90% ਹੈਲਥ ਸੈਂਟਰ ਕਿਰਾਏ ਤੇ,ਬੰਦ ਜਿੰਮ ਦਾ ਵੀ ਭਰਨਾ ਪੈਂਦਾ ਕਿਰਾਇਆ
ਸੋਨੀ ਪਨੇਸਰ ਬਰਨਾਲਾ 11 ਮਈ 2020
ਲੌਕਡਾਉਨ ਤੋਂ ਬਾਅਦ ਹੁਣ ਸਰਕਾਰ ਨੇ ਜਿਵੇਂ ਵੱਖ ਵੱਖ ਅਦਾਰਿਆਂ ਅਤੇ ਕਾਰੋਬਾਰਾਾਂ ਨੂੰ ਖੋਹਲਣ ਦੀ ਇਜਾਜਤ ਦੇ ਦਿੱਤੀ ਹੈ। ਇਸੇ ਤਰਾਂ ਹੀ ਸਰਕਾਰ ਨੂੰ ਸ਼ਰਤਾਂ ਦੇ ਤਹਿਤ ਸਾਰੇ ਜ਼ਿੰਮ ਹੈਲਥ ਸੈਂਟਰਾਂ ਨੂੰ ਵੀ ਖੋਲ੍ਹਣ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ। ਇਹ ਮੰਗ ਪੰਜਾਬ ਹੈਲਥ ਕਲੱਬ 1&2 ਦੇ ਮਾਲਿਕ ਪ੍ਰਿੰਸੀਪਲ ਦਿਵੇਸ ਕਿੱਟੀ ਵਰਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ਹਰ ਦਿਨ ਸਰਕਾਰ ਵੱਖ ਵੱਖ ਅਦਾਰਿਆ ਨੂੰ ਖੋਹਲਣ ਦੇ ਐਲਾਨ ਕਰ ਰਹੀ ਹੈ। ਉਹਨਾਂ ਕਿਹਾ ਮੌਜੂਦਾ ਦੌਰ ਅੰਦਰ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜਿਆਦਾ ਜਰੂਰੀ ਕਸਰਤ ਹੀ ਹੈ । ਜੋ ਇਨਸਾਨ ਹਰ ਰੋਜ਼ ਜ਼ਿੰਮ ਜਾਂਦਾ ਹੈ , ਉਸ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਆਮ ਵਿਅਕਤੀ ਤੋਂ ਜ਼ਿਆਦਾ ਹੁੰਦੀ ਹੈ। ਉਹਨਾਂ ਦੱਸਿਆ ਕਿ ਜ਼ਿੰਮ ਮਾਲਕ ਵੀ ਮੌਜੂਦਾ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ। ਉਹਨਾਂ ਕਿਹਾ ਕਿ ਜ਼ਿੰਮ ਮਾਲਿਕਾਂ ਦੇ ਪਰਿਵਾਰਾਂ ਤੋਂ ਇਲਾਵਾ ਜ਼ਿੰਮ ਟ੍ਰੇਨਰ ਅਤੇ ਸਟਾਫ ਦੇ ਹੋਰ ਮੈਂਬਰ ਅਤੇ ਪਰਿਵਾਰਿਕ ਮੈਂਬਰ ਵੀ ਬਹੁਤ ਮੰਦਹਾਲੀ ਵਿੱਚ ਸਮਾ ਗੁਜ਼ਾਰ ਰਹੇ ਹਨ। ਉਨਾਂ ਦੱਸਿਆ ਕਿ ਸ਼ਹਿਰ ਦੇ ਲੱਗਭਗ 90% ਹੈਲਥ ਸੈਂਟਰ ਕਿਰਾਏ ਤੇ ਹਨ । ਜਿੰਨਾ ਦਾ ਕਿਰਾਇਆ ,ਜਿੰਮ ਬੰਦ ਰਹਿਣ ਦੇ ਬਾਵਜੂਦ ਵੀ ਹਰ ਮਹੀਨੇ ਭਰਨਾ ਪੈ ਰਿਹਾ ਹੈ। ਬਿਜਲੀ ਦੇ ਬਿੱਲ ਵੀ ਆਮ ਵਾਂਗ ਹੀ ਪੁਰਾਣੀ ਐਵਰੇਜ ਦੇ ਅਧਾਰ ਤੇ ਆ ਰਹੇ ਹਨ। ਜਿਸ ਕਰਕੇ ਹੈਲਥ ਸੈਂਟਰਾਂ ਨੂੰ ਬਹੁਤ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕੀ ਸਰਕਾਰੀ ਦਿਸ਼ਾ ਨਿਰਦੇਸ਼ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਅਨੁਸਾਰ ਉਹਨਾਂ ਨੂੰ ਵੀ ਜ਼ਿੰਮ ਖੋਲਣ ਦੀ ਆਗਿਆ ਦਿੱਤੀ ਜਾਵੇ। ਉਹ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਹੈਲਥ ਸੈਂਟਰ ਚਲਾਉਣ ਲਈ ਪਾਬੰਦ ਹੋਣਗੇ।