂਗੇ। ਨਾਮਚਰਚਾ ਦੀ ਕਾਰਵਾਈ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਚਲਾਈ। ਇਸ ਮੌਕੇ ਉਹਨਾਂ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕਰਨ ਦਾ ਸੱਦਾ ਦਿੱਤਾ।
ਰੋਜ਼ਾਨਾ ਇੱਕ ਬੁਰਾਈ ਛੱਡ ਕੇ ਦਿਓ ਮਾਲਕ ਨੂੰ ਅਵਤਾਰ ਮਹੀਨੇ ਦਾ ਤੋਹਫਾ : ਪੂਜਨੀਕ ਗੁਰੂ ਜੀ
ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨਾਂ ਦੀ ਇੱਕ ਵੀਡੀਓ ਚਲਾਈ ਗਈ ਜਿਸ ਨੂੰ ਸਾਧ-ਸੰਗਤ ਨੇ ਸ਼ਰਧਾ ਨਾਂਲ ਸਰਵਣ ਕੀਤਾ। ਆਪ ਜੀ ਨੇ ਫਰਮਾਇਆ ਕਿ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਮੌਕੇ ਉਨ੍ਹਾਂ ਨੂੰ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਬੁਰਾਈ ਜ਼ਰੂਰ ਛੱਡੋ, ਮਨ ਨਾਲ ਲੜਿਆ ਕਰੋ। ਜਿਵੇਂ-ਜਿਵੇਂ ਤੁਸੀਂ ਬੁਰਾਈਆਂ ਛੱਡਦੇ ਜਾਓਗੇ, ਓਵੇਂ ਓਵੇਂ ਖੁਸ਼ੀਆਂ ਨਾਲ ਮਾਲਾਮਾਲ ਹੁੰਦੇ ਜਾਓਂਗੇ। ਕੁੱਲ ਮਾਲਕ ਫਕੀਰ ਦੇ ਰੂਪ ’ਚ ਜੀਵ ਨੂੰ ਲੈਣ ਲਈ ਇਸ ਧਰਤੀ ’ਤੇ ਆਉਂਦੇ ਹਨ। ਉਹ ਜੀਵ ਨੂੰ ਨਾਮ ਰੂਪੀ ਚਾਬੀ ਦਿੰਦੇ ਹਨ ਜੋ ਤਿ੍ਰਲੋਕੀਆਂ ਦੇ ਤਾਲੇ ਖੋਲ੍ਹ ਦਿੰਦੀ ਹੈ। ਕਲਿਯੁਗ ਵਿੱਚ ਬੁਰੇ ਪਾਸੇ ਲੋਕ ਬਿਨਾਂ ਸੱਦੇ ਤੋਂ ਚਲੇ ਜਾਂਦੇ ਹਨ ਤੇ ਰੱਬ ਵਾਲੇ ਪਾਸੇ ਆਉਣ ਲਈ ਬੜੀਆਂ ਮਿੰਨਤਾਂ ਕਰਵਾਉਂਦੇ ਹਨ। ਆਪ ਜੀ ਨੇ ਫਰਮਾਇਆ ਕਿ ਅਜਿਹੇ ਕਲਿਯੁਗ ’ਚ ਮਾਲਕ ਦੇ ਪਿਆਰੇ ਹੀ ਹਨ ਜਿਹੜੇ ਦਜਿਆਂ ਨੂੰ ਰੱਬ ਦੇ ਨਾਂਅ ਨਾਲ ਜੋੜਨ ਲਈ ਬੁਲਾਉਂਦੇ ਹਨ। ਕਈ ਸੱਜਣ ਤਾਂ ਉਨ੍ਹਾਂ ਦੇ ਬੁਲਾਉਣ ’ਤੇ ਵੀ ਪਾਸਾ ਵੱਟ ਜਾਂਦੇ ਹਨ ਅਤੇ ਸਤਿਸੰਗ ਵਿੱਚ ਨਹੀਂ ਆਉਂਦੇ। ਮੇਲਿਆਂ, ਮੁਜਰਿਆਂ ਵਿੱਚ ਜੀਵ ਭੱਜ ਕੇ ਜਾਂਦਾ ਹੈ ਪਰ ਚੰਗੇ ਪਾਸੇ ਨੂੰ ਜਾਣ ਲੱਗਿਆਂ ਸ਼ਰਮਾਉਂਦਾ ਹੈ। ਹੁਣ ਸਮਾਜ ਐਨਾ ਵਿਗੜ ਗਿਆ ਕਿ ਮਾਂ-ਬਾਪ ਬੱਚਿਆਂ ਨੂੰ ਪਾਲਦਾ ਹੈ ਅਤੇ ਜਦੋਂ ਬਜ਼ੁਰਗ ਹੋਇਆਂ ਮਾਪਿਆਂ ਨੂੰ ਬੱਚਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਅਨਾਥ ਆਸ਼ਰਮ ਛੱਡ ਆਉਂਦੇ ਹਨ। ਮਾਲਕ ਦਾ ਨਾਮ ਜਪਣ ਵਾਲੇ ਇਸ ਬੁਰਾਈ ਤੋਂ ਬਚੇ ਹੋਏ ਹਨ ਅਤੇ ਬਚੇ ਰਹਿਣਗੇ। ਆਪ ਜੀ ਨੇ ਫਰਮਾਇਆ ਕਿ ਘੰਟਾ ਸਵੇਰੇ ਤੇ ਘੰਟਾ ਸ਼ਾਮ ਮਾਲਕ ਦਾ ਨਾਮ ਜਪਣ ਨਾਲ ਜ਼ਿੰਦਗੀ ਦੇ ਦੁੱਖ ਕੱਟੇ ਜਾਂਦੇ ਹਨ। ਨਾਮ ਚਰਚਾ ਦੌਰਾਨ ਫੂਡ ਬੈਂਕ ਬਾਰੇ ਡਾਕੂਮੈਂਟਰੀ ਦਿਖਾਈ ਗਈ ਤੇ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਚਿੱਠੀ ਸਾਧ-ਸੰਗਤ ਨੂੰ ਸੁਣਾਈ ਗਈ। ਇਸ ਮੌਕੇ ਸਾਧ-ਸੰਗਤ ਵੱਲੋਂ ਲੋੜਵੰਦ ਵਿਅਕਤੀਆਂ ਨੂੰ 104 ਕੰਬਲ ਵੰਡੇ ਗਏ।