2 ਦੋਸ਼ੀਆਂ ਦੀ ਫੜੋ-ਫੜੀ ,ਚ ਲੱਗੀ ਪੁਲਿਸ
ਹਰਿੰਦਰ ਨਿੱਕਾ ,ਬਰਨਾਲਾ 29 ਦਸੰਬਰ 2022
ਜਿਲ੍ਹੇ ਦੇ ਥਾਣਾ ਸ਼ਹਿਣਾ ਦੇ ਖੇਤਰ ਵਿੱਚ ਇੱਕ ਕਾਰ ਸਵਾਰ ਸ਼ੈਲਰ ਮਾਲਿਕ ਤੋਂ ਪਿਸਤੌਲ ਦੀ ਨੋਕ ਤੇ ਪੰਜ ਲੱਖ ਰੁਪਏ ਕੈਸ਼ ਲੁੱਟ ਕੇ ਲੈ ਜਾਣ ਵਾਲੇ ਦੋ ਲੁਟੇਰਿਆਂ ਦੀ ਪਹਿਚਾਣ ਹੋ ਗਈ ਹੈ। ਪੁਲਿਸ ਨੇ ਫਰੀਦਕੋਟ ਜਿਲ੍ਹੇ ਦੇ ਰਹਿਣ ਵਾਲੇ ਦੋਵਾਂ ਲੁਟੇਰਿਆਂ ਨੂੰ ਕੇਸ ਵਿੱਚ ਦੋਸ਼ੀ ਨਾਮਜਦ ਵੀ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਇੱਕ ਨੌਜਵਾਨ ਬਰਗਾੜੀ ਅਤੇ ਦੂਜਾ ਲੰਬਵਾਲੀ ਦਾ ਰਹਿਣ ਵਾਲਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਨਾਮਜਦ ਲੁਟੇਰਿਆਂ ਦੀ ਫੜੋ-ਫੜੀ ਲਈ ਛਾਪਾਮਾਰੀ ਜਾਰੀ ਹੈ,ਛੇਤੀ ਹੀ ਲੁਟੇਰਿਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਸ਼ੈਲਰ ਮਾਲਿਕ ਇੰਦਰਜੀਤ ਗਰਗ 27 ਦਸੰਬਰ ਦੀ ਸ਼ਾਮ ਕਰੀਬ 7 ਵਜੇ ਆਪਣੇ ਪੁੱਤਰ ਸਣੇ ਬਰਨਾਲਾ ਤੋਂ ਪੰਜ ਲੱਖ ਰੁਪਏ ਕੈਸ਼ ਲੈ ਕੇ ਆਪਣੀ ਆਈ 20 ਕਾਰ ਵਿੱਚ ਜਾ ਰਿਹਾ ਸੀ। ਜਦੋਂ ਉਹ ਲੰਗਰ ਵਿੱਚ ਚਾਹ ਪੀਣ ਲਈ, ਬਰਨਾਲਾ ਬਾਜਾਖਾਨਾ ਰੋਡ ਤੇ ਸਥਿਤ ਪੱਖੋ ਕੈਂਚੀਆਂ ਟੋਲ ਪਲਾਜਾ ਤੇ ਰੁਕਿਆ ਤਾਂ ਦੋ ਅਣਪਛਾਤੇ ਲੁਟੇਰੇ ,ਉਨ੍ਹਾਂ ਦੀ ਗੱਡੀ ਵਿੱਚ ਲਿਫਟ ਲੈਕੇ ਬੈਠ ਗਏ, ਜਿਨ੍ਹਾਂ ਕਰੀਬ ਪੰਜ ਸੌ ਮੀਟਰ ਦੀ ਦੂਰੀ ਤੇ ਜਾ ਕੇ ਸ਼ੈਲਰ ਮਾਲਿਕ ਤੋਂ ਪਿਸਤੌਲ ਦੀ ਨੋਕ ਤੇ, ਗੋਲੀ ਮਾਰ ਦੇਣ ਦੀ ਧਮਕੀ ਦੇ ਕੇ, ਪੰਜ ਲੱਖ ਰੁਪਏ ਕੈਸ਼ ਲੁੱਟ ਲਿਆ। ਪੁਲਿਸ ਨੇ ਦੋਵਾਂ ਲੁਟੇਰਿਆਂ ਖਿਲਾਫ ਅਧੀਨ ਜੁਰਮ 379 ਬੀ,34 ਆਈਪੀਸੀ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ।
