ਲੋਕੇਸ਼ ਕੌਂਸਲ/ ਬਠਿੰਡਾ, 23 ਅਕਤੂਬਰ 2022
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੱਜ ਇੱਥੋਂ ਦੇ ਮਲੋਟ ਰੋਡ ਤੇ ਸਥਿਤ ਨਾਮ ਚਰਚਾ ਘਰ ਵਿੱਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੋਈ ਸੀ। ਆਪ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਰਹਿ ਕੇ ਦੀਵਾਲੀ ਮਨਾਉਣ ਅਤੇ ਬਰਨਾਵਾ ਨਾ ਆਉਣ ਦੇ ਬਚਨ ਫਰਮਾਏ। ਆਪ ਜੀ ਨੇ ਇਹ ਵੀ ਫਰਮਾਇਆ ਕਿ ਆਪ ਜੀ ਦੀਵਾਲੀ ਦੀ ਰਾਤ ਯੂਟਿਊਬ ’ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਣਗੇ। ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਆਪ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ। ਪੂਜਨੀਕ ਗੁਰੂ ਜੀ ਅੱਜ ਬਠਿੰਡਾ ਤੋਂ ਇਲਾਵਾ ਕੋਟਾ (ਰਾਜਸਥਾਨ), ਜੀਂਦ (ਹਰਿਆਣਾ), ਕੰਝਾਵਲਾ (ਦਿੱਲੀ), ਮੁਜੱਫਰਨਗਰ (ਉੱਤਰ ਪ੍ਰਦੇਸ਼) ਅਤੇ ਪਰਾਗੁਪਰ (ਹਿਮਾਚਲ ਪ੍ਰਦੇਸ਼) ਦੀ ਸਾਧ-ਸੰਗਤ ਦੇ ਰੂ-ਬ-ਰੂ ਹੋਏ। ਪੂਜਨੀਕ ਗੁਰੂ ਜੀ ਨੇ ਬਠਿੰਡਾ ਦੀ ਸਾਧ-ਸੰਗਤ ਤੇ ਸਮਾਜ ਦੇ ਨੁੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ।
ਆਪ ਜੀ ਨੇ ਫਰਮਾਇਆ ਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। ਇਸ ਧਰਤੀ ਤੋਂ ਪਵਿੱਤਰ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਸੀ। ਇੱਥੇ ਪਰਮਾਤਮਾ ਦਾ ਨੂਰ ਵਰਸਣਾ ਚਾਹੀਦਾ ਸੀ ਪਰ ਇੱਥੇ ਚਿੱਟਾ (ਡਰੱਗ, ਨਸ਼ਾ) ਵਰਸ ਰਿਹਾ ਹੈ। ਸਾਧ-ਸੰਗਤ ਤੇ ਪੰਚਾਇਤਾਂ ਦੇ ਨੁਮਾਇੰਦੇ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅੱਗੇ ਆਓ ਤਾਂ ਕਿ ਸਮਾਜ ਧਰਮਾਂ ਦੀ ਪਵਿੱਤਰ ਸਿੱਖਿਆ ਨਾਲ ਮਹਿਕ ਉੱਠੇ।
ਆਪ ਜੀ ਨੇ ਫਾਮਾਇਆ ਕਿ ਇਹ ਤਿਉਹਾਰਾਂ ਦੇ ਦਿਨ ਬੜੀਆਂ ਖੁਸ਼ੀਆਂ ਤੇ ਉਮੰਗ ਲੈ ਕੇ ਆਉਂਦੇ ਹਨ। ਪਰ ਇਨਸਾਨ ਇਸ ਦੇ ਮਤਲਬ ਨੂੰ ਨਹੀਂ ਸਮਝ ਸਕਿਆ। ਦੀਵਾਲੀ ਜਾਂ ਦੀਪਾਵਾਲੀ ਦਾ ਸ਼ਬਦ ਦੀਪਾ ਪਲੱਸ ਆਵਲੀ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਸ਼ਾਬਦਿਕ ਅਰਥ ਦੀਪਾਂ ਦੀ ਅਵਲੀ ਭਾਵ ਦੀਵਿਆਂ ਦੀ ਕਤਾਰ ਜਾਂ ਲੜੀ ਤੋਂ ਹੈ। ਦੀਵਾਲੀ ਹਰ ਕੋਈ ਮਨਾਉਂਦਾ ਹੈ ਪਰ ਅਸੀਂ ਦੇਖਿਆ ਹੈ ਕਿ ਰਾਮ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਣ ਵਾਲਿਆਂ ਦੀ ਕਮੀ ਹੈ ਅਤੇ ਰਾਵਨ ਸਭ ਦੇ ਅੰਦਰ ਜਾਗਿਆ ਹੋਇਆ ਹੈ। ਦੀਵਾਲੀ ’ਚ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਇਹ ਸਭ ਨੂੰ ਪਤਾ ਹੈ ਕਿ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਉਹ ਦਿਨ ਜਦੋਂ ਰਾਮ ਜੀ ਅਯੋਧਿਆ ਵਾਪਸ ਆਏ ਸਨ, ਘਰ-ਘਰ ਦੀਵੇ ਜਗੇ, ਖੁਸ਼ੀ ਮਨਾਈ ਗਈ। ਤਾਂ ਉਸੇ ਤਿਉਹਾਰ ਨੂੰ ਦੀਵਾਲੀ ਦੇ ਰੂਪ ’ਚ ਮਨਾਇਆ ਜਾਂਦਾ ਹੈ। ਪਰ ਬੜੇ ਦਰਦ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿਨਾਂ ’ਚ ਜੂਆ ਖੇਡਦੇ ਹਨ, ਨਸ਼ੇ ਕਰਦੇ ਹਨ, ਬੁਰੇ ਕਰਮ ਕਰਦੇ ਹਨ ਅਤੇ ਮਨੁੱਖ ਇਸੇ ਨੂੰ ਕਹਿੰਦਾ ਹੈ ਕਿ ਅਸੀਂ ਤਿਉਹਾਰ ਨੂੰ ਇੰਜੁਆਇ ਕਰ ਰਹੇ ਹਾਂ, ਤਿਉਹਾਰ ਨੂੰ ਮਨਾ ਰਹੇ ਹਾਂ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਹ ਕੋਈ ਤਿਉਹਾਰ ਮਨਾਉੁਣ ਦਾ ਤਰੀਕਾ ਨਹੀਂ ਹੈ। ਤਿਉਹਾਰ ਜਿਸ ਲਈ ਬਣੇ ਸਨ, ਅੱਜ ਕਲਿਯੁਗੀ ਇਨਸਾਨ ਇਸ ਤੋਂ ਬਹੁਤ ਦੂਰ ਹੋ ਚੁੱਕਿਆ ਹੈ। ਇਨਸਾਨ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਵੇਂ ਤਿਉਹਾਰ ਮਨਾਇਆ ਜਾਵੇ।
ਆਪ ਜੀ ਨੇ ਫਰਮਾਇਆ ਕਿ ਅਸੀਂ ਦੀਵਾਲੀ ਦੇ ਤਿਉਹਾਰ ’ਤੇ ਘਿਓ ਦੇ ਦੀਵੇ ਬਾਲਦੇ ਸੀ ਅਤੇ ਪਟਾਕੇ ਵਗੈਰਾ ਵੀ ਚਲਾਉਂਦੇ ਸੀ। ਪਰ ਅੱਜ ਦਾ ਦੌਰ, ਜਿਸ ’ਚ ਜਨਸੰਖਿਆ ਬਹੁਤ ਵਧ ਗਈ ਹੈ, ਅੱਜ ਦੇ ਸਮੇਂ ’ਚ ਰੁੱਖ ਬਹੁਤ ਕੱਟੇ ਗਏ ਹਨ, ਪਾਣੀ ਬਹੁਤ ਹੇਠਾਂ ਚਲਾ ਗਿਆ ਹੈ, ਇਸ ਲਈ ਹੋ ਸਕਦਾ ਹੈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇ। ਪਰ ਉਸ ਸਮੇਂ ਪ੍ਰਦੂਸ਼ਣ ਜਲਦੀ ਕੰਟਰੋਲ ਹੋ ਜਾਂਦਾ ਸੀ। ਹੁਣ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਵਧਿਆ ਹੋਇਆ ਹੈ। ਐਨੀਆਂ ਫੈਕਟਰੀਆਂ, ਐਨੀਆਂ ਗੱਡੀਆਂ ਚੱਲਦੀਆਂ ਹਨ, ਭਾਵ ਅੱਗੇ ਤੋਂ ਕਈ ਗੁਣਾ ਜ਼ਿਆਦਾ ਇਹ ਸਭ ਕੁਝ ਹੋ ਚੁੱਕਿਆ ਹੈ, ਤਾਂ ਕੁਦਰਤੀ ਹੈ ਕਿ ਜਦੋਂ ਤੁਸੀਂ ਪਟਾਕੇ ਚਲਾਓਗੇ ਤਾਂ ਥੋੜ੍ਹਾ ਪ੍ਰਦੂਸ਼ਣ ਤਾਂ ਵਧਦਾ ਹੀ ਹੈ। ਪਰ ਸਾਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਜਦੋਂ ਪਟਾਕੇ ਚਲਾਉਂਦੇ ਹੋ ਤਾਂ ਉਸ ਨੂੰ ਰੋਕਿਆ ਜਾਂਦਾ ਹੈ ਪਰ ਜਿਨ੍ਹਾਂ ਫੈਕਟਰੀਆਂ ਦਾ ਧੂੰਆਂ ਸਾਰੀ-ਸਾਰੀ ਰਾਤ ਤੇ ਦਿਨ ਪ੍ਰਦੂਸ਼ਣ ਫੈਲਾਉਂਦਾ ਹੈ, ਉਨ੍ਹਾਂ ਦਾ ਫਿਲਟਰੇਸ਼ਨ ਕਰਨ ਦੀ ਕੋਈ ਗੱਲ ਨਹੀਂ ਕਰਦਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਹੋਲੀ ਅਤੇ ਦੀਵਾਲੀ ’ਤੇ ਹੀ ਲੋਕਾਂ ਨੂੰ ਪ੍ਰਦੂਸ਼ਣ ਦੀ ਯਾਦ ਆਉਂਦੀ ਹੈ। ਪੂਜਨੀਕ ਗੁਰੂ ਜੀ ਨੇ ਇਹ ਵੀ ਕਿਹਾ ਕਿ ਅਸੀਂ ਇਸ ਹੱਕ ’ਚ ਹੀ ਨਹੀਂ ਹਾਂ ਕਿ ਤੁਸੀਂ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ, ਪਰ ਅਸੀਂ ਇਸ ਹੱਕ ’ਚ ਵੀ ਨਹੀਂ ਹਾਂ ਕਿ ਇਨ੍ਹਾਂ ਤਿਉਹਾਰਾਂ ’ਚ ਖੁਸ਼ੀ ਨਾ ਮਨਾਈਏ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਟਾਕਿਆਂ ਨਾਲ ਸਿਰਫ਼ ਇੱਕ ਦਿਨ ਹੀ ਪ੍ਰਦੂਸ਼ਣ ਹੁੰਦਾ ਹੈ ਪਰ ਫਿਰ ਵੀ ਜੋ ਪ੍ਰਦੂਸ਼ਣ ਵਾਲੇ ਮੀਟਰ ਹਨ ਉਹ ਰੋਜ਼ਾਨਾ ਹੀ 300, 500, 1000 ਤੱਕ ਪਹੁੰਚੇ ਰਹਿੰਦੇ ਹਨ। ਉਦੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਕੋਈ ਨਹੀਂ ਰੋਕਦਾ।
ਆਪ ਜੀ ਨੇ ਫਰਮਾਇਆ ਕਿ ਅਫ਼ਸੋਸ ਦੀ ਗੱਲ ਹੈ ਕਿ ਸਾਰਿਆਂ ਦਾ ਮੁੱਖ ਫੋਕਸ ਸਾਡੇ ਧਰਮਾਂ ਦੇ ਤਿਉਹਾਰਾਂ ’ਤੇ ਹੈ। ਅਸੀਂ ਸਦਾ ਸੱਚੀ ਗੱਲ ਤੁਹਾਡੇ ਵਿੱਚ ਰੱਖਦੇ ਹਾਂ। ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ, ਅਸੀਂ ਸਾਰੇ ਧਰਮਾਂ ’ਚ ਦੇਖਿਆ ਹੈ ਕਿ ਜ਼ਿਆਦਾਤਰ ਦੇਵੀ ਦੇਵਤਿਆਂ, ਫਰਿਸ਼ਤਿਆਂ ਦੀ ਇੱਜਤ ਕੀਤੀ ਜਾਂਦੀ ਹੈ, ਸਤਿਕਾਰ ਕੀਤਾ ਜਾਂਦਾ ਹੈ। ਪਰ ਸਾਡੇ ਹਿੰਦੂ ਧਰਮ ’ਚ ਸਾਨੂੰ ਬੜਾ ਦਰਦ ਹੁੰਦਾ ਹੈ, ਜਦੋਂ ਸਾਡੇ ਦੇਵੀ-ਦੇਵਤਿਆਂ ਦੇ ਰੂਪ ਧਾਰਨ ਕਰਕੇ ਕੋਈ ਰੋਡ ’ਤੇ ਭੀਖ ਮੰਗ ਰਿਹਾ ਹੈ ਤੇ ਕੋਈ ਸਾਡੇ ਦੇਵੀ-ਦੇਵਤਿਆਂ ਦੇ ਫਿਲਮਾਂ ’ਚ ਰੂਪ ਧਾਰਨ ਕਰਕੇ ਉਨ੍ਹਾਂ ਦੀ ਬੇਇੱਜਤੀ ਕਰ ਰਿਹਾ ਹੈ। ਇਸ ਨਾਲ ਸਾਨੂੰ ਦੁੱਖ ਹੰੁਦਾ ਹੈ। ਕੀ ਇਨ੍ਹਾਂ ਲਈ ਕਾਨੂੰਨ ਵੱਖ-ਵੱਖ ਹਨ, ਕਿਉਂਕਿ ਸਾਰਿਆਂ ਦਾ ਦੇਸ਼ ਤਾਂ ਇੱਕ ਹੀ ਹੈ। ਬਾਕੀ ਧਰਮਾਂ ’ਚ ਤਾਂ ਦੇਵੀ-ਦੇਵਤਿਆਂ ਦੀ ਬੇਇੱਜਤੀ ਨਹੀਂ ਕੀਤੀ ਜਾਂਦੀ। ਸਿਰਫ਼ ਹਿੰਦੂ ਧਰਮ ਦੀ ਬੇਇੱਜਤੀ ਕਿਉਂ ਕੀਤੀ ਜਾਂਦੀ ਹੈ। ਹਿੰਦੂ ਧਰਮ ਦੇ ਤਿਉਹਾਰਾਂ ’ਤੇ ਹੀ ਨਿਸ਼ਾਨਾ ਕਿਉਂ ਵਿੰਨ੍ਹਿਆ ਜਾਂਦਾ ਹੈ। ਅੱਜ ਤੱਕ ਅਸੀਂ ਇਹ ਨਹੀਂ ਸਮਝ ਸਕੇ।
