ਹਰਿੰਦਰ ਨਿੱਕਾ , ਬਰਨਾਲਾ 11 ਨਵੰਬਰ 2022
ਸਕੂਲ ਅੰਦਰ ਹੋਈ ਦੁਰਘਟਨਾ ਲਈ ,ਸਕੂਲ ਪ੍ਰਿੰਸੀਪਲ ਵੀ ਬਰਾਬਰ ਦਾ ਜੁੰਮੇਵਾਰ ਹੈ । ਇਹ ਕਹਿਣਾ ਹੈ ,ਚਾਰ ਦਿਨ ਪਹਿਲਾਂ ਆਪਣੇ ਨੌਜਵਾਨ ਪੁੱਤ ਨੂੰ ਹਮੇਸ਼ਾ ਲਈ ਤੋਰ ਚੁੱਕੀ, ਅਭਾਗੀ ਮਾਂ ਗੁਰਪ੍ਰੀਤ ਕੌਰ ਪੱਖੋ ਕਲਾਂ ਦਾ । ਪੁਲਿਸ ਨੇ ਦੇਰ ਨਾਲ ਹੀ ਸਹੀ ,ਮ੍ਰਿਤਕ ਸਕੂਲ ਵਿਦਿਆਰਥੀ ਦੀ ਮਾਂ ਦੇ ਤਰਤੀਮਾ ਬਿਆਨ ਤੋਂ ਬਾਅਦ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਨੂੰ ਵੀ ਹਾਦਸੇ ਵਿੱਚ ਹੋਈ ਮੌਤ ਦੇ ਸਬੰਧ ‘ਚ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਇਸ ਸਬੰਧੀ ਬਕਾਇਦਾ ਰਪਟ ਵੀ ਦਰਜ਼ ਕਰ ਦਿੱਤੀ ਹੈ। ਜਦੋਂਕਿ ਪੁਲਿਸ ਨੇ ਸਕੂਲ ਬੱਸ ਦੇ ਡਰਾਈਵਰ ਕੁਲਵੰਤ ਸਿੰਘ ਦੇ ਖਿਲਾਫ ਪਹਿਲਾਂ ਹੀ ਐਫ.ਆਈ.ਆਰ. ਦਰਜ਼ ਕੀਤੀ ਹੋਈ ਹੈ। ਵਰਨਣਯੋਗ ਹੈ ਕਿ 8 ਨਵੰਬਰ ਦੀ ਸਵੇਰੇ ਕਰੀਬ 8 ਕੁ ਵਜੇ, ਸਕੂਲ ਬੱਸ ਦੇ ਡਰਾਈਵਰ ਕੁਲਵੰਤ ਸਿੰਘ ਨੇ ਸਕੂਲ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਜਗਦੀਪ ਸਿੰਘ (17) ਨੂੰ ਦਰੜ ਦਿੱਤਾ ਸੀ। ਉਦੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੁਰਪ੍ਰੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਅੱਡਾ ਬਸਤੀ ਪੱਖੋ ਕਲਾਂ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਜਗਦੀਪ ਸਿੰਘ ਉਮਰ ਕਰੀਬ 17 ਸਾਲ ਜੋ , ਸਰਕਾਰੀ ਹਾਈ ਸਕੂਲ ਪੱਖੋ ਕਲਾਂ ਵਿਖੇ 11 ਵੀ ਕਲਾਸ ਵਿੱਚ ਪੜਦਾ ਸੀ । ਉਹ ਰੋਜਾਨਾ ਦੀ ਤਰਾਂ ਤਿਆਰ ਹੋ ਕੇ ਸਕੂਲ ਵਿੱਚ ਪੜਨ ਗਿਆ ਸੀ। ਮੈਂ ਆਪਣੀ ਛੋਟੀ ਲੜਕੀ ਕਰਮਜੀਤ ਕੌਰ ਨੂੰ ਸਕੂਲ ਛੱਡਣ ਜਾ ਰਹੀ ਸੀ। ਜਦੋਂ ਮੈਂ ਸਰਕਾਰੀ ਹਾਈ ਸਕੂਲ ਦੇ ਮੇਨ ਗੇਟ ਪਰ ਪੁੱਜੀ ਤਾਂ ਇੱਕ ਸਕੂਲੀ ਬੱਸ ਨੰਬਰ PB 11 Z 1582 ਰੰਗ ਪੀਲਾ, ਜਿਸ ਨੂੰ ਕੁਲਵੰਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਭੈਣੀ ਫੱਤਾ ਚਲਾ ਰਿਹਾ ਸੀ। ਬੱਸ ਅੰਦਰ ਸਕੂਲ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਬੈਠੀਆਂ ਸਨ । ਕੁਲਵੰਤ ਸਿੰਘ ਨੇ ਸਕੂਲੀ ਲੜਕੀਆਂ ਨੂੰ ਉਤਾਰਨ ਲਈ ਆਪਣੀ ਬੱਸ ਸਕੂਲ ਵਿੱਚ ਹੀ ਵਾੜ ਲਈ , ਉਦੋਂ ਮੇਰਾ ਲੜਕਾ ਜਗਦੀਪ ਸਿੰਘ ਸਕੂਲ ਅੰਦਰ ਬਣੇ ਖੇਡ ਟਰੈਕ ਪਰ ਖੜਾ ਸੀ। ਮੇਰੇ ਦੇਖਦੇ ਦੇਖਦੇ ਹੀ ਕੁਲਵੰਤ ਸਿੰਘ ਨੇ ਆਪਣੀ ਬੱਸ ਬੜੀ ਤੇਜ ਰਫਤਾਰੀ ਅਤੇ ਲਾਪਰਵਾਹੀ ਨਾਲ ਲਿਜਾ ਕੇ ਮੇਰੇ ਲੜਕੇ ਜਗਦੀਪ ਸਿੰਘ ਦੇ ਉੱਪਰ ਚਾੜ ਦਿੱਤੀ। ਜਿਸ ਕਾਰਣ ਬੱਸ ਦੇ ਟਾਇਰ ਮੇਰੇ ਲੜਕੇ ਪਰ ਚੜ੍ਹ ਗਏ ਤੇ ਮੇਰਾ ਲੜਕਾ ਧਰਤੀ ਪਰ ਡਿੱਗ ਪਿਆ ਅਤੇ ਮੈਂ ਵੀ ਭੱਜ ਕੇ ਆਪਣੇ ਲੜਕੇ ਦੇ ਕੋਲ ਆ ਗਈ। ਹਾਦਸੇ ਸਮੇਂ ਉੱਥੇ ਹੋਰ ਬੱਚਿਆਂ ਦਾ ਵੀ ਕਾਫੀ ਇਕੱਠ ਹੋ ਗਿਆ ਤਾਂ ਮੈਂ ਸਵਾਰੀ ਦਾ ਇੰਤਜਾਮ ਕਰਕੇ ਗੰਭੀਰ ਹਾਲਤ ਵਿੱਖ ਜਖਮੀ ਆਪਣੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਮੇਰੇ ਲੜਕੇ ਜਗਦੀਪ ਸਿੰਘ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹ ਹਾਦਸਾ ਬੱਸ ਡਰਾਇਵਰ ਕੁਲਵੰਤ ਸਿੰਘ ਦੇ ਆਪਣੀ ਬੱਸ ਬੜੀ ਹੀ ਤੇਜ ਰਫਤਾਰੀ ਅਤੇ ਅਣਗਹਿਲੀ ਨਾਲ ਮੇਰੇ ਲੜਕੇ ਜਗਦੀਪ ਸਿੰਘ ਵਿੱਚ ਮਾਰਨ ਕਰਕੇ ਵਾਪਰਿਆ ਹੈ। ਇਹ ਹਾਦਸਾ ਸਕੂਲ ਦੀ ਲਾਪਰਵਾਹੀ ਕਾਰਨ ਵੀ ਵਾਪਰਿਆ ਹੈ। ਯਾਨੀ ਹਾਦਸੇ ਲਈ ਸਕੂਲ ਦਾ ਪ੍ਰਸਾਸਨ ਵੀ ਜਿਮੇਵਾਰ ਹੈ। ਪੁਲਿਸ ਨੇ ਇਸ ਬਿਆਨ ਪਰ, ਇਕੱਲੇ ਬੱਸ ਡਰਾਈਵਰ ਕੁਲਵੰਤ ਸਿੰਘ ਦੇ ਖਿਲਾਫ 304 ਏ/279 ਆਈਪੀਸੀ ਤਹਿਤ ਮੁਕੱਦਮਾ ਦਰਜ਼ ਕਰ ਲਿਆ। ਜਦੋਂਕਿ ਮੁਦਈ ਨੇ ਆਪਣੇ ਬਿਆਨ ‘ਚ ਸਕੂਲ ਪ੍ਰਸ਼ਾਸ਼ਨ ਦੀ ਲਾਪਰਵਾਹੀ ਨੂੰ ਹਾਦਸੇ ਲਈ ਜਿੰਮੇਵਾਰ ਠਹਿਰਾਇਆ ਸੀ। ਪਰੰਤੂ ਬਾਅਦ ਵਿੱਚ ਪੁਲਿਸ ਨੇ 10 ਨਵੰਬਰ ਨੂੰ ਗੁਰਪ੍ਰੀਤ ਕੌਰ ਦਾ ਤਰਤੀਮਾ, ਯਾਨੀ ਸੋਧ ਕੇ ਬਿਆਨ ਦਰਜ਼ ਕੀਤਾ ,ਜਿਸ ਵਿੱਚ ਉਸ ਨੇ ਆਪਣੀ ਪਹਿਲੇ ਬਿਆਨ ਨੂੰ ਹੀ ਕਲਮਬੰਦ ਕਰਵਾਇਆ, ਇਸ ਵਿੱਚ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਅਨਪੜ੍ਹ ਹੈ ਤੇ ਸਕੂਲ ਪ੍ਰਸ਼ਾਸ਼ਨ ਤੋਂ ਉਸ ਦਾ ਭਾਵ ਸਕੂਲ ਪ੍ਰਿੰਸੀਪਲ ਹੀ ਹੈ। ਤਰਤੀਮਾ ਬਿਆਨ ਨੂੰ ਤਫਤੀਸ਼ ਅਧਿਕਾਰੀ ਨੇ ਜਰਨਲ ਡਾਇਰੀ ਰਿਪੋਰਟ ਵਿੱਚ ਇੰਦਰਾਜ ਕਰਕੇ, ਪ੍ਰਿੰਸੀਪਲ ਮੇਜਰ ਸਿੰਘ ਨੂੰ ਵੀ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ। ਹੁਣ ਇਸ ਕੇਸ ਵਿੱਚ ਕੁਲਵੰਤ ਸਿੰਘ ਡਰਾਈਵਰ ਤੇ ਪ੍ਰਿੰਸੀਪਲ ਮੇਜ਼ਰ ਸਿੰਘ, ਦੋਵੇਂ ਨਾਮਜਦ ਹੋ ਗਏ ਹਨ।