ਵਾਰਿਸਾਂ ਦੀ ਤਲਾਸ਼ ਤੇ ਖੁਦਕਸ਼ੀ ਦੇ ਕਾਰਣਾਂ ਦੀ ਜਾਂਚ ਜਾਰੀ-ਏ.ਐਸ.ਆਈ. ਧਰਮਪਾਲ
ਹਰਿੰਦਰ ਨਿੱਕਾ ਬਰਨਾਲਾ 10 ਮਈ 2020
ਰਾਮਬਾਗ ਰੋਡ ਦੇ ਪਿਛਲੇ ਪਾਸੇ ਸੁਭਾਸ਼ ਦੀ ਆਟਾ ਚੱਕੀ ਤੇ 2 ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਨੌਕਰੀ ਕਰ ਰਹੇ ਮਜਦੂਰ ਨੇ ਸ਼ੱਕੀ ਹਾਲਤਾਂ ਚ, ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ਼ ਧਰਮਪਾਲ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਚੌਂਕੀ ਇੰਚਾਰਜ਼ ਧਰਮਪਾਲ ਸਿੰਘ ਨੇ ਦੱਸਿਆ ਕਿ ਉਤਰਾਖੰਡ ਪ੍ਰਦੇਸ਼ ਦੇ ਹਰਿਦੁਆਰ ਖੇਤਰ ਦਾ ਰਹਿਣ ਵਾਲਾ ਸੁਭਾਸ਼ ਕੁਮਾਰ ਪੁੱਤਰ ਨਾਮਾਲੂਮ ਕਰੀਬ 20-25 ਵਰ੍ਹਿਆਂ ਤੋਂ ਸੁਭਾਸ਼ ਕੁਮਾਰ ਚੱਕੀ ਵਾਲੇ ਕੋਲ ਨੌਕਰੀ ਕਰ ਰਿਹਾ ਸੀ। ਚੱਕੀ ਮਾਲਿਕਾਂ ਅਨੁਸਾਰ ਪਿਛਲੇ ਕਈ ਦਿਨ ਤੋਂ ਉਹ ਸ਼ਰਾਬ ਪੀਣ ਕਰਕੇ ਚੱਕੀ ਤੇ ਕੰਮ ਨਹੀਂ ਕਰ ਰਿਹਾ ਸੀ। ਜਦੋਂ ਕਿ ਉਸ ਦੀ ਰਿਹਾਇਸ਼ ਚੱਕੀ ਦੇ ਉੱਪਰ ਬਣੇ ਚੁਬਾਰੇ ਚ, ਹੀ ਸੀ। ਐਤਵਾਰ ਸਵੇਰੇ ਜਦੋਂ ਉਹ ਚੁਬਾਰੇ ਤੋਂ ਬਾਹਰ ਨਹੀਂ ਆਇਆ ਤਾਂ ਜਾ ਕੇ ਵੇਖਿਆ, ਉਹ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਏ.ਐਸ.ਆਈ. ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੀ ਤਲਾਸ਼ ਕੀਤੀ ਜਾ ਰਹੀ ਹੇ ਅਤੇ ਲਾਸ਼ ਨੂੰ 72 ਘੰਟਿਆਂ ਲਈ ਮੌਰਚਰੀ ਚ, ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪੁਲਿਸ ਮੌਤ ਦੇ ਕਾਰਣਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਿਸ ਲਈ ਮੁਸੀਬਤ ਬਣਿਆ ਵਾਰਿਸਾਂ ਨੂੰ ਲੱਭਣਾ
ਭਾਂਵੇ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਕਿਰਾਏਦਾਰਾਂ ਤੇ ਵੱਖ ਵੱਖ ਥਾਂਵਾ ਤੇ ਨੌਕਰੀ ਕਰਨ ਵਾਲਿਆਂ ਦੀ ਵੈਰੀਫਿਕੇਸ਼ਨ ਕਰਨ ਕਰਵਾਉਣ ਲਈ ਸਮੇਂ ਸਮੇਂ ਤੇ ਹੁਕਮ ਕਰਦਾ ਰਹਿੰਦਾ ਹੈ। ਪਰੰਤੂ ਲੋਕ ਇਸ ਨੂੰ ਗੰਭੀਰਤਾਂ ਨਾਲ ਨਹੀਂ ਲੈਂਦੇ। ਇਸ ਦੀ ਤਾਜ਼ਾ ਉਦਾਹਰਣ ਸੁਭਾਸ਼ ਆਟਾ ਚੱਕੀ ਵਾਲਿਆਂ ਕੋਲ ਕਰੀਬ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ ਨੌਕਰ ਦਾ ਕੋਈ ਅਤਾ ਪਤਾ ਨਾ ਮਿਲਣ ਤੋਂ ਮਿਲਦੀ ਹੈ। ਆਟਾ ਚੱਕੀ ਦੇ ਸੰਚਾਲਕ ਅਨਿਲ ਕੁਮਾਰ ਨੇ ਕਿਹਾ ਕਿ ਉਨਾਂ ਦੇ ਨੌਕਰ ਦੇ ਪਤੇ ਠਿਕਾਣੇ ਅਤੇ ਵਾਰਿਸਾਂ ਦੀ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਉਸ ਦਾ ਕੋਈ ਵਾਰਿਸ ਕਦੇ ਉਸਨੂੰ ਮਿਲਣ ਆਇਆ ਸੀ । ਏ.ਐਸ.ਆਈ. ਧਰਮਪਾਲ ਸਿੰਘ ਨੇ ਕਿਹਾ ਕਿ ਪੁਲਿਸ ਆਪਣੇ ਤੌਰ ਤੇ ਹੁਣ ਮ੍ਰਿਤਕ ਦਾ ਵਾਰਿਸਾਂ ਬਾਰੇ ਜਾਂਚ ਕਰੇਗੀ। ਜੇਕਰ 72 ਘੰਟਿਆਂ ਤੱਕ ਕੋਈ ਵਾਰਿਸ ਨਹੀਂ ਮਿਲਿਆ ਤਾਂ ਪ੍ਰਸ਼ਾਸ਼ਨ ਅੰਤਿਮ ਸੰਸਕਾਰ ਦੀ ਅਗਲੀ ਕਾਰਵਾਈ ਸ਼ੁਰੂ ਕਰੇਗਾ।