ਪੁਲਿਸ ਬੇਖਬਰ, ਇੱਟਾਂ ਰੋਡਿਅਅਂ ਦੀ ਹੋਈ ਬਰਸਾਤ, 2 ਗੱਡੀਆਂ ਦੇ ਸ਼ੀਸ਼ੇ ਚਕਨਾਚੂਰ
ਹਰਿੰਦਰ ਨਿੱਕਾ, ਬਰਨਾਲਾ 7 ਅਕਤੂਬਰ 2022
ਸ਼ਹਿਰ ਅੰਦਰ ਗੁੰਡਾਗਰਦੀ ਦੀ ਉਦੋਂ ਇੰਤਹਾ ਹੋ ਗਈ ਜਦੋਂ, ਧਨੌਲਾ ਰੋਡ ਤੇ ਦੋ ਧਿਰਾਂ ਵਿੱਚ ਸ਼ਰੇਆਮ ਡਾਂਗਾਂ ਖੜ੍ਹਕ ਪਈਆਂ। ਨੌਜਵਾਨਾਂ ਦੇ ਦੋ ਧੜ੍ਹਿਆਂ ਵਿੱਚ ਜਬਰਦਸਤ ਟਾਕਰਾ ਹੋਇਆ, ਸਭ ਤੋਂ ਵਧੇਰੇ ਚਲਦੀ ਸ਼ਹਿਰ ਦੀ ਸੜ੍ਹਕ ਤੇ ਲੰਬਾਂ ਸਮਾਂ ਦੋਵਾਂ ਧਿਰਾਂ ਵਿੱਚ ਆਹਮੋ-ਸਾਹਮਣੇ , ਇੱਕ ਦੂਜੇ ਨੂੰ ਲਲਕਾਰ ਕੇ ਝਗੜਾ ਹੋਇਆ। ਇਲਾਕੇ ਦੇ ਦੁਕਾਨਦਾਰ ਤੇ ਰਾਹਗੀਰ ਵਿੱਚ ਆਪੋ-ਆਪਣੇ ਬਚਾਅ ਲਈ , ਜਿੱਧਰ ਸੁਰੱਖਿਅਤ ਥਾਂ ਵੇਖੀ, ਉੱਧਰ ਹੀ ਲੁੱਕ ਗਏ। ਝਗੜੇ ਦੌਰਾਨ, ਦੋ ਗੱਡੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਗਹਿਗੱਚ ਲੜਾਈ ਦੇ ਬਾਵਜੂਦ, ਪੁਲਿਸ ਮੌਕੇ ਤੇ ਨਹੀਂ ਪਹੁੰਚੀ, ਜਦੋਂਕਿ ਦੋਵੇਂ ਧੜਿਆਂ ਦੇ ਨੌਜਵਾਨ, ਇੱਕ ਦੂਜੇ ਨੂੰ ਫਿਰ ਦੇਖ ਲੈਣ ਦੀਆਂ ਧਮਕੀਆਂ ਦਿੰਦੇ ਹੋਏ, ਸ਼ੀਸ਼ੇ ਟੁੱਟਿਆਂ ਵਾਲੀਆਂ ਗੱਡੀਆਂ ਲੈ ਕੇ ਵਾਰਦਾਤ ਵਾਲੀ ਥਾਂ ਤੋਂ ਫੁਰਰ ਹੋ ਗਏ। ਦਹਿਸ਼ਤ ਵਿੱਚ ਦਿਖਾਈ ਦੇ ਰਹੇ ਘਟਨਾ ਦੇ ਚਸ਼ਮਦੀਦ ਵਿਅਕਤੀਆਂ ਨੇ ਦੱਸਿਆ ਕਿ ਸੋਨਾਲੀਕਾ ਟ੍ਰੈਕਟਰ ਏਜੰਸੀ ਦੇ ਨੇੜੇ ਹੋਈ ਲੜਾਈ , ਵਿੱਚ ਕੁੱਝ ਵਿਅਕਤੀਆਂ ਨੇ ਕੁੱਝ ਹੋਰ ਨੌਜਵਾਨਾਂ ਦੀ ਕੁੱਟਮਾਰ ਕੀਤੀ, ਬਾਅਦ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ, ਵਿਅਕਤੀਆਂ ਨੇ ਆਪਣੇ ਹੋਰ ਸਾਥੀਆਂ ਨੂੰ ਫੋਨ ਕਰਕੇ, ਮੌਕੇ ਵਾਲੀ ਥਾਂ ਤੇ ਬੁਲਾ ਲਿਆ। ਜਿਹੜੇ ਡਾਂਗਾਂ ਸੋਟੀਆਂ ਨਾਲ ਲੈਸ ਹੋ ਕੇ, ਉੱਥੇ ਪਹੁੰਚ ਗਏ ਅਤੇ ਦੂਜੇ ਧੜੇ ਦੇ ਨੌਜਵਾਨਾਂ ਤੇ ਟੁੱਟ ਕੇ ਪੈ ਗਏ। ਕਾਫੀ ਦੇਰ ਤੱਕ ਡਾਂਗਾਂ ਖੜਕਦੀਆਂ ਰਹੀਆਂ ਤੇ ਇੱਟਾਂ ਰੋਡਿਆਂ ਦੀ ਵੀ, ਭਾਰੀ ਬਰਸਾਤ ਹੋਈ। ਰਾਹਗੀਰ ਤੇ ਨੇੜਲੇ ਦੁਕਾਨਦਾਰ, ਰੱਬ ਰੱਬ ਕਰਕੇ,ਹੀ ਆਪਣਾ ਬਚਾਅ ਕਰਨ ਵਿੱਚ ਕਾਮਯਾਬ ਹੋਏ। ਇੱਕ ਦੁਕਾਨ ਦੇ ਕਰਮਚਾਰੀਆਂ ਨੇ ਕਿਹਾ ਕਿ ਆਪਸ ਵਿੱਚ ਭਿੜੇ ਦੋਵੇਂ ਧੜਿਆਂ ਨੇ ਬੇਖੌਫ ਲੜਾਈ ਕੀਤੀ। ਨਾ ਤਾਂ ਕਿਸੇ ਨੂੰ ਇੱਕ ਦੂਜੇ ਦੀ ਜਾਨ ਦੀ ਕੋਈ ਪਰਵਾਹ ਦਿਖੀ ਤੇ ਨਾ ਹੀ, ਪੁਲਿਸ ਪ੍ਰਸ਼ਾਸ਼ਨ ਦਾ ਕੋਈ ਡਰ। ਡਰਦਾ ਮਾਰਾ ਕੋਈ ਵੀ ਵਿਅਕਤੀ ਦੋਵਾਂ ਧੜਿਆਂ ਦੀ ਲੜਾਈ ਨੂੰ ਰੋਕਣ ਲਈ ਵੀ ਭੋਰਾ ਹਿੰਮਤ ਨਹੀਂ ਜੁਟਾ ਸਕਿਆ। ਆਖਿਰ ਦੋਵੇਂ ਧੜ੍ਹਿਆਂ ਦੇ ਨੌਜਵਾਨ, ਖੁਦ ਹੀ ਹੰਭ ਕੇ ਇੱਕ ਦੂਜੇ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ, ਦੋ ਕਾਰਾਂ ਤੇ ਹੋਰ ਦੋ ਪਹੀਆ ਵਾਹਨਾਂ ਤੇ ਡਾਗਾਂ ਸੋਟੀਆਂ ਸਣੇ ਫਰਾਰ ਹੋ ਗਏ। ਬੇਸ਼ੱਕ ਲੜਾਈ ਖੂਨੀ ਰੂਪ ਲੈ ਲਿਆ ਸੀ, ਪਰੰਤੂ ਸਿਵਲ ਹਸਪਤਾਲ ਵਿੱਚ ਖਬਰ ਲਿਖੇ ਜਾਣ ਤੱਕ, ਕੋਈ ਵੀ ਜਖਮੀ ਦਾਖਿਲ ਨਹੀਂ ਸੀ, ਹੋਇਆ। ਆਹਮੋ-ਸਾਹਮਣੇ ਭਿੜੀਆਂ ਦੋਵੇਂ ਧਿਰਾਂ ਕੋਣ ਸਨ ਤੇ ਲੜਾਈ ਕਿਸ ਕਾਰਣ ਹੋਈ ਤੇ ਕਸੂਰਵਾਰ ਕਿਹੜੀ ਧਿਰ ਸੀ, ਇਹ ਸਾਰੇ ਸਵਾਲਾਂ ਦਾ ਜੁਆਬ, ਪੁਲਿਸ ਦੀ ਤਫਤੀਸ਼ ਤੇ ਹੀ ਟਿਕਿਆ ਹੋਇਆ ਹੈ। ਥਾਣਾ ਸਿਟੀ 2 ਬਰਨਾਲਾ ਦੇ ਐਸਐਚੳ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਮਾਮਲੇ ਦੀ ਤਫਤੀਸ਼ ਲਈ, ਏਐਸਆਈ ਬੂਟਾ ਸਿੰਘ ਪੁਲਿਸ ਪਾਰਟੀ ਸਣੇ ਮੌਕਾ ਵਾਰਦਾਤ ਤੇ ਪਹੁੰਚਿਆਂ ਸੀ। ਮੈਂ ਫਿਲਾਹਲ ਬਾਹਰ ਹਾਂ, ਤਫਤੀਸ਼ ਅਧਿਕਾਰੀ ਤੋਂ ਜਾਣਕਾਰੀ ਲੈਣ ਬਾਅਦ ਹੀ, ਵਿਸਥਾਰ ਸਹਿਤ ਜਾਣਕਾਰੀ ਉਪਲੱਭਧ ਕਰਵਾ ਦਿਆਂਗਾ।