ਹਰਿੰਦਰ ਨਿੱਕਾ, ਬਰਨਾਲਾ 7 ਅਕਤੂਬਰ 2022
ਬੇਸ਼ੱਕ ਤਿਉਹਾਰਾਂ ਦਾ ਸੀਜਨ ਹੋਣ ਕਾਰਣ, ਪੁਲਿਸ ਅਧਿਕਾਰੀ, ਸ਼ਹਿਰ ਅੰਦਰ ਮੁਸਤੈਦੀ ਵਧਾਉਣ ਦੇ ਦਾਅਵੇ ਕਰ ਰਹੇ ਹਨ, ਪਰੰਤੂ ਪੁਲਿਸ ਪ੍ਰਸ਼ਾਸ਼ਨ ਦੇ ਇੱਨਾਂ ਦਾਅਵਿਆਂ ਦੀ ਹਵਾ, ਸ਼ਹਿਰ ਅੰਦਰ ਹਰ ਦਿਨ ਵਾਪਰਦੀਆਂ ਵਾਰਦਾਤਾਂ ਕੱਢਦੀਆਂ ਹਨ। ਅੱਜ ਦੁਪਿਹਰ ਦੇ ਸਮੇਂ ਥੋੜ੍ਹੇ ਥੋੜ੍ਹੇ ਵਕਫੇ ਵਿੱਚ ਹੀ, ਦੋ ਘਟਨਾਵਾਂ ਵਾਪਰ ਗਈਆਂ। ਪਹਿਲੀ ਘਟਨਾ ਬਾਅਦ ਦੁਪਿਹਰ ਕਰੀਬ ਡੇਢ ਵਜੇ ਧਨੌਲਾ ਰੋਡ ਤੇ ਦੋ ਧਿਰਾਂ ਦਰਮਿਆਨ ਹੋਏ ਖੂਨੀ ਟਕਰਾਅ ਦੀ ਵਾਪਰੀ, ਜਦੋਂਕਿ ਦੂਜੀ ਘਟਨਾ ਵਿੱਚ ਗੀਤਾ ਭਵਨ ਇਲਾਕੇ ਵਿੱਚੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਭਰੇ ਬਾਜ਼ਾਰ ,ਇੱਕ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੈਨ ਖੋਹ ਕੇ ਰਫੂ ਚੱਕਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਾਜਵਾ ਪੱਤੀ ਬਰਨਾਲਾ ਦੀ ਰਹਿਣ ਵਾਲੀ ਕਾਜਲ ਸਾਇਲ ਪਤਨੀ ਮੋਹਿਤ ਵਰਮਾ ਖਰੀਦਦਾਰੀ ਕਰਨ ਲਈ ਬਜ਼ਾਰ ਆਈ ਹੋਈ ਸੀ, ਜਦੋਂ ਉਹ ਗੀਤਾ ਭਵਨ ਖੇਤਰ ਵੱਲੋਂ ਲੰਘ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ, ਉਸ ਦੇ ਗਲੇ ਵਿੱਚੋਂ ਸੋਨੇ ਦੀ ਚੈਨੀ ਝਪਟ ਕੇ ਫਰਾਰ ਹੋ ਗਏ। ਔਰਤ ਨੇ ਕਾਫੀ ਚੀਕ ਚਿਹਾੜਾ ਪਾਇਆ, ਪਰੰਤੂ ਝਪਟਮਾਰ, ਬੇਖੌਫ ਉੱਥੋਂ ਚਕਮਾ ਦੇ ਕੇ ਭੱਜਣ ਵਿੱਚ ਸਫਲ ਹੋ ਗਏ। ਅੱਜ ਵਾਪਰੀਆਂ ਉਕਤ ਦੋਵੇਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਅੰਦਰ, ਤਿਉਹਾਰੀ ਸੀਜਨ ਦੇ ਮੱਦੇਨਜਰ ਵਧਾਈ ਚੌਕਸੀ ਤੇ ਸਵਾਲੀਆਂ ਚਿੰਨ੍ਹ ਲਗਾ ਦਿੱਤਾ ਹੈ। ਦੋਵਾਂ ਘਟਨਾਵਾਂ ਤੋਂ ਬਾਅਦ, ਦੁਕਾਨਾਦਾਰਾਂ ਤੇ ਆਮ ਸ਼ਹਿਰੀਆਂ ਵਿੱਚ ਖੌਫ ਪੈਦਾ ਹੋ ਗਿਆ ਹੈ ਕਿ ਜਗ੍ਹਾ ਜਗ੍ਹਾ ਲਾਏ ਪੁਲਿਸ ਨਾਕਿਆ,ਪੀਸੀਆਰ ਮੁਲਾਜਮਾਂ ਦੀ ਲਗਾਤਾਰ ਜ਼ਾਰੀ ਗਸ਼ਤ ਦਾ ਵੀ, ਅਪਰਾਧੀਆਂ ਨੂੰ ਕੋਈ ਭੈਅ ਨਹੀਂ ਹੈ। ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ,ਸਾਬਕਾ ਕੌਸਲਰ ਜਸਵਿੰਦਰ ਟਿੱਲੂ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਅਤੇ ਸੂਬਾਈ ਭਾਜਪਾ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਪ੍ਰਸ਼ਾਸ਼ਨ ਤੇ ਕੋਈ ਪਕੜ ਨਹੀਂ ਹੈ। ਹਰ ਦਿਨ ਹੋ ਰਹੀਆਂ ਛੋਟੀਆਂ ਮੋਟੀਆਂ ਘਟਨਾਵਾਂ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਚੋਰ ਉਚੱਕਿਆਂ ਤੇ ਹੋਰ ਅਪਰਾਧੀਆਂ ਤੇ ਪ੍ਰਸ਼ਾਸ਼ਨ ਦੀ ਸਖਤੀ ਬੇਅਸਰ ਹੈ। ਉਨਾਂ ਕਿਹਾ ਕਿ ਜੇਕਰ, ਪੁਲਿਸ ਪ੍ਰਸ਼ਾਸ਼ਨ ਨੇ ਅਪਰਾਧ ਨੂੰ ਠੱਲ੍ਹ ਨਾ ਪਾਈ ਤਾਂ ਫਿਰ ਸ਼ਹਿਰੀ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਜਿਸਦੀ ਪੂਰੀ ਜਿੰਮੇਵਾਰੀ, ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਹੋਵੇਗੀ।