ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਕੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਡੀ.ਏ. ਸਮੇਤ ਬਾਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਕਰੇ ਪੂਰਾ – ਭਾਂਬਕ, ਗਰੇਵਾਲ, ਰਕੇਸ਼
ਲੁਧਿਆਣਾ, 12 ਅਕਤੂਬਰ (ਦਵਿੰਦਰ ਡੀ ਕੇ)
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਪੰਜਾਬ ਭਰ ਵਿੱਚ ਮਿਤੀ 10.10.2022 ਤੋਂ 15.10.2022 ਤੱਕ ਦਿੱਤੇ ਗਏ ਕਲਮ ਛੋੜ / ਕੰਪਿਊਟਰ ਬੰਦ ਅਤੇ ਮੁਕੰਮਲ ਹੜਤਾਲ ਦੇ ਦਿੱਤੇ ਗਏ ਐਕਸ਼ਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਲਗਾਤਾਰ ਤੀਜੇ ਦਿਨ ਜ਼ਿਲ੍ਹਾ ਲੁਧਿਆਣਾ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫਤਰੀ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਸ਼੍ਰੀ ਲਖਵੀਰ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਵਿਖੇ ਮੁਕੰਮਲ ਤੌਰ ਤੇ ਕਲਮ ਛੋੜ / ਕੰਪਿਊਟਰ ਬੰਦ ਕਰਦੇ ਹੋਏ ਹੜਤਾਲ ਕੀਤੀ ਗਈ ਅਤੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ ।
ਇਸ ਦੌਰਾਨ ਸ਼੍ਰੀ ਸੁਨੀਲ ਕੁਮਾਰ ਵਿੱਤ ਸਕੱਤਰ PSMSU ਲੁਧਿਆਣਾ ਨੇ ਕਿਹਾ ਕਿ ਲਗਾਤਾਰ 4 ਜ਼ੋਨਲ ਰੈਲੀਆਂ ਕਰਨ ਤੋਂ ਬਾਅਦ ਸਰਕਾਰ ਨੂੰ 5 ਦਿਨ ਦੀ ਹੜਤਾਲ ਦੇ ਦਿੱਤੇ ਗਏ ਅਲਟੀਮੇਟਮ ਮੁਤਾਬਿਕ ਅੱਜ ਹੜਤਾਲ ਦਾ ਤੀਜਾ ਦਿਨ ਬੀਤ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਜੱਥੇਬੰਦੀ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਸਬੰਧੀ ਕੋਈ ਐਲਾਨ ਕੀਤਾ ਗਿਆ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੇ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ।
ਸ਼੍ਰੀ ਸੰਦੀਪ ਭਾਂਬਕ ਅਤੇ ਸ਼੍ਰੀ ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਚੱਲ ਰਹੀ ਹੜਤਾਲ ਦੌਰਾਨ ਆਮ ਜਨਤਾ ਨੂੰ ਆਪਣੇ ਕੰਮ ਕਰਵਾਉਣ ਵਿੱਚ ਜੋ ਮੁਸ਼ਕਿਲ ਪੇਸ਼ ਆ ਰਹੀ ਹੈ ਉਸ ਦੀ ਨਿਰੋਲ ਜਿੰਮੇਵਾਰੀ ਮਾਨ ਸਰਕਾਰ ਦੀ ਹੈ ਕਿਉਂਕਿ ਮੁਲਾਜ਼ਮ ਵਰਗ ਕੋਈ ਸ਼ੌਂਕੀਆ ਤੌਰ ਤੇ ਹੜਤਾਲ ਤੇ ਨਹੀਂ ਜਾਂਦਾ । ਜਦੋਂ ਸਰਕਾਰ ਮੇਜ ਤੇ ਬੈਠ ਕੇ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੁੰਦੀ ਤਾਂ ਮਜ਼ਬੂਰਨ ਮੁਲਾਜ਼ਮ ਵਰਗ ਨੂੰ ਹੜਤਾਲ ਤੇ ਜਾਣਾ ਪੈਂਦਾ ਹੈ ।
ਸ਼੍ਰੀ ਏ.ਪੀ. ਮੌਰੀਆ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਇੱਕ ਹੀ ਗੱਲ ਆਖੀ ਜਾਂਦੀ ਰਹੀ ਹੈ ਕਿ ਤੁਹਾਨੂੰ ਹੁਣ ਕਿਸੇ ਤਰ੍ਹਾਂ ਵੀ ਧਰਨਾ ਲਗਾਉਣ ਦੀ ਲੋੜ ਨਹੀਂ ਪਵੇਗੀ ਪਰ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਵੀ ਸਰਕਾਰ ਬਣਨ ਤੋਂ ਪਹਿਲੇ 6 ਮਹੀਨਿਆਂ ਵਿੱਚ ਸਮਾਜ ਦਾ ਹਰ ਇੱਕ ਵਰਗ ਸੜਕਾਂ ਤੇ ਰੋਸ ਮੁਜਾਹਰੇ ਕਰ ਰਿਹਾ ਹੈ।
ਇਸ ਦੌਰਾਨ ਭੀਮ ਚੰਦ, ਤਜਿੰਦਰ ਸਿੰਘ ਢਿੱਲੋਂ, ਰਾਕੇਸ਼ ਕੁਮਾਰ, ਗੁਰਦਾਸ ਸਿੰਘ, ਧਰਮ ਸਿੰਘ, ਆਕਾਸ਼ਦੀਪ ਸਿੰਘ, ਜਗਦੇਵ ਸਿੰਘ, ਧਰਮ ਪਾਲ ਪਾਲੀ, ਅਮਨਦੀਪ ਕੌਰ ਪਰਾਸ਼ਰ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਮਲਕੀਤ ਸਿੰਘ ਮਲਾੜਾ, ਹਰਮਿੰਦਰ ਸਿੰਘ, ਰਜਨੀ, ਅਮਰਜੀਤ ਸਿੰਘ, ਦਵਿੰਦਰ ਸਿੰਘ ਆਦਿ ਨੇ ਵੀ ਇਕੱਠ ਨੂੰ ਸੰਬੋਧਤ ਕੀਤਾ।