” ਮੁਸ਼ਕਿਲਾਂ ਨੂੰ ਪੈਰਾਂ ਹੇਠ ਦਰੜਦਿਆਂ ਵਿਸ਼ਵ ਇਤਹਾਸ ਦੇ ਸੁਨਿਹਰੀ ਪੰਨਿਆਂ ਤੇ ਉਕਰਿਆ ਨਾਮ ”ਕੋਨਸਤਾਨਿਤਿਨ ਰੋਕਸੋਵਸਕੀ ”
ਬੇਹਿੰਮਿਤੇ ਨੇ ਲੋਕੀ ਜਿਹੜੇ , ਸ਼ਿਕਵਾ ਕਰਨ ਮੁਕੱਦਰਾ ਦਾ , ਉਗੱਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ । ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦੇ ਇਹਨਾਂ ਸ਼ਬਦਾਂ ਨੂੰ ਸਾਕਾਰ ਕਰਕੇ ਦਿਖਾਇਆ ਹੈ, ਦੁਨੀਆਂ ਜਿੱਤਣ ਲਈ ਨਿੱਕਲੇ ਹਿਟਲਰ ਦਾ ਜੇਤੂ ਰੱਥ ਰੋਕਣ ਵਾਲੇ ਮਹਾਨ ਰੂਸੀ ਫੌਜੀ ਜਰਨੈਲ ਕੋਨਸਤਾਨਿਤਿਨ ਰੋਕਸੋਵਸਕੀ ਨੇ । ਕੋਨਸਤਾਨਿਤਿਨ ਰੋਕਸੋਵਸਕੀ ਉਹ ਇਨਸਾਨ ਸੀ, ਜਿਸ ਨੇ ਝੁਗੀਆਂ ਝੋਂਪੜੀਆਂ ਵਿੱਚ ਜਨਮ ਲੈ ਕੇ ਅਤੇ ਅਨਾਥ ਹਾਲਤਾਂ ਚ,ਪਲ ਕੇ ਤੇ ਗੁਰਬਤ ਭਰੀ ਜਿੰਦਗੀ ਜਿਉਂਦਿਆਂ ਅਨੇਕਾਂ ਮੁਸਕਿਲਾਂ ਨੂੰ ਪੈਰਾਂ ਹੇਠ ਦਰੜਦਿਆਂ ਦੁਨੀਆਂ ਦੇ ਇਤਹਾਸ ਦੇ ਸੁਨਿਹਰੀ ਪੰਨਿਆਂ ਤੇ ਆਪਣਾ ਨਾਮ ਉਕਰ ਦਿੱਤਾ । ਜਦੋਂ ਵੀ ਵਿਸ਼ਵ ਦੀ ਦੂਜੀ ਜੰਗ ਦੇ ਜੇਤੂ ਸੋਵੀਅਤ ਸੰਘ ਦੀ ਜਿੱਤ ਦਾ ਜਿਕਰ ਜਾਂ ਵਿਸ਼ਲੇਸ਼ਣ ਹੋਵੇਗਾ, ਤਾਂ ਮਹਾਨ ਫੌਜੀ ਜਰਨੈਲ ਕੋਨਸਤਾਨਿਤਿਨ ਰੋਕਸੋਵਸਕੀ ਦੀ ਜੰਗ ਚ, ਨਿਭਾਈ ਭੂਮਿਕਾ ਨੂੰ ਕੋਈ ਵੀ ਅੱਖੋਂ ਪਰੋਖੇ ਨਹੀ ਕਰ ਸਕੇਗਾ।
-ਪੈਦਾ ਹੁੰਦਿਆਂ ਹੀ ਸ਼ੁਰੂ ਹੋਈਆਂ ਰੋਕਸੋਵਸਕੀ ਦੀਆਂ ਮੁਸੀਬਤਾਂ
ਰੋਕਸੋਵਸਕੀ ਦਾ ਜਨਮ 21 ਦਿਸੰਬਰ 1896 ਚ, ਰੂਸ ਦੇ ਵੇਲੀਕਉਲੀਕੀ ਨਾਮ ਦੇ ਪਿੰਡ ਵਿਚ ਹੋਇਆ , ਜੋ ਪਸਕੋਵ ਸ਼ਹਿਰ ਦੇ ਨਜ਼ਦੀਕ ਹੈ । ਰੋਕੋਵਸਕੀ ਦਾ ਪਿਤਾ ਪੋਲੈਂਡ ਮੂਲ ਦਾ ਇਕ ਰੇਲਵੇ ਮਕੈਨਿਕ ਸੀ ਅਤੇ ਮਾਤਾਂ ਰੂਸੀ ਮੂਲ ਦੀ ਅਧਿਆਪਿਕਾ ਸੀ। ਰੋਕੋਵਸਕੀ ਦੇ ਜਨਮ ਤੋਂ ਬਾਅਦ ਮਾਤਾ ਪਿਤਾ ਪੋਲੈਂਡ ਦੀ ਰਾਜਧਾਨੀ ਵਾਰਸਾ ਚਲੇ ਗਏ। ਰੋਕੋਵਸਕੀ ਮਹਿਜ 5 ਵਰ੍ਹਿਆਂ ਦੀ ਉਮਰ ਦਾ ਸੀ ਕਿ ਉਸ ਦੇ ਪਿਤਾ ਦੀ ਇਕ ਰੇਲ ਦੁਰਘਟਨਾ ਦੌਰਾਨ ਮੌਤ ਹੋ ਗਈ। ਜਿਸ ਕਾਰਣ ਪਰਿਵਾਰ ਗੁਰਬਤ ਦੀ ਜਿੰਦਗੀ ਜਿਉਣ ਲਈ ਮਜਬੂਰ ਹੋ ਗਿਆ। ਆਰਥਿਕ ਤੰਗੀ ਦੇ ਚਲਦਿਆਂ ਰੋਕੋਵਸਕੀ ਨੂੰ ਚੋਥੀ ਜਮਾਤ ਪਾਸ ਕਰਦਿਆਂ ਹੀ ਪੜ੍ਹਾਈ ਛੱਡ ਕੇ ਕਾਰਖਾਨੇ ਵਿਚ ਮਜਦੂਰੀ ਕਰਨੀ ਪਈ। ਉਹ 15 ਵਰ੍ਹਿਆਂ ਦੀ ਉਮਰ ਦਾ ਸੀ ਕਿ ਉਸ ਦੀ ਮਾਂ ਵੀ ਇਸ ਦੁਨੀਆਂ ਤੋਂ ਚਲ ਵਸੀ। ਮਾਂ ਬਾਪ ਦੀ ਮੌਤ ਤੋਂ ਬਾਅਦ ਉਸ ਦੀ ਛੋਟੀ ਭੈਣ ਹੇਲੀਨਾ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਰੋਕੋਵਸਕੀ ਦੇ ਮੋਢਿਆਂ ਤੇ ਆ ਪਈ। ਉੱਧਰ 1914 ਵਿਚ ਪਹਿਲੀ ਵਿਸ਼ਵ ਜੰਗ ਵੀ ਸ਼ੁਰੂ ਹੋ ਗਈ। ਉਹ ਵਾਰਸਾ ਛੱਡ ਕਿ ਰੂਸ ਆ ਗਿਆ ਅਤੇ ਫੌਜ ਵਿਚ ਸਿਪਾਹੀ ਵਜੋਂ ਭਾਰਤੀ ਹੋ ਗਿਆ । ਉਸ ਸਮੇ ਉਸ ਦੀ ਉਮਰ 18 ਸਾਲ ਸੀ। ਪਰੰਤੁ ਜੰਗ ਦੇ ਸਮੇਂ ਸਿਪਾਹੀਆਂ ਦੀ ਕਮੀ ਕਾਰਣ ਫਿਰ ਵੀ ਰੈਜੀਮੈਂਟ ਚ, ਉਸ ਦਾ ਨਿੱਘਾ ਸਵਾਗਤ ਹੋਇਆ । ਜਲਦੀ ਹੀ ਫੌਜ ਵਿਚ ਦਿਖਾਏ ਆਪਣੇ ਜੌਹਰ ਅਤੇ ਅਗਵਾਈ ਕਰਨ ਦੀ ਕੁਸ਼ਲਤਾ ਕਾਰਣ ਉਸਨੂੰ ਜੂਨੀਅਰ ਲੇਫ਼ਟੀਨੇੰਟ ਬਣਾ ਦਿੱਤਾ ਗਿਆ।
-ਰੋਕਸੋਵਸਕੀ ਨੇ ਰੂਸੀ ਇਨਕਲਾਬ ਚ, ਵੀ ਪਾਇਆ ਅਹਿਮ ਯੋਗਦਾਨ
1917 ਵਿਚ ਪਹਿਲੀ ਵਿਸ਼ਵ ਜੰਗ ਖ਼ਤਮ ਹੁੰਦਿਆਂ ਹੀ ਰੂਸ ਵਿਚ ਜ਼ਾਰ ਦਾ ਤਖਤਾ ਪਲਟ ਦਿਤਾ ਗਿਆ । ਰੋਕਸੋਵਸਕੀ ਬਾਲਸ਼ਵਿਕ ਪਾਰਟੀ ਦਾ ਮੈਂਬਰ ਬਣਿਆ ਤੇ ਉਸਨੂੰ ਉਸਦੀ ਕਾਬਲੀਅਤ ਸਦਕਾ ਛੇਤੀ ਹੀ ਬਟਾਲੀਅਨ ਕਮਾਂਡਰ ਬਣਾ ਦਿੱਤਾ ਗਿਆ । ਇਸੇ ਦੌਰਾਨ ਇਨਕਲਾਬ ਦੇ ਸ਼ੁਰੂਆਤੀ ਦਿਨਾਂ ਚ ਹੀ ਉਲਟ ਇਨਕਲਾਬੀਆਂ ਦੀਆਂ ਗਤੀਵਿਧੀਆਂ ਵੀ ਜ਼ੋਰਾਂ ਤੇ ਸੀ। ਇਹਨਾਂ ਉਲਟ ਇਨਕਲਾਬੀਆਂ ਨੂੰ ਪੋਲੈਂਡ ਦੇ ਸਫੇਦ ਗਾਰਦਾਾਂ ਦੀ ਸਹਾਇਤਾ ਪ੍ਰਾਪਤ ਸੀ, ਜੋ ਬਾਲਸ਼ਵਿਕ ਪਾਰਟੀ ਲਈ ਵੱਡੀ ਸਿਰਦਰਦੀ ਬਣ ਚੁਕਿਆ ਸੀ। ਇਹਨਾਂ ਬਗਾਵਤਾਂ ਨੂੰ ਦਬਾਉਣ ਦਾ ਕੰਮ ਵੀ ਬਟਾਲੀਅਨ ਕਮਾਂਡਰ ਰੋਕਸੋਵਸਕੀ ਦੇ ਹਿੱਸੇ ਆਇਆ । ਇਸ ਸ਼ਾਲਾਂਗਾਯੋਗ ਕੰਮ ਲਈ ਰੋਕਸੋਵਸਕੀ ਨੂੰ ਆਰਡਰ ਆਫ ਰੈਡ ਬੈਨਰ ਦੇ ਖਿਤਾਬ ਨਾਲ ਨਿਵਾਜਿਆ ਗਿਆ । ਜੋ ਕਿ ਉਸ ਸਮੇ ਦੀ ਸੋਵੀਅਤ ਲਾਲ ਫੌਜ ਵਿਚ ਸਰਵਉੱਚ ਖਿਤਾਬ ਸੀ।
-27 ਵਰ੍ਹਿਆਂ ਦੀ ਉਮਰ ਚ, ਹੋਇਆ ਰੋਕਸੋਵਸਕੀ ਦਾ ਵਿਆਹ
1923 ਵਿਚ ਰੋਕਸੋਵਸਕੀ ਦਾ ਵਿਆਹ ਜੂਲੀਆ ਵਰਮੀਨਾਹ ਨਾਲ ਹੋਇਆ ਅਤੇ 1925 ਵਿਚ ਉਸ ਦੀ ਇਕਲੌਤੀ ਧੀ ਨਦੇਜਦਾ ਦਾ ਜਨਮ ਹੋਇਆ । ਰੋਕਸੋਵਸਕੀ ਨੂੰ ਕੰਮਾਂਡਿੰਗ ਸਕੂਲ ਵਿਚ 2 ਸਾਲ ਦੀ ਵਿਸ਼ੇਸ਼ ਪੜ੍ਹਾਈ ਤੋਂ ਬਾਅਦ ਮੰਗੋਲ ਫੌਜ ਵਿੱਚ ਸਿਖਲਾਈ ਅਫ਼ਸਰ ਵਜੋਂ ਲਗਾਇਆ ਗਿਆ। ਜਿੱਥੇ ਉਸ ਨੇ ਲੰਬਾ ਸਮਾਂ ਪੂਰਬ ਚੀਨੀ ਰੇਲਵੇ ਦੀ ਰੱਖਿਆ ਦਾ ਜਿੰਮਾ ਉਠਾਇਆ । ਜਦੋ ਤੱਕ ਇਸ ਰੇਲਵੇ ਨੂੰ 1935 ਵਿੱਚ ਜਪਾਨ ਨੂੰ ਵੇਚ ਨਹੀਂ ਦਿੱਤਾ ਗਿਆ।
ਦੁਬਾਰਾ ਫਿਰ ਸ਼ੁਰੂ ਹੋਇਆ ਬੁਰਾ ਦੌਰ
ਅਗਸਤ 1937 ਵਿੱਚ ਤਰੱਕੀ ਦੇ ਘੋੜੇ ਤੇ ਸਵਾਰ ਰੋਕਸੋਵਸਕੀ ਨੂੰ ਅਜਿਹੀ ਠੋਕਰ ਲੱਗੀ ਕਿ 3 ਸਾਲ ਦੀ ਜੇਲ ਯਾਤਰਾ ਕਰਨੀ ਪਈ। ਰੋਕਸੋਵਸਕੀ ਉੱਪਰ ਦੋਸ਼ ਲੱਗੇ ਕਿ ਉਸ ਦੇ ਜਪਾਨ ਅਤੇ ਪੋਲੈਂਡ ਦੇ ਖੁਫੀਆ ਵਿਭਾਗ ਨਾਲ ਸਬੰਧ ਹਨ। ਅਜਿਹੇ ਗੰਭੀਰ ਇਲਜ਼ਾਮ ਦੇ ਚਲਦਿਆਂ ਨੌਕਰੀ ਤੋਂ ਬਰਖਾਸਤ ਕਰਕੇ ਉਸਨੂੰ ਜੇਲ ਭੇਜ ਦਿੱਤਾ ਗਿਆ । ਬਾਅਦ ਵਿੱਚ ਜਾਂਚ ਪੜਤਾਲ ਦੌਰਾਨ ਨਿਰਦੋਸ਼ ਪਾਏ ਜਾਣ ਤੇ 3 ਸਾਲ ਬਾਅਦ ਰਿਹਾ ਵੀ ਕਰ ਦਿੱਤਾ ਗਿਆ। ਕਾਮਰੇਡ ਸਟਾਲਿਨ ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਦੁਬਾਰਾ ਫਿਰ ਬਾਲਸ਼ਵਿਕ ਪਾਰਟੀ ਦਾ ਹਿੱਸਾ ਬਣ ਗਿਆ ਅਤੇ ਕੁਝ ਹੀ ਸਮੇਂ ਬਾਅਦ ਫੌਜ ਵਿੱਚ ਮੇਜਰ ਜਨਰਲ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ।
-ਦੂਜੀ ਵਿਸ਼ਵ ਜੰਗ ਦੀ ਹੋਈ ਸ਼ੁਰੂਆਤ
ਯੂਰੋਪ ਦੀ ਵਿਗੜੀ ਹੋਈ ਅਰਥ ਵਿਵਸਥਾ ਨੇ ਦੂਜੀ ਵਿਸ਼ਵ ਜੰਗ ਨੂੰ ਜਨਮ ਦੇ ਦਿੱਤਾ। ਹਿਟਲਰ ਦੀਆ ਨਾਜ਼ੀ ਫੌਜਾਂ ਨੇ 22 ਜੂਨ 1942 ਨੂੰ ਸੋਵੀਅਤ ਯੂਨੀਅਨ ਉੱਪਰ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਦਿਤਾ। ਅਚਨਚੇਤ ਹੋਏ ਇਸ ਭਾਰੀ ਹਮਲੇ ਅੱਗੇ ਸੋਵੀਅਤ ਫੌਜਾਂ ਬੁਰੀ ਤਰ੍ਹਾਂ ਪਛੜ ਗਈਆਂ। ਇਸ ਮੁਸ਼ਕਿਲ ਸਮੇਂ ਦੌਰਾਨ ਰੋਕਸੋਵਸਕੀ ਨੇ ਨੌਵੀਂ ਬਟਾਲੀਅਨ ਦੇ ਕਮਾਂਡਰ ਵਜੋ ਅਹੁਦਾ ਸੰਭਾਲਿਆ ।ਜੰਗੀ ਸਾਜ਼ੋ ਸਮਾਂਨ ਅਤੇ ਗੋਲਾ ਬਾਰੂਦ ਦੀ ਘਾਟ ਦੇ ਬਾਵਜੂਦ ਵੀ ਰੋਕੋਸਵਸਕੀ ਦੀ ਅਗਵਾਈ ਵਾਲੀ ਫੌਜੀ ਟੁਕੜੀ ਨੇ ਨਾਜ਼ੀ ਫੌਜਾਾਂ ਦੇ ਹੜ੍ਹ ਨੂੰ ਬੰਨ੍ਹ ਮਾਰ ਦਿੱਤਾ । ਇਸ ਪ੍ਰਾਪਤੀ ਦੇ ਚਲਦਿਆਂ ਰੋਕਸੋਵਸਕੀ ਨੂੰ 16ਵੀ ਬਟਾਲੀਅਨ ਦਾ ਕਮਾਂਡਰ ਬਣਾ ਕੇ ਮਾਸਕੋ ਦੀ ਸੁਰੱਖਿਆ ਲਈ ਵੋਲੋਕੋਲਾ ਮਾਸਕੋ ਵਿਖੇ ਭੇਜ ਦਿੱਤਾ ਗਿਆ , ਕਿਉਂਕਿ ਨਾਜ਼ੀ ਫੌਜਾਂ ਸੋਵੀਅਤ ਸੰਘ ਦੀ ਰਾਜਧਾਨੀ ਮਾਸਕੋ ਉਪਰ ਕਬਜ਼ਾ ਕਰਨ ਲਈ ਲਗਾਤਾਰ ਅੱਗੇ ਵਧ ਰਹੀਆਂ ਸਨ। ਸਿਪਾਹੀਆ ਦੀ ਲਗਾਤਾਰ ਘਟ ਰਹੀ ਗਿਣਤੀ ਤੇ ਜੰਗੀ ਸਾਜੋ ਸਮਾਨ ਦੀ ਘਾਟ ਦੇ ਚਲਦਿਆਂ, ਨਾਜ਼ੀ ਫੌਜ ਦੀ ਭਾਰੀ ਗਿਣਤੀ ਦਾ ਸਾਹਮਣਾ ਕਰ ਕੇ ਮਾਸਕੋ ਦੀ ਸੁਰੱਖਿਆ ਦਾ ਇਹ ਕੰਮ ਲੋਹੇ ਦੇ ਚਨੇ ਚਬਾਉਣ ਦੇ ਬਰਾਬਰ ਸੀ । ਪ੍ਰੰਤੂ ਫਿਰ ਵੀ ਰੋਕਸੋਵਸਕੀ ਆਪਣੀ ਅਵਗਾਈ ਕਰਨ ਦੀ ਕਾਰਜ ਕੁਸ਼ਲਤਾ ਦਾ ਮੁਜ਼ਾਹਰਾ ਕਰਦਿਆਂ ਮਾਸਕੋ ਦਾ ਸੁਰੱਖਿਆ ਘੇਰਾ ਉਲੀਕਣ ਵਿਚ ਸਫ਼ਲ ਰਿਹਾ ।ਹਰ ਸੰਭਵ ਯਤਨ ਕਰਨ ਤੋਂ ਬਾਅਦ ਜਰਮਨ ਫ਼ੌਜ ਇਸ ਘੇਰੇ ਨੂੰ ਤੋੜਨ ਚ ਬੁਰੀ ਤਰਾਂ ਨਕਾਮ ਰਹੀ ।ਇਸ ਪ੍ਰਾਪਤੀ ਲਈ ਰੋਕਸੋਵਸਕੀ ਨੂੰ ਆਰਡਰ ਆਫ ਲੈਨਿਨ ਨਾਲ ਸਨਮਾਨਿਤ ਕੀਤਾ ਗਿਆ । ਮਾਰਚ 1942 ਦੇ ਇਕ ਦਿਨ ਰੋਕੋਵਸਕੀ ਜਰਮਨ ਸਨਾਇਪਰ ਦੀ ਗੋਲੀ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਉਂਦੇ ਰਹਿਣ ਦੀਆ ਸੰਭਾਵਨਾਵਾਂ ਬਹੁਤ ਘੱਟ ਸਨ, ਪਰੰਤੂ ਫਿਰ ਵੀ ਮਾਸਕੋ ਦੇ ਫੌਜੀ ਹਸਪਤਾਲ ਦੇ 2 ਮਹੀਨਿਆਂ ਦੇ ਇਲਾਜ ਤੋਂ ਬਾਅਦ ਉਹ ਮੌਤ ਨੂੰ ਮਾਤ ਦੇਣ ਚ ਸਫ਼ਲ ਰਿਹਾ ।
-ਸਟਾਲਿਨ ਗ੍ਰਾਦ ਦਾ ਯੁੱਧ
ਸਤੰਬਰ 1942 ਵਿਚ ਦੁਬਾਰਾ ਫਿਰ 16 ਵੀ ਬਟਾਲੀਅਨ ਦਾ ਕਮਾਂਡਰ ਬਣ ਕੇ ਸਟਾਲਿਨ ਗ੍ਰਾਦ ਦੇ ਮੋਰਚੇ ਉੱਤੇ ਆ ਡਟਿਆ। ਇਸ ਫ਼ਰੰਟ ਨੂੰ ਡੌਨ ਫ਼ਰੰਟ ਦਾ ਨਾਂ ਦਿੱਤਾ ਗਿਆ ਸੀ। ਜਿਸ ਨੂੰ ਰੋਕਸੋਵਸਕੀ ਨੇ ਬਹੁਤ ਸਾਵਧਾਨੀ ਨਾਲ ਯੂਰੇਨਿਯਮ ਪਲਾਨ ਵਿਚ ਬਦਲ ਦਿੱਤਾ । ਜਿਸ ਦਾ ਅਰਥ ਸੀ ਕਿ 6 ਵੀ ਜਰਮਨ ਫੌਜ ਨੂੰ ਬੰਦੀ ਬਣਾਉਣਾ । ਇਸ ਯੁੱਧ ਨੀਤੀ ਦੇ ਸਦਕਾ ਰੋਕਸੋਵਸਕੀ ਜਰਮਨ ਫੀਲਡ ਮਾਰਸ਼ਲ ਫਰੈਡਰਿਕ ਪਾਓਲਸ ਅਤੇ ਉਸ ਦੀ ਪੂਰੀ ਬਟਾਲੀਅਨ ਨੂੰ ਬੰਦੀ ਬਣਾਉਣ ਚ ਸਫਲ ਰਿਹਾ । 31 ਜਨਵਰੀ 1943 ਨੂੰ ਫਰੈਡਰਿਕ ਪਾਓਲਸ ਅਤੇ ਉਸਦੇ 22 ਜਰਨੈਲਾਂ ਸਮੇਤ 91 ਹਜ਼ਾਰ ਸਿਪਾਹੀਆਂ ਦੀ ਗਿਰਫਤਾਰੀ ਨੇ ਜੰਗ ਦਾ ਪਾਸਾ ਹੀ ਪਲਟ ਦਿੱਤਾ ਅਤੇ ਨਾਜ਼ੀ ਫੌਜਾਂ ਅੰਦਰ ਬੌਖਲਾਹਟ ਪੈਦਾ ਹੋ ਗਈ । ਇਸ ਕਾਰਵਾਈ ਦੇ ਚਲਦਿਆਂ ਰੋਕਸੋਵਸਕੀ ਨੂੰ ਆਰਡਰ ਆਫ ਸੁਵੋਰੋਵ ਦਿੱਤਾ ਗਿਆ (ਕਿਉਂਕਿ ਵਾਨ ਪਾਓਲਸ ਦੀ ਅਗਵਾਈ ਵਾਲੀ ਇਸ 6ਵੀ ਜਰਮਨ ਆਰਮੀ ਨੂੰ ਅਜੇਤੂ ਦਰਜਾ ਪ੍ਰਾਪਤ ਸੀ। ਇਹ ਉਚ ਕੋਟੀ ਦੇ ਸੈਨਿਕਾਂ ਅਤੇ ਕੰਮਾਂਡਿੰਗ ਅਫਸਰਾਂ ਦੀ ਟੁਕੜੀ ਸੀ । ਜਿਸ ਨੇ ਬੈਲਜੀਅਮ ਅਤੇ ਖਾਰਕੋਵ ਦੀਆ ਲੜਾਈਆਂ ਦੌਰਾਨ ਆਪਣਾ ਲੋਹਾ ਮਨਵਾਇਆ ਸੀ)। ਰੋਕਸੋਵਸਕੀ ਦੀ ਫੈਸਲਾਕੁਨ ਯੁੱਧ ਨੀਤੀ ਦੇ ਸਦਕਾ ਸੋਵੀਅਤ ਲਾਲ ਫੌਜ ਨੇ ਜਰਮਨ ਫੌਜ਼ ਨੂੰ ਪਛਾੜ੍ਹ ਦਿੱਤਾ ਅਤੇ ਸਟਾਲਿਨਗ੍ਰਾਦ ਸ਼ਹਿਰ ਓੁਪਰ ਮੁੜ ਸੋਵੀਅਤ ਫੌਜ਼ ਦਾ ਕਬਜ਼ਾ ਹੋ ਗਿਆ। ਰੋਕਸੋਵਸਕੀ ਦੀ ਇਹ ਰਣਨੀਤੀ ਨੇ ਦੂਜੀ ਸੰਸਾਰ ਜੰਗ ਦੇ ਨਤੀਜ਼ੇ ਬਦਲ ਦਿੱਤੇ ਅਤੇ ਹਿਟਲਰ ਦੇ ਵਿਸ਼ਵ ਜਿੱਤਣ ਦੇ ਖਾਬ੍ਹ ਨੂੰ ਚਕਨਾਚੂਰ ਕਰ ਦਿੱਤਾ।
-ਕੁਰਸਕ ਦੀ ਜੰਗ
ਫਰਵਰੀ 1943 ਰੋਕਸੋਵਸਕੀ ਆਪਣੀ ਡਾਇਰੀ ਚ ਲਿਖਦਾ ਹੈ ਕਿ ਜਦੋਂ ਮੈਂ ਕੇਂਦਰੀ ਫ਼ਰੰਟ ਉਤੇ ਤਾਇਨਾਤ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਕਾਮਰੇਡ ਸਟਾਲਿਨ ਮੇਰੇ ਤੇ ਭਰੋਸਾ ਕਰਦਾ ਹੈ, ਕਿ ਮੈਂ ਇਸ ਕੁਰਸਕ ਦੀ ਜੰਗ ਚ ਫੈਸਲਾਕੁਨ ਰੋਲ ਅਦਾ ਕਰਾਂਗਾ। 1943 ਦੀਆ ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਇਕ ਵਾਰ ਫਿਰ ਹਿਟਲਰ ਨੇ ਇਕ ਵੱਡੀ ਫੌਜ ਜਥੇਬੰਦ ਕਰ ਕੇ ਕੁਰਸਕ ਦੇ ਮੁਹਾਜ਼ ਤੇ ਭੇਜੀ। ਇਹ ਕੁਰਸਕ ਦਾ ਯੁੱਧ ਹੀ ਦੂਜੀ ਵਿਸ਼ਵ ਜੰਗ ਦਾ ਫ਼ੈਸਲਾਕੁਨ ਮੋੜ ਬਣਿਆ। ਕਿਉਂਕਿ ਹਿਟਲਰ ਨੇ ਆਪਣੀ ਸਾਰੀ ਸ਼ਕਤੀ ਨਾਲ ਸੋਵੀਅਤ ਸੰਘ ਤੇ ਮੁੜ ਹਮਲਾ ਕਰਨ ਦੀ ਰਣਨੀਤੀ ਅਪਣਾਈ ਸੀ। ਹਿਟਲਰ ਇਸ ਭੁਲੇਖੇ ਦਾ ਸ਼ਿਕਾਰ ਸੀ ਕਿ ਸ਼ਾਇਦ ਏਨੀ ਵੱਡੀ ਫੌਜ ਦਾ ਸਾਹਮਣਾ ਕਰਨਾ ਅਸੰਭਵ ਹੋਵੇਗਾ, ਉਸ ਨੂੰ ਲੱਗਦਾ ਸੀ ਕਿ ਜਰਮਨ ਫੌਜਾਂ ਕੁਰਸਕ ਦੇ ਮੁਹਾਜ਼ ਤੋਂ ਵੱਡਾ ਹਮਲਾ ਕਰ ਕੇ ਰੂਸ ਦੇ ਧੁਰ ਅੰਦਰ ਤੱਕ ਪਹੁੰਚ ਜਾਣਗੀਆਂ। ਏਨੀ ਵੱਡੀ ਫੌਜ ਨੂੰ ਰੋਕਣਾ ਬਹੁਤ ਮੁਸ਼ਕਿਲ ਕੰਮ ਹੋਵੇਗਾ।
ਇਕ ਵਾਰ ਫਿਰ ਰੋਕਸੋਵਸਕੀ ਨੂੰ ਜਰਮਨ ਫੌਜਾਂ ਦੇ ਵਹਾਅ ਨੂੰ ਰੋਕਣ ਦਾ ਕੰਮ ਸੌਂਪਿਆ ਗਿਆ। ਰੋਕਸੋਵਸਕੀ ਨੇ ਜਰਮਨ ਫੌਜ ਦੀ ਸ਼ਕਤੀ ਦੇ ਕੇਂਦਰ ਨੂੰ ਧਿਆਨ ਵਿਚ ਰੱਖਦਿਆਂ, ਸੁਰੱਖਿਆ ਘੇਰਾ ਉਲੀਕ ਦਿੱਤਾ। ਰਣਨੀਤੀ ਅਨੁਸਾਰ ਜਰਮਨ ਫੌਜ ਨੂੰ ਛੋਟੀਆਂ ਟੁਕੜੀਆਂ ਵਿਚ ਵੰਡਣਾ ਸੀ। ਇਹ ਰਣਨੀਤੀ ਸਫਲ ਵੀ ਰਹੀ, ਜਰਮਨ ਫੌਜ ਦੀ ਕਤਾਰ ਵਿੱਚ ਪਾੜ ਪੈ ਗਿਆ। ਸੋਵੀਅਤ ਫੌਜ ਇਸ ਪਾੜ ਵਿਚੋਂ ਲੰਘ ਕੇ ਜਰਮਨ ਫੌਜਾਂ ਨੂੰ ਖਿੰਡਾਉਣ ਵਿਚ ਸਫ਼ਲ ਰਹੀ। ਜਿਸ ਨਾਲ ਜਰਮਨ ਫੌਜਾਂ ਦੇ ਆਤਮ ਬਲ ਨੂੰ ਕਰਾਰੀ ਸੱਟ ਲੱਗੀ, ਹਿਟਲਰ ਦੀ ਯਕੀਨੀ ਜਿੱਤ ਹਾਰ ਵਿੱਚ ਬਦਲ ਗਈ। ਇਸ ਲੜਾਈ ਵਿਚ ਜਰਮਨ ਫੌਜਾਂ ਦਾ ਭਾਰੀ ਨੁਕਸਾਨ ਹੋਇਆ, ਜਿਸ ਕਾਰਣ ਨਾਜ਼ੀ ਫੌਜਾਂ ਦੀ ਸ਼ਕਤੀ ਬਹੁਤ ਘੱਟ ਗਈ ਅਤੇ ਹਿਟਲਰ ਨੂੰ ਹਥਿਆਰ ਸੁੱਟਣ ਲਈ ਮਜਬੂਰ ਹੋਣਾ ਪਿਆ। ਇਸ ਦੇ ਚਲਦਿਆਂ ਰੋਕਸੋਵਸਕੀ ਨੂੰ ਕੋਲੋਨਲ ਜਨਰਲ ਬਣਾ ਦਿੱਤਾ ਗਿਆ । ਸੋਵੀਅਤ ਫੌਜਾਂ ਬਚਾਅ ਲਈ ਲੜਨ ਦੀ ਵਜਾਏ ਹਮਲਾ ਕਰਨ ਦੀ ਸਥਿਤੀ ਵਿਚ ਆ ਗਈਆਂ। ਬੇਲਾਰੂਸ ਦੀ ਆਜ਼ਾਦੀ ਲਈ ਜਰਮਨ ਫੌਜਾਂ ਤੇ ਹਮਲਾ ਕਰਨ ਲਈ ਇਕ ਵੱਡੀ ਫੌਜੀ ਟੁਕੜੀ ਨੂੰ ਰੋਕਸੋਵਸਕੀ ਦੀ ਅਗਵਾਈ ਵਿਚ ਭੇਜਿਆ ਗਿਆ । ਇਸ ਹਮਲੇ ਨੂੰ ਅਪਰੇਸ਼ਨ ਵਾਗਰੇਸ਼ਨ ਦਾ ਨਾਂ ਦਿੱਤਾ ਗਿਆ। ਬੇਲਾਰੂਸ ਦੀ ਆਜ਼ਾਦੀ ਮੁਹਿੰਮ ਤੋਂ ਬਾਅਦ First Belaruss front ਦਾ ਗਠਨ ਹੋਇਆ। ਇਸ ਫ਼ਰੰਟ ਦਾ ਮੁਖੀ ਰੋਕਸੋਵਸਕੀ ਸੀ। ਜਰਮਨ ਫੌਜਾਂ ਤੋਂ ਪੋਲੈਂਡ ਦੀ ਆਜ਼ਾਦੀ ਮੁਹਿੰਮ ਵਿੱਚ ਇਸ ਫ਼ਰੰਟ ਨੇ ਅਹਿਮ ਭੂਮਿਕਾ ਨਿਭਾਈ।