ਪ੍ਰਾਈਵੇਟ ਵਾਹਨਾਂ ‘ਤੇ ਅਣ-ਅਧਿਕਾਰਤ ਤੌਰ ‘ਤੇ ਪੁਲਿਸ ,ਆਰਮੀ, ਵੀ. ਆਈ.ਪੀ. ਆਨ ਗੋਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦਾ ਲੋਗੋ ਲਗਾਉਣ ‘ਤੇ ਲਾਈ ਰੋਕ
ਬੇਅੰਤ ਐਸ. ਬਾਜਵਾ, ਲੁਧਿਆਣਾ, 28 ਦਸੰਬਰ 2022
ਟੌਹਰ ਖਾਤਿਰ, ਆਪਣੇ ਪ੍ਰਾਈਵੇਟ ਵਹੀਕਲਾਂ ਤੇ ਵੱਖ ਵੱਖ ਵਿਭਾਗਾਂ ਦਾ ਲੋਗੋ ਲਾ ਕੇ ਸੜਕਾਂ ਤੇ ਘੁੰਮਣਾ, ਹੁਣ ਮੁਸੀਬਤ ਖੜੀ ਕਰ ਸਕਦਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਇਲਾਕੇ ਅੰਦਰ ਅਜਿਹਾ ਕਰਨ ਤੇ ਸਖਤ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਹ ਪਾਬੰਦੀ ਦੋ ਮਹੀਨਿਆਂ ਲਈ ਜ਼ਾਰੀ ਰਹੇਗੀ। ਇਸ ਸਬੰਧੀ ਸੰਯੁਕਤ ਪੁਲਿਸ ਕਮਿਸ਼ਨਰ ਲੁਧਿਆਣਾ ਸੋਮਿਆ ਮਿਸ਼ਰਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਪ੍ਰਾਈਵੇਟ ਵਾਹਨਾਂ ‘ਤੇ ਅਣ-ਅਧਿਕਾਰਤ ਤੌਰ ‘ਤੇ ਪੁਲਿਸ, ਆਰਮੀ, ਵੀ.ਆਈ.ਪੀ. ਆਨ ਗੋਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦਾ ਲੋਗੋ ਆਪਣੀਆਂ ਗੱਡੀਆਂ ‘ਤੇ ਲਗਾਉਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨਰੇਟ ਪੁਲਿਸ ਦੇ ਧਿਆਨ ‘ਚ ਆਇਆ ਹੈ ਕਿ ਆਮ ਪਬਲਿਕ ਵੱਲੋਂ ਆਪਣੀਆਂ ਪ੍ਰਾਈਵੇਟ ਗੱਡੀਆਂ ‘ਤੇ ਪੁਲਿਸ, ਆਰਮੀ, ਵੀ.ਆਈ.ਪੀ., ਆਨ ਗੋਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਅਤੇ ਲੋਗੋ ਦੀ ਵਰਤੋਂ ਕੀਤੀ ਜਾਂਦੀ ਹੈ, ਹਾਲ ਹੀ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਧਾਰਨ ਤੌਰ ‘ਤੇ ਇਹ ਗੰਭੀਰ ਮਾਮਲਾ ਹੈ। ਇਸ ਤਰ੍ਹਾਂ ਅਣ-ਅਧਿਕਾਰਤ ਵਿਅਕਤੀ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਭੁਲੇਖਾ ਪਾਊ ਤਰੀਕੇ ਨਾਲ ਲਿਖੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਸਮਾਜ ਅਤੇ ਦੇਸ਼ ਵਿਰੋਧੀ ਅਨਸਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਪੁਲਿਸ, ਆਰਮੀ ਜਾਂ ਹੋਰ ਸਰਕਾਰੀ ਸੁਰੱਖਿਆ ਵਿਭਾਗ ਨਾਲ ਮੇਲ ਖਾਂਦਾ ਲੋਗੋ ਅਣ-ਅਧਿਕਾਰਤ ਤੌਰ ‘ਤੇ ਲਗਾਉਣਾ ਮੋਟਰ ਵਹੀਕਲ ਐਕਟ ਦੇ ਨਿਯਮਾ ਦੇ ਵਿਰੁੱਧ ਅਤੇ ਗੈਰਕਾਨੂੰਨੀ ਹੈ। ਇਸ ਲਈ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਕਦਮ ਚੁੱਕਦਿਆਂ ਇਹ ਪਾਬੰਦੀ ਲਗਾਈ ਗਈ ਹੈ।ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਜਾਰੀ ਕੀਤਾ ਜਾਂਦਾ ਹੈ ਅਤੇ ਮਿਤੀ 24 ਦਸੰਬਰ, 2022 ਤੋਂ ਅਗਲੇ 2 ਮਹੀਨੇ ਤੱਕ ਜਾਰੀ ਰਹਿਣਗੇ।