ਆਪ ਜੀ ਨੇ ਫਰਮਾਇਆ ਕਿ ਦੀਵਾਲੀ ਵਾਲੇ ਦਿਨ ਤਾਂ ਹੋਣਾ ਇਹ ਚਾਹੀਦਾ ਹੈ ਕਿ ਸਾਰੇ ਇੱਕ-ਦੂਜੇ ਨੂੰ ਰਾਮ-ਰਾਮ ਕਹਿਣ, ਚੰਗਾ ਸਾਫ਼-ਸੁਥਰਾ ਘਰ ਨੂੰ ਰੱਖਣ। ਦੀਵਾਲੀ ’ਤੇ ਰੰਗ-ਰੋਗਣ ਇਸ ਲਈ ਕੀਤਾ ਜਾਂਦਾ ਹੈ ਕਿ ਇਸ ਨਾਲ ਸਾਰੇ ਘਰ ਦੀ ਸਫ਼ਾਈ ਹੋਵੇਗੀ, ਤਾਂ ਬੈਕਟੀਰੀਆ ਵਾਇਰਸ ਮਰ ਜਾਂਦੇ ਹਨ। ਇੱਕ-ਦੂਜੇ ਨੂੰ ਰਾਮ-ਰਾਮ ਕਹਾਂਗੇ ਤਾਂ ਪਤਾ ਨਹੀਂ ਕਿੰਨੇ ਵਿਗੜੇ ਹੋਏ ਰਿਸ਼ਤੇ ਬਣ ਸਕਦੇ ਹਨ, ਕਿੰਨੇ ਟੁੱਟੇ ਹੋਏ ਲੋਕ ਮਿਲ ਸਕਦੇ ਹਨ ਜਾਂ ਕਹਿ ਲਓ ਕਿ ਜਿਨ੍ਹਾਂ ਦੇ ਆਪਸ ’ਚ ਝਗੜੇ ਹੋਏ ਹੰੁਦੇ ਹਨ, ਮਨ-ਮੁਟਾਵ ਹੋਏ ਹੁੰਦੇ ਹਨ ਉਹ ਕੋਸ਼ਿਸ਼ ਕਰਨ ਨਾਲ ਮਿਟ ਸਕਦੇ ਹਨ। ਇਸ ਲਈ ਇਹ ਤਿਉਹਾਰ ਮਨਾਏ ਜਾਂਦੇ ਹਨ। ਆਪ ਜੀ ਨੇ ਫਰਮਾਇਆ ਕਿ ਇਸ ਦਿਨ ਚੰਗੀ ਮਠਿਆਈ ਘਰ ’ਚ ਬਣਾ ਕੇ ਖਾਣੀ ਚਾਹੀਦੀ ਹੈ।
ਆਪ ਜੀ ਨੇ ਫਰਮਾਇਆ ਕਿ ਸਾਡੇ ਚਾਰਾਂ ਧਰਮਾਂ ’ਚ ਭਗਵਾਨ ਬਾਰੇ ਦੱਸਿਆ ਗਿਆ ਹੈ ਕਿ ਉਹ ਦਿਆਲੂ, ਕਿਰਪਾ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਕਿਸੇ ਧਰਮ ’ਚ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਸ ਦਾ ਬੁਰਾ ਕਰਨ ਵਾਲਾ ਹੈ। ਇਸ ਲਈ ਮਨੁੱਖ ਧਰਮਾਂ ਨੂੰ ਫਾਲੋ ਨਹੀਂ ਕਰ ਰਿਹਾ ਸਗੋਂ ਉਸ ਦਾ ਮਜਾਕ ਬਣਾ ਰੱਖਿਆ ਹੈ।
ਆਪ ਜੀ ਨੇ ਫਰਮਾਇਆ ਕਿ ਇਨਸਾਨ ਮਨ ਦੇ ਕਹਿਣ ’ਤੇ, ਆਪਣੇ ਸਵਾਰਥ ਲਈ, ਬੁਰੇ ਵਿਚਾਰਾਂ ਦੇ ਕਾਰਨ ਧਰਮਾਂ ਦਾ ਮਜਾਕ ਉਡਾ ਰਿਹਾ ਹੈ। ਧਰਮਾਂ ’ਚ ਸਾਫ਼ ਲਿਖਿਆ ਹੈ ਕਿ ਦਇਆ ਕਰੋ ਅਤੇ ਭਗਵਾਨ ਤੋਂ ਕਿਰਪਾ ਮੰਗੋ। ਇਸ ਲਈ ਸਾਰੇ ਧਰਮ ਸੱਚੇ ਸਨ, ਸੱਚੇ ਹਨ ਅਤੇ ਸੱਚੇ ਹੀ ਰਹਿਣਗੇ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਦੀਵਾਲੀ ਦਾ ਤਿਉਹਾਰ ਮਨਾਉਣ।