ਰਘੁਵੀਰ ਹੈੱਪੀ/ ਜਗਜੀਤਪੁਰਾ 19 ਅਕਤੂਬਰ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 26 ਅਗਸਤ ਤੋਂ ਜਗਜੀਤਪੁਰਾ ਵਿਖੇ ਨਜਾਇਜ਼ ਲਾਇਆ ਹੋਇਆ ਟੋਲ ਪਲਾਜ਼ਾ ਚੁਕਵਾਉਣ ਲਈ ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਲਾਇਆ ਹੋਇਆ ਹੈ। ਜਿਸ ਥਾਂ ਤੇ ਇਹ ਟੋਲ ਪਲਾਜ਼ਾ ਲਗਾਇਆ ਗਿਆ ਹੈ, ਉਹ ਬਰਨਾਲਾ-ਬਾਜਾਖਾਨਾ ਰੋਡ ਪੰਜਾਬ ਸਰਕਾਰ ਅਧੀਨ ਆਉਂਦਾ ਸਟੇਟ ਹਾਈਵੇ ਹੈ। ਪੱਖੋ ਕੈਂਚੀਆਂ ਤੋਂ ਬਾਜਾਖਾਨਾ ਤੱਕ ਇਹ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। 45 ਕਿਲੋਮੀਟਰ ਦੇ ਫਾਸਲੇ ਤੱਕ ਵੱਡੇ – ਵੱਡੇ ਖੱਡੇ ਪਏ ਹੋਏ ਹਨ। ਹਰ ਰੋਜ ਹਾਦਸੇ ਵਾਪਰ ਰਹੇ ਹਨ। ਇਹ ਟੋਲ ਪਲਾਜ਼ਾ ਪੱਖੋ ਕੈਂਚੀਆਂ-ਮੋਗਾ ਨੈਸ਼ਨਲ ਹਾਈਵੇ ਉੱਪਰ ਕਿਸੇ ਢੁੱਕਵੀਂ ਥਾਂ ਉੱਪਰ ਲੱਗਣਾ ਚਾਹੀਦਾ ਸੀ/ਹੈ। NHAI ਦੀਆਂ ਹਿਦਾਇਤਾਂ ਅਨੁਸਾਰ ਟੋਲ ਤੋਂ ਟੋਲ 60 ਕਿਲੋਮੀਟਰ ਦੀਆਂ ਸ਼ਰਤਾਂ ਮੁਤਾਬਕ ਵੀ ਜਿਸ ਜਗ੍ਹਾ ਇਹ ਟੋਲ ਪਲਾਜ਼ਾ ਸਹੀ ਨਹੀਂ ਹੈ। 26 ਅਗਸਤ ਤੋਂ ਸ਼ੁਰੂ ਹੋਏ ਸੰਘਰਸ਼ ਦੌਰਾਨ।
ਭਾਕਿਯੂ ਏਕਤਾ ਡਕੌਂਦਾ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੱਖੋ ਕੈਂਚੀਆਂ ਵਿਖੇ ਪੁਤਲਾ ਸਾੜਿਆ ਗਿਆ,ਡੀਸੀ ਦਫਤਰ ਬਰਨਾਲਾ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾ ਚੁੱਕਾ ਹੈ। ਜਿਲ੍ਹਾ ਪੑਸ਼ਾਸ਼ਨ/ਪੰਜਾਬ ਸਰਕਾਰ ਮੂਕ ਦਰਸ਼ਕ ਬਣੇ ਹੋਏ ਹਨ। ਇਸ ਲਈ ਇਸ ਲੋਕ ਸੰਘਰਸ਼ ਦਾ ਘੇਰਾ ਵਿਸ਼ਾਲ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਤੋਂ ਹਮਾਇਤ ਜੁਟਾਉਣ ਦਾ ਫੈਸਲਾ ਕੀਤਾ ਹੈ। ਪੑੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦਰਸ਼ਨ ਸਿੰਘ ਉੱਗੋਕੇ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਹਰਚਰਨ ਸਿੰਘ ਸੁਖਪੁਰ,ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਭਿੰਦਾ ਸਿੰਘ ਢਿੱਲਵਾਂ,ਜਗਸੀਰ ਸਿੰਘ ਸ਼ਹਿਣਾ ਆਦਿ ਆਗੂਆਂ ਨੇ ਦੱਸਿਆ ਕਿ ਦੋਵੇਂ ਸ਼ਹਿਣਾ ਅਤੇ ਫੂਲ ਬਲਾਕ ਦੇ ਹਰ ਪਿੰਡ/ਕਸਬਾ/ਸ਼ਹਿਰ ਦੀਆਂ ਸੰਸਥਾਵਾਂ ਨੂੰ ਇਸ ਲੋਕ ਸੰਘਰਸ਼ ਦਾ ਹਿੱਸਾ ਬਨਣ ਲਈ ਅਪੀਲ ਭੇਜੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਵਜੋਂ 21 ਅਕਤੂਬਰ ਨੂੰ ਭਗਤਾ ਤੋਂ ਜਗਜੀਤਪੁਰਾ ਟੋਲ ਪਲਾਜ਼ਾ ਤੱਕ ਵਿਸ਼ਾਲ “ਸਰਕਾਰ ਜਗਾਓ ਮਾਰਚ” ਕੀਤਾ ਜਾਵੇਗਾ। ਆਗੂਆਂ ਨੇ ਇਸ ਮਾਰਚ ਵਿੱਚ ਇਸ ਟੋਲ ਪਲਾਜ਼ਾ ਲੱਗਣ ਨਾਲ ਦੋਵੇਂ ਸ਼ਹਿਣਾ ਅਤੇ ਫੂਲ ਬਲਾਕ ਦੇ ਪਿੰਡਾਂ ਨੂੰ ਵਧ ਚੜੵਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਆਗੂਆਂ ਕਿਹਾ ਕਿ ਟੋਲ ਪਲਾਜ਼ਾ ਆਮ ਲੋਕਾਂ ਦੀਆਂ ਜੇਬਾਂ ਉੱਪਰ ਨਜਾਇਜ਼ ਡਾਕਾ ਮਾਰਨ ਲਈ ਲਾਇਆ ਗਿਆ ਹੈ।
ਆਗੂਆਂ ਨੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਲੀਮਾਨੀ ਪਾਰਟੀਆਂ ਵੱਲੋਂ ਧਾਰੀ ਸਾਜਿਸ਼ੀ ਚੁੱਪ ਦੀ ਸਖ਼ਤ ਨਿਖੇਧੀ ਕੀਤੀ। ਆਗੂਆਂ ਬਲਵੰਤ ਸਿੰਘ ਚੀਮਾ, ਕਾਲਾ ਜੈਦ,ਅਮਨਦੀਪ ਟਿੰਕੂ ਭਦੌੜ ਅਤੇ ਮਹਿੰਦਰ ਸਿੰਘ ਅਸਪਾਲਕਲਾਂ ਕਿਹਾ ਕਿ ਅਸਲ ਮਾਅਨਿਆਂ ਵਿੱਚ ਇਹ ਪਾਰਟੀਆਂ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨ ਵਾਲੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਨਜਾਇਜ਼ ਲੱਗੇ ਟੋਲ ਪਲਾਜ਼ਾ ਨੂੰ ਪੁਟਵਾਉਣ ਲਈ ਚੱਲ ਰਹੇ ਸੰਘਰਸ਼ ਦੀ ਭਰਵੀਂ ਹਰ ਸੰਭਵ ਹਮਾਇਤ ਕਰਨ ਦੀ ਅਪੀਲ ਕੀਤੀ ਤਾਂ ਕਿ ਟੋਲ ਪਲਾਜ਼ਾ ਵੱਲੋਂ ਆਮ ਲੋਕਾਈ ਦੀ ਕੀਤੀ ਜਾ ਰਹੀ ਲੁੱਟ ਨੂੰ ਬਚਾਇਆ ਜਾ ਸਕੇ।