ਸੋਨੀ/ ਬਰਨਾਲਾ, 18 ਅਕਤੂਬਰ 2022
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਭਾਜਪਾ ਸਰਕਾਰ ਦੀ ਵਿੱਤ ਮੰਤਰੀ ਦੇ ਉਸ ਬਿਅਨ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿੱਚ ਉਸ ਨੇ ਰੁਪਏ ਦੀ ਇਤਿਹਾਕ ਗਿਰਾਵਟ ਦੇ ਬਾਵਜੂਦ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੀ ਹਾਲਤ ਨੂੰ ਠੀਕ ਠਾਕ ਹੈ ਹਾਲਾਂਕਿ ਕਿ ਭਾਰਤੀ ਅਰਥਚਾਰੇ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ , ਛੜੱਪੇ ਮਾਰਕੇ ਵਧ ਰਹੀ ਮਹਿੰਗਾਈ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ, ਬੇਰੁਜ਼ਗਾਰੀ ਪਿਛਲੇ ਪੰਤਾਲੀ ਸਾਲ ਦੇ ਰਿਕਾਰਡ ਤੋਡ਼ ਚੁੱਕੀ ਹੈ, ਭਾਰਤ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ । ਭਾਰਤ ਦੇ ਪਿਛਲੇ ਇੱਕ ਸਾਲ ਵਿੱਚ 100 ਅਰਬ ਡਾਲਰ ਖੁਰ ਚੁੱਕੇ ਹਨ , ਹੁਣ ਭਾਰਤ ਕੋਲ ਵਿਦੇਸ਼ੀ ਲੈਣ ਦੇਣ ਲਈ ਕੇਵਲ ਨੌ ਮਹੀਨਿਆਂ ਦੇ ਡਾਲਰ ਬਚੇ ਹਨ। ਇੱਕ ਸਾਲ ਪਹਿਲਾਂ ਭਾਰਤ ਕੋਲ ਛੇ ਸੌ ਬੱਤੀ ਅਰਬ ਡਾਲਰ ਵਿਦੇਸ਼ੀ ਮੁਦਰਾ ਦੇ ਭੰਡਾਰ ਸਨ ਜੋ ਹੁਣ ਘਟ ਕੇ ਪੰਜ ਸੌ ਬੱਤੀ ਅਰਬ ਡਾਲਰ ਰਹਿ ਗਏ ਹਨ। ਅਰਥਵਿਵਸਥਾ ਦੀ ਮੰਦੀ ਹਾਲਤ ਹੋਣ ਦੇ ਬਾਵਜੂਦ ਮੋਦੀ ਹਕੂਮਤ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਦੱਸ ਰਹੀ ਹੈ । ਵਿਸ਼ਵ ਬੈਂਕ ਅਤੇ ਕੌਂਮਾਂਤਰੀ ਮੁਦਰਾ ਕੋਸ਼ ਨਾਲ ਵਾਸ਼ਿੰਗਟਨ ਵਿੱਚ ਮਿਲਣੀ ਸਮੇਂ ਭਾਰਤ ਦੀ ਵਿੱਤ ਮੰਤਰੀ ਨੇ ਇਹ ਕਹਿਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ ਦਾ ਰੁਪਈਆ ਕਮਜ਼ੋਰ ਨਹੀਂ ਹੋ ਰਿਹਾ ਸਗੋਂ ਇਸ ਦੇ ਉਲਟ ਡਾਲਰ ਮਜ਼ਬੂਤ ਹੋ ਰਿਹਾ ਹੈ । ਆਪਣੇ ਇਸ ਬਿਆਨ ਦੀ ਸਫ਼ਾਈ ਲਈ ਉਸ ਨੇ ਹੋਰ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੈਂ ਅਰਥਸ਼ਾਸਤਰ ਦੀਆਂ ਬਰੀਕੀਆਂ ‘ਚ ਪੈਣਾ ਨਹੀਂ ਚਾਹੁੰਦੀ ਹਾਲਾਂ ਕਿ ਇਹ ਭਾਰਤ ਦੀ ਮੁਦਰਾ ਦੀ ਇਤਿਹਾਸਕ ਕਦਰ ਘਟਾਈ ਹੋ ਚੁੱਕੀ ਹੈ ਅਤੇ ਇਹ ਅਜੇ ਵੀ ਜਾਰੀ ਹੈ ਅਤੇ ਇਹ ਕੀਮਤ ਹੁਣ ਤਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗਿਰ ਚੁੱਕੀ ਹੈ ਅਤੇ ਇਹ 82.39 ਰੁਪਏ ਤੇ ਪਹੁੰਚ ਚੁੱਕੀ ਹੈ ਅਤੇ ਰੁਪਏ ਦੀ ਇਸ ਕਦਰ ਘਟਾਈ ਕਾਰਨ ਭਾਰਤ ਨੂੰ ਤੇਲ ਖਰੀਦਣਾ ਹੋਰ ਮਹਿੰਗਾ ਪੈ ਰਿਹਾ ਹੈ ਅਤੇ ਭਾਰਤ ਦੇ ਵਿਦੇਸ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜਾਈ ਦਾ ਖਰਚਾ ਬਹੁਤ ਵਧ ਗਿਆ ਹੈ। ਹਵਾਈ ਜਹਾਜ਼ ਦਾ ਸਫ਼ਰ ਬਹੁਤ ਮਹਿੰਗਾ ਹੋ ਗਿਆ ਹੈ ਪਰ ਸੀਤਾਰਮਨ ਕੰਨ ਪੁੱਠੇ ਫੜ ਕੇ ਬੇਤੁਕੇ ਬਿਆਨ ਦੇ ਰਹੀ ਹੈ ਕਿ ਭਾਰਤ ਦੇ ਰੁਪਏ ਦੀ ਕੀਮਤ ਨਹੀਂ ਘਟ ਰਹੀ ਸਗੋਂ ਡਾਲਰ ਦੀ ਕੀਮਤ ਵਧ ਰਹੀ ਹੈ । ਪਰ ਅਜਿਹੀ ਗੁਮਰਾਹਕੁਨ ਅਤੇ ਤਰਕਹੀਣ ਬਿਆਨਬਾਜ਼ੀ ਕਰਕੇ ਜਦੋਂ ਉਹ ਆਪਣੀ ਗੱਲ ਵਿੱਚ ਫਸ ਜਾਂਦੀ ਹੈ ਤਾਂ ਉਸ ਨੂੰ ਖਹਿੜਾ ਛੁਡਾਉਣ ਲਈ ਕਹਿਣਾ ਪੈਂਦਾ ਹੈ ਕਿ ਉਹ ਅਰਥਵਿਗਿਆਨ ਦੀਆਂ ਤਕਨੀਕੀ ਗੱਲਾਂ ਵਿੱਚ ਨਹੀਂ ਪੈਣ ਚਾਹੁੰਦੀ ਹਾਲਾਂਕਿ ਸਭ ਜਾਣਦੇ ਹਨ ਕਿ ਕਿਸੇ ਦੇਸ਼ ਦੀ ਮੁਦਰਾ ਦੀ ਇਤਿਹਾਸਕ ਕਦਰ ਘਟਾਈ ਉਸ ਦੇਸ਼ ਦੀ ਅਰਥਵਿਵਥਾ ਦੇ ਨਿਘਾਰ ਦੀ ਨਿਸ਼ਾਨੀ ਹੁੰਦੀ ਹੈ। ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਅਤੇ ਭਾਰਤ ਇਕ ਸਰਬਪੱਖੀ ਸੰਕਟ ਵਿੱਚ ਫਸ ਚੁੱਕਾ ਹੈ। ਆਗੂਆਂ ਨੇ ਇਸ ਇਸ ਗਲੇ ਸੜੇ ਪ੍ਰਬੰਧ ਨੂੰ ਮੁੱਢੋਂ ਸੁਢੋਂ ਤਬਦੀਲ ਕਰਨ ਦੀ ਲੋੜ ਤੇ ਜੋਰ ਦਿੱਤਾ।