ਝੁੱਗੀਆਂ-ਝੌਂਪੜੀਆਂ ਤੋਂ ਸਕੂਲ ਤੱਕ ਪੁੱਜੇ 70 ਦੇ ਕਰੀਬ ਬੱਚੇ
ਬਰਨਾਲਾ, 6 ਅਕਤੂਬਰ (ਸੋਨੀ)
ਸਿੱਖਿਆ ਤੋਂ ਵਾਂਝੇ ਗ਼ਰੀਬ ਘਰਾਂ ਦੇ ਬੱਚਿਆਂ ਦੇ ਭਵਿੱਖ ਨੂੰ ਵਿੱਦਿਆ ਦੇ ਚਾਨਣ ਨਾਲ ਰੁਸ਼ਨਾਉਣ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ’ਚ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਬਰਨਾਲਾ ਅਨਾਜ ਮੰਡੀ ਦੇ ਝੁੱਗੀਆਂ-ਝੌਂਪੜੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿੱਚ ਦਾਖ਼ਲ ਕੀਤਾ ਗਿਆ ਹੈ।
ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਪੁੱਜ ਕੇ 69 ਬੱਚਿਆਂ ਨੂੰ ਵਰਦੀਆਂ, ਬੂਟ, ਸਟੇਸ਼ਨਰੀ ਤੇ ਰਿਫਰੈਂਸ਼ਮੈਂਟ ਦੀ ਵੰਡ ਕੀਤੀ ਗਈ। ਇਸ ਮੌਕੇ ਸ. ਮੀਤ ਹੇਅਰ ਨੇ ਕਿਹਾ ਕਿ ਉਨਾਂ ਦਾ ਸੁਪਨਾ ਹੈ ਕਿ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਾ ਰਹੇ, ਖਾਸ ਕਰ ਕੇ ਆਰਥਿਕ ਤੌਰ ’ਤੇ ਗ਼ਰੀਬ ਅਤੇ ਸਹੂਲਤਾਂ ਤੋਂ ਵਿਹੂਣੇ ਬੱਚਿਆਂ ਨੂੰ ਸਿੱਖਿਆ ਦੇਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਅਜਿਹੇ ਬੱਚੇ ਉਚੇ ਮੁਕਾਮ ’ਤੇ ਪੁੱਜ ਸਕਣ।
ਉਨਾਂ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਖੇਤਰ ਦਾ ਘਰ ਘਰ ਸਰਵੇਖਣ ਕਰਵਾ ਕੇ ਅਜਿਹੇ ਬੱਚੇ ਜੋ ਕਦੇ ਸਕੂਲਾਂ ਵਿਚ ਨਹੀਂ ਗਏ ਜਾਂ ਪੜਾਈ ਅੱਧ ਵਿਚਾਲੇ ਛੱਡ ਚੁੱਕੇ ਸਨ, ਦੀ ਪਛਾਣ ਕਰਕੇ ਉਨਾਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਬੱਚਿਆਂ ਨੂੰ ਸਕੂਲ ਭੇਜਣ। ਇਨਾਂ ਬੱਚਿਆਂ ਨੂੰ ਰੋਜ਼ਾਨਾ ਸਕੂਲ ਲਿਜਾਣ ਅਤੇ ਘਰ ਛੱਡਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਇਨਾਂ ਬੱਚਿਆਂ ਦਾ ਮਾਨਸਿਕ ਪੱਧਰ ਅਤੇ ਸਿੱਖਿਆ ਦਾ ਪੱਧਰ ਜਾਣਨ ਲਈ ਵਿਸ਼ੇਸ਼ ਤੌਰ ’ਤੇ ਅਧਿਆਪਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਦੇ ਆਧਾਰ ’ਤੇ ਇਨਾਂ ਨੂੰ ਜਮਾਤਾਂ ’ਚ ਦਾਖ਼ਲ ਕੀਤਾ ਜਾਵੇਗਾ।