ਸੋਨੀ/ ਬਰਨਾਲਾ, 18 ਅਕਤੂਬਰ 2022
ਐੱਸ ਡੀ ਕਾਲਜ ਵਿਖੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਲੜਕੀਆਂ ਦੇ ਸੂਬਾ ਪੱਧਰੀ ਨੈੱਟਬਾਲ ਮੁਕਾਬਲੇ ਸੰਪੰਨ ਹੋ ਗਏ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਖੇਡ ਮੰਤਰੀ ਦੇ ਓਐਸਡੀ ਸ੍ਰੀ ਹਸਨਪ੍ਰੀਤ ਭਾਰਦਵਾਜ ਅਤੇ ‘ਆਪ’ ਦੇ ਜ਼ਿਲਾ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਬਾਠ ਨੇ ਅਦਾ ਕੀਤੀ। ਉਹਨਾਂ ਆਪਣੇ ਸੰਬੋਧਨ ਵਿਚ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਸਰਕਾਰ ਦੀ ਖੇਡਾਂ ਨੂੰ ਲੈ ਕੇ ਇਸ ਨਿਵੇਕਲੀ ਪਹਿਲ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦਾ ਯਕੀਨ ਦਿਵਾਇਆ। ਉਹਨਾਂ ਇਹਨਾਂ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਐੱਸ ਡੀ ਕਾਲਜ ਨੂੰ ਵਧਾਈ ਦਿੱਤੀ। ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਕਾਲਜ ਦੀ ਨੈੱਟਬਾਲ ਨਾਲ ਲੰਮੀ ਸਾਂਝ ਦਾ ਜ਼ਿਕਰ ਕੀਤਾ। ਇਹ ਮੁਕਾਬਲੇ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਕੋ-ਕਨਵੀਨਰ ਸਬ-ਇੰਸਪੈਕਟਰ ਅਵਤਾਰ ਦੀ ਦੇਖ-ਰੇਖ ਵਿਚ ਹੋ ਰਹੇ ਹਨ।
ਲੜਕੀਆਂ ਦੇ ਅੰਡਰ 14 ਮੁਕਾਬਲਿਆਂ ’ਚ ਮਾਨਸਾ ਨੇ ਪਹਿਲਾ, ਬਰਨਾਲਾ ਦੀ ਟੀਮ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ਵਰਗ ਵਿਚ ਲੁਧਿਆਣਾ ਪਹਿਲੇ, ਮਾਨਸਾ ਦੂਜੇ ਅਤੇ ਬਰਨਾਲਾ ਤੀਜੇ ਸਥਾਨ ’ਤੇ ਰਹੀ। ਅੰਡਰ 21 ਵਰਗ ਵਿਚ ਬਰਨਾਲਾ ਪਹਿਲਾ, ਬਠਿੰਡਾ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 40 ਉਮਰ ਵਰਗ ਦੇ ਮੁਕਾਬਲਿਆਂ ਵਿਚ ਬਰਨਾਲਾ, ਬਠਿੰਡਾ ਅਤੇ ਮਾਨਸਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਖਿਡਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਮਲਕੀਤ ਸਿੰਘ ਐਮ.ਸੀ., ਪਰਮਿੰਦਰ ਭੰਗੂ, ਇਸ਼ਵਿੰਦਰ ਜੰਡੂ, ਮੋਹਿਤ, ਲੱਕੀ, ਸਬ-ਇੰਸਪੈਕਟਰ ਸੁਖਪਾਲ ਸਿੰਘ, ਸਬ-ਇੰਸਪੈਕਟਰ ਅਵਤਾਰ ਸਿੰਘ, ਗੁਰਮੇਲ ਸਿੰਘ, ਗਗਨਦੀਪ ਸਿੰਗਲਾ, ਸਾਰੀਆਂ ਸੰਸਥਾਵਾਂ ਦੇ ਪਿ੍ਰੰਸੀਪਲ ਅਤੇ ਵੱਡੀ ਗਿਣਤੀ ਵਿਚ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਰ ਸਨ। ਅੰਤ ਵਿਚ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ, ਜਿਸ ਦਾ ਉਦਘਾਟਨ ਸ. ਕੁਲਤਾਰ ਸਿੰਘ ਸੰਧਵਾਂ (ਸਪੀਕਰ, ਪੰਜਾਬ ਵਿਧਾਨ ਸਭਾ) ਕਰਨਗੇ। ਪ੍ਰੋ. ਸੀਮਾ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ।