ਡੀਜਲ -ਪੈਟ੍ਰੌਲ ਦੀਆਂ ਵਧੀਆਂ ਕੀਮਤਾਂ ਖਿਲਾਫ ਲੋਕਾਂ ਚ, ਫੈਲਿਆ ਰੋਹ
ਹਰਿੰਦਰ ਨਿੱਕਾ ਬਰਨਾਲਾ 10 ਮਈ 2020
ਇਨਕਲਾਬੀ ਕੇਂਦਰ,ਪੰਜਾਬ ਨੇ ਡੀਜਲ ਅਤੇ ਪੈਟ੍ਰੌਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ , ਯੂ.ਪੀ ਅਤੇ ਮੱਧ ਪ੍ਰਦੇਸ਼ ਦੀ ਹਕੂਮਤ ਵੱਲੋਂ ਤਿੰਨ ਸਾਲ ਲਈ ਕਿਰਤ ਕਾਨੂੰਨਾਂ ਦਾ ਭੋਗ ਪਾਉਣ ਖਿਲਾਫ ,ਵਿਸਾਖਾਪਟਨਮ ਅਤੇ ਔਰੰਗਾਬਾਦ ਵਿਖੇ ਮਜਦੂਰਾਂ ਦੇ ਹੋਏ ਕਤਲਾਂ ਖਿਲਾਫ , ਕਰੋਨਾ ਸੰਕਟ ਦੇ ਦੌਰਾਨ ਮੂਹਰਲੀਆਂ ਕਤਾਰਾਂ‘ਚ ਰਹਿਕੇ ਮੋਰਚੇ ਉੱਪਰ ਡਟੇ ਹੋਏ ਸਿਹਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਲਈ ਲੋੜੀਦੀਆਂ ਸਹੂਲਤਾਂ ਸਮੇਤ ਪੱਕੇ ਰੁਜਗਾਰ ਦੀ ਮੰਗ ਲਈ 14 ਮਈ ਨੂੰ ਸਮੁੱਚੇ ਪੰਜਾਬ ਵਿੱਚ ਘਰਾਂ ਚੋਂ ਬਾਹਰ ਨਿੱਕਲ ਕੇ ਧਰਨੇ / ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਪਾਸੇ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ ।
ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲ ਕੇ ਆਮ ਲੋਕਾਂ ਦੀਆਂ ਜੇਬਾਂ ਤੇ ਹੋਰ ਬੋਝ ਪਾਉਣ ਤੇ ਤੁਲੇ ਹੋਏ ਹਨ। ਲੋਕਾਂ ਦੀ ਲੋੜ ਅਤੇ ਮੰਗ ਤਾਂ ਇਹ ਸੀ ਕਿ ਕਰੋਨਾ ਸੰਕਟ ਦੀ ਮਾਰ ਝੱਲ ਰਹੇ ਮੁਲਕ ਦੇ 137 ਕਰੋੜ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘੱਟ ਹੋਈਆਂ ਤੇਲ ਦੀਆਂ ਕੀਮਤਾਂ ਦਾ ਫਾਇਦਾ ਡੀਜਲ, ਪਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਕਰਕੇ ਆਮ ਲੋਕਾਈ ਨੂੰ ਦਿੱਤਾ ਜਾਵੇ। ਪਰੰਤੂ ਕੇਂਦਰ ਸਰਕਾਰ ਨੇ ਪੈਟ੍ਰੌਲ ਉੱਪਰ 10 ਰੁਪਏ ਫੀ ਲੀਟਰ ਅਤੇ ਡੀਜਲ ਉੱਪਰ 13 ਰੁ. ਫੀ ਲੀਟਰ ਐਕਸਾਈਜ ਡਿਊਟੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਵੀ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਪਰ ਵੈਟ , ਡੀਜਲ ਤੇ 15.15 % ਅਤੇ ਪਟਰੋਲ ਤੇ 23.3 % ਕਰ ਦਿੱਤਾ ਹੈ। ਜਿਸ ਦਾ ਸਿੱਟਾ ਪਟਰੋਲ ਅਤੇ ਡੀਜਲ ਦੀਆਂ ਕੀਮਤਾਂ ਪ੍ਰਤੀ ਲੀਟਰ 2-2 ਰੁਪਏ ਮਹਿੰਗੀਆਂ ਕਰ ਦਿੱਤੀਆਂ ਹਨ। ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ‘ ਚ ਵਾਧਾ ਕਰਕੇ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਦੂਜੇ ਪਾਸੇ ਭੁੱਖ ਦੇ ਸਤਾਏ ਕਰੋੜਾਂ ਮਜਦੂਰ ਆਪਣੇ ਘਰਾਂ ਨੂੰ ਹਜਾਰਾਂ ਕਿਲੋਮੀਟਰ ਦਾ ਸਫਰ ਪੈਦਲ ਤੁਰਕੇ ਹੀ ਜਾਣ ਲਈ ਮਜਬੂਰ ਹਨ। ਔਰੰਗਾਬਾਦ ਚ, ਥੱਕੇ ਟੁੱਟੇ ਰੇਲ ਪਟੜੀ ਉੱਪਰ ਸੁੱਤੇ ਪਏ 16 ਮਜਦੂਰ ਮਾਲ ਗੱਡੀ ਥੱਲੇ ਆਕੇ ਮੌਤ ਦੇ ਮੂੰਹ ਜਾ ਪਏ । ਵਿਸਾਖਾਪਟਨਮ ਵਿਖੇ ਜਹਿਰੀਲੀ ਰਸਾਇਣਕ ਗੈਸ ਨੇ 11 ਵਿਅਕਤੀਆਂ ਦੀ ਜਾਨ ਲੈ ਲਈ ਹੈ। ਲਾਕਡਾਊਨ ਦਾ ਲਾਹਾ ਲੈਂਦਿਆਂ ਲੋਕਾਂ ਦੀ ਅਵਾਜ ਉਠਾਉਣ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਦੇਸ਼ ਧ੍ਰੋਹ ਦੇ ਕਾਨੂੰਨ ਤਹਿਤ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਚੁੱਪ ਬੇਹੱਦ ਖਤਰਨਾਕ ਸਾਬਤ ਹੋਵੇਗੀ। ਇਸ ਲਈ ਆਗੂੂਆਂ ਨੇ ਆਪਣੇ ਸਾਥੀਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ, ਜਸਵੰਤ ਜੀਰਖ ਅਤੇ ਤਾਰਾ ਚੰਦ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਕੇ 14 ਮਈ ਨੂੰ ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਸਭਨਾਂ ਇਨਸਾਫਪਸੰਦ, ਜਨਤਕ ਜਮਹੂਰੀ ਜਥੇਬੰਦੀਆਂ/ਲੋਕਾਂ ਨੂੰ ਇਨ੍ਹਾਂ ਰੋਸ ਮੁਜਾਹਰਿਆਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਨਕਲਾਬੀ ਨੇਤਾਵਾਂ ਨੇ ਕਿਹਾ ਕਿ ਘਰਾਂ ਅੰਦਰ ਤੜੇ ਲੋਕਾਂ ਦਾ ਰੋਹ ਹੁਣ ਹੋਰ ਜਿਆਦਾ ਰੁਕਣ ਵਾਲਾ ਨਹੀਂ ਰਿਹਾ ਹੈ। ਹੁਣ ਲੌਕਡਾਉਨ ਦੇ ਦੌਰਾਨ ਵੱਡੀ ਗਿਣਤੀ ਚ, ਲੋਕ ਘਰਾਂ ਤੋਂ ਬਾਹਰ ਨਿੱਕਲ ਕੇ ਸੋਸ਼ਲ ਦੂਰੀ ਅਤੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਪਹਿਲੀ ਵਾਰ ਸੜਕਾਂ ਤੇ ਆ ਕੇ ਰੋਸ ਮੁਜਾਹਰੇ ਕਰਨਗੇ